ਕੇਜਰੀਵਾਲ ਦੇ ਸਿੰਗਾਪੁਰ ਬਾਰੇ ਬਿਆਨ ’ਤੇ ‘ਆਪ’ ਅਤੇ ਭਾਜਪਾ ਮਿਹਣੋਂ-ਮਿਹਣੀ

ਨਵੀਂ ਦਿੱਲੀ ,ਸਮਾਜ ਵੀਕਲੀ: ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਿੰਗਾਪੁਰ ’ਚ ਕਰੋਨਾ ਦਾ ਨਵਾਂ ਸਰੂਪ ਮਿਲਣ ਦਾ ਦਾਅਵਾ ਕਰਦਿਆਂ ਮੁਲਕ ਨਾਲ ਸਾਰੀਆਂ ਹਵਾਈ ਸੇਵਾਵਾਂ ਰੱਦ ਕਰਨ ਦੇ ਟਵੀਟ ਮਗਰੋਂ ਸਿਆਸਤ ਭਖ਼ ਗਈ ਹੈ। ‘ਆਪ’ ਨੇ ਦੋਸ਼ ਲਾਇਆ ਹੈ ਕਿ ਭਾਜਪਾ ਅਤੇ ਉਸ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਮੁਲਕ ਦੇ ਬੱਚਿਆਂ ਦੀ ਸੁਰੱਖਿਆ ਨਾਲੋਂ ਵਿਦੇਸ਼ ’ਚ ਆਪਣੀ ਸਾਖ਼ ਨੂੰ ਲੇ ਕੇ ਫਿਕਰਮੰਦ ਹੈ। ਭਾਜਪਾ ਨੇ ਕੇਜਰੀਵਾਲ ’ਤੇ ਸਿੰਗਾਪੁਰ ’ਚ ਕੋਵਿਡ ਦੇ ਸਰੂਪ ਨੂੰ ਲੈ ਕੇ ਸੰਵਿਧਾਨਕ ਵੈਧਤਾ ਦੀ ਘੋਰ ਉਲੰਘਣਾ ਦਾ ਦੋਸ਼ ਲਾਇਆ ਹੈ। ਦੋਵੇਂ ਧਿਰਾਂ ’ਚ ਸ਼ਬਦੀ ਜੰਗ ਉਸ ਸਮੇਂ ਸ਼ੁਰੂ ਹੋਈ ਜਦੋਂ ਸਿੰਗਾਪੁਰ ਨੇ ਭਾਰਤੀ ਸਫ਼ੀਰ ਨੂੰ ਸੱਦ ਕੇ ਕੇਜਰੀਵਾਲ ਵੱਲੋਂ ਕੀਤੇ ਗਏ ਟਵੀਟ ’ਤੇ ਤਿੱਖਾ ਇਤਰਾਜ਼ ਜਤਾਇਆ। ਇਸ ਮਗਰੋਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਭਾਰਤ ਲਈ ਨਹੀਂ ਬੋਲਦੇ ਹਨ ਅਤੇ ਉਨ੍ਹਾਂ ਦੇ ਗ਼ੈਰਜ਼ਿੰਮੇਵਾਰਾਨਾ ਬਿਆਨ ਮੁਲਕਾਂ ਨਾਲ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਬੰਧਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ

ਭਾਜਪਾ ਤਰਜਮਾਨ ਗੌਰਵ ਭਾਟੀਆ ਨੇ ਕਿਹਾ,‘‘ਵਿਦੇਸ਼ ਨੀਤੀ ਦੇ ਮਾਮਲਿਆਂ ’ਚ ਦਖ਼ਲਅੰਦਾਜ਼ੀ ਕਿਸੇ ਸੂਬੇ ਦਾ ਵਿਸ਼ਾ ਨਹੀਂ ਹੈ ਅਤੇ ਇਹ ਸੰਵਿਧਾਨਕ ਵੈਧਤਾ ਦੀ ਘੋਰ ਉਲੰਘਣਾ ਦੇ ਤੁੱਲ ਹੈ।’’ ਉਨ੍ਹਾਂ ਦੋਸ਼ ਲਾਇਆ ਕਿ  ਕੇਜਰੀਵਾਲ ਨੇ ਆਪਣੇ ਗ਼ੈਰਜ਼ਿੰਮੇਵਾਰਨਾ ਟਵੀਟ ਨਾਲ ਭਾਰਤ ਦੇ ਅਕਸ ਦੀ ਕੀਮਤ ’ਤੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕਿਸੇ ਨਾ ਕਿਸੇ ਮੁੱਦੇ ’ਤੇ ਰੌਲਾ ਪਾਉਂਦੇ ਰਹਿੰਦੇ ਹਨ ਤਾਂ ਜੋ ਕੋਵਿਡ-19 ਮਹਾਮਾਰੀ ਨਾਲ ਸਿੱਝਣ ’ਚ ਉਨ੍ਹਾਂ ਦੀ ਨਾਕਾਮੀ ’ਤੇ ਕੋਈ ਵੀ ਸਵਾਲ ਖੜ੍ਹਾ ਨਾ ਕਰ ਸਕੇ। ਸ੍ਰੀ ਭਾਟੀਆ ਨੇ ਕਿਹਾ ਕਿ ਕੇਜਰੀਵਾਲ ਨੇ ਦੁਚਿੱਤੀ ਅਤੇ ਅਰਾਜਕਤਾ ਫੈਲਾਉਣ ਲਈ ਆਪਣੀ ਟੂਲਕਿੱਟ ਪੇਸ਼ ਕੀਤੀ ਹੈ ਅਤੇ ਇੰਜ ਜਾਪਦਾ ਹੈ ਕਿ ਉਹ ਮੁਲਕ ਨੂੰ ਅਸਥਿਰ ਕਰਨ ਤੇ ਕੂੜ ਪ੍ਰਚਾਰ ਕਰਨ ਲਈ ਕਾਂਗਰਸ ਨਾਲ ਮੁਕਾਬਲਾ ਕਰ ਰਹੇ ਹਨ।

ਆਮ ਆਦਮੀ ਪਾਰਟੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕੇਜਰੀਵਾਲ ਦੇ ਬਿਆਨ ਦਾ ਬਚਾਅ ਕੀਤਾ। ਸ੍ਰੀ ਸਿਸੋਦੀਆ ਨੇ ਕਿਹਾ,‘‘ਜਿੰਨੀ ਕਾਹਲੀ ਨਾਲ ਸਾਡੇ ਵਿਦੇਸ਼ ਮੰਤਰਾਲੇ ਨੇ ਕੇਜਰੀਵਾਲ ਦੇ ਬਿਆਨ ’ਤੇ ਪ੍ਰਤੀਕਰਮ ਦਿੱਤਾ ਹੈ, ਉਸੇ ਤੇਜ਼ੀ ਨਾਲ ਜੇਕਰ ਉਸ ਨੇ ਹੋਰ ਮੁਲਕਾਂ ਤੋਂ ਵੈਕਸੀਨ ਖ਼ਰੀਦੀ ਹੁੰਦੀ ਤਾਂ ਮੁਲਕ ਦੇ ਲੋਕਾਂ ਅਤੇ ਬੱਚਿਆਂ ਨੂੰ ਵੈਕਸੀਨ ਉਪਲੱਬਧ ਹੋਣੀ ਸੀ।’’ ਉਨ੍ਹਾਂ ਕਿਹਾ ਕਿ ਵਿਦੇਸ਼ ’ਚ ਆਪਣੇ ਅਕਸ ਨੂੰ ਸੁਧਾਰਨ ਅਤੇ ਸਿਆਸਤ ਖੇਡਣ ਦੀ ਬਜਾਏ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਨੂੰ ਬੱਚਿਆਂ ਦੇ ਟੀਕਾਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ‘ਕੇਜਰੀਵਾਲ ਨੇ ਸਿੰਗਾਪੁਰ ਸਟ੍ਰੇਨ ਅਤੇ ਬੱਚਿਆਂ ਦੀ ਗੱਲ ਕੀਤੀ ਹੈ। ਮੁੱਦਾ ਸਿੰਗਾਪੁਰ ਨਹੀਂ ਸਗੋਂ ਸਾਡੇ ਮੁਲਕ ਦੇ ਬੱਚਿਆਂ ਦੀ ਸੁਰੱਖਿਆ ਹੈ।’

ਉਪ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵਿਗਿਆਨੀਆਂ ਅਤੇ ਡਾਕਟਰਾਂ ਨੇ ਲੰਡਨ ਦੇ ਕਰੋਨਾ ਸਰੂਪ ਬਾਰੇ ਚੌਕਸ ਕੀਤਾ ਸੀ ਤਾਂ ਕੇਂਦਰ ਕੋਈ ਕਦਮ ਉਠਾਉਣ ’ਚ ਨਾਕਾਮ ਰਿਹਾ ਜਿਸ ਕਾਰਨ ਭਾਰਤ ’ਚ ਵੱਡੀ ਗਿਣਤੀ ’ਚ ਮੌਤਾਂ ਹੋਈਆਂ। ਸ੍ਰੀ ਜੈਨ ਨੇ ਵੀ ਦਾਅਵਾ ਕੀਤਾ ਕਿ ਸਿੰਗਾਪੁਰ ’ਚ ਕਰੋਨਾਵਾਇਰਸ ਦਾ ਵੱਖਰਾ ਸਰੂਪ ਫੈਲ ਰਿਹਾ ਹੈ। ਇਸ ਤੋਂ ਪਹਿਲਾਂ ਸਿੰਗਾਪੁਰ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਮੁਲਕ ’ਚ ਕਰੋਨਾ ਦਾ ਕੋਈ ਨਵਾਂ ਸਰੂਪ ਨਹੀਂ ਹੈ ਅਤੇ ਪਿਛਲੇ ਕੁਝ ਹਫ਼ਤਿਆਂ ’ਚ ਮਿਲੇ ਕਰੋਨਾ ਦੇ   ਜ਼ਿਆਦਾਤਰ ਕੇਸ ਬੀ.1.617.2 ਕਿਸਮ ਦੇ ਹਨ। ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤੀ ਹਾਈ ਕਮਿਸ਼ਨ ਨੇ ਸਿੰਗਾਪੁਰ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਕੋਵਿਡ ਦੇ ਸਰੂਪਾਂ ਬਾਰੇ ਬਿਆਨ ਦੇਣ ਲਈ ਦਿੱਲੀ ਦੇ ਮੁੱਖ ਮੰਤਰੀ ਅਧਿਕਾਰਿਤ ਨਹੀਂ ਹਨ।

ਸਿੰਗਾਪੁਰ ਨੇ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਸਪੱਸ਼ਟੀਕਰਨ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਕਿਹਾ ਕਿ ਗੁੰਮਰਾਹਕੁਨ ਬਿਆਨਾਂ ’ਤੇ ਸਿੰਗਾਪੁਰ ’ਚ ਰੋਕ ਲਾਉਣ ਦੇ ਕਾਨੂੰਨ ਹਨ ਅਤੇ ਉਹ ਇਸ ਦੀ ਵਰਤੋਂ ਕਰ ਸਕਦੇ ਹਨ। ਭਾਰਤ ’ਚ ਸਿੰਗਾਪੁਰ ਦੇ ਹਾਈ ਕਮਿਸ਼ਨ ਸਿਮੋਨ ਵੌਂਗ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਇਸ ਮੰਦਭਾਗੀ ਘਟਨਾ ’ਤੇ ਹੁਣ ਪਰਦਾ ਪਾ ਕੇ ਮਹਾਮਾਰੀ ਨਾਲ ਰਲ ਕੇ ਨਜਿੱਠਣ ’ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹੈ। ਉਧਰ ਸਿੰਗਾਪੁਰ ’ਚ ਸੋਸ਼ਲ ਸਾਈਟਾਂ ’ਤੇ ਕੇਜਰੀਵਾਲ ਦੇ ਬਿਆਨ ਦੀ ਨਿਖੇਧੀ ਹੋ ਰਹੀ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਉਹ ਮੁਆਫ਼ੀ ਮੰਗਣ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਦੀ ਨੇ ਤੂਫ਼ਾਨ ਪ੍ਰਭਾਵਿਤ ਗੁਜਰਾਤ ਲਈ ਇਕ ਹਜ਼ਾਰ ਕਰੋੜ ਦੀ ਰਾਹਤ ਐਲਾਨੀ
Next articleArmy saves 2 persons from drowning in Kashmir