ਫਰਜ਼ੀ ਦਸਤਾਵੇਜ਼ ਤਿਆਰ ਕਰ ਕੇ ਲਿਆ 35 ਲੱਖ ਦਾ ਕਰਜ਼, ਪਟਵਾਰੀ ਸਣੇ ਚਾਰ ਲੋਕਾਂ ਖਿਲਾਫ਼ ਕੇਸ ਦਰਜ

ਸੁਲਤਾਨਪੁਰ ਲੋਧੀ   ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ,ਸਮਾਜ ਵੀਕਲੀ:  ਥਾਣਾ ਕਬੀਰਪੁਰ ਦੀ ਪੁਲਿਸ ਨੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਬੈਂਕ ਤੋਂ ਕਰਜ਼ਾ ਲੈਣ ਦੇ ਮਾਮਲੇ ’ਚ ਹਲਕਾ ਪਟਵਾਰੀ ਸਣੇ ਚਾਰ ਵਿਅਕਤੀਆਂ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਫਿਲਹਾਲ ਕਿਸੇ ਮੁਲਜ਼ਮ ਦੀ ਹਾਲੇ ਗ੍ਰਿਫ਼ਤਾਰੀ ਨਹੀਂ ਹੋਈ ਹੈ ਜਦਕਿ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ ਦੇ ਸਟੇਟ ਬੈਂਕ ਆਫ਼ ਇੰਡੀਆ ਦੇ ਮੈਨੇਜਰ ਮਾਨਵ ਮਹਾਜਨ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਕਿ ਜਰਨੈਲ ਸਿੰਘ ਪੁੱਤਰ ਬਚਨ ਸਿੰਘ ਤੇ ਉਸ ਦਾ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਭਾਗੋਬੁਢਾ, ਥਾਣਾ ਕਬੀਰਪੁਰ ਨੇ ਉਨ੍ਹਾਂ ਦੇ ਬੈਂਕ ’ਚ 35 ਲੱਖ ਰੁਪਏ ਦੀ ਲਿਮਿਟ ਬਣਵਾਈ ਤੇ ਉਸ ’ਤੇ 35 ਲੱਖ ਰੁਪਏ ਦਾ ਕਰਜ਼ਾ ਮਨਜ਼ੂਰ ਕਰਵਾ ਲਿਆ। ਕੁਝ ਸਮੇਂ ਬਾਅਦ ਜਦੋਂ ਲਿਮਿਟ ਦੀ ਜਾਂਚ ਕੀਤੀ ਗਈ ਤਾਂ ਉਸ ’ਚ ਲੱਗੇ ਦਸਤਾਵੇਜ਼ ਜਾਅਲੀ ਪਾਏ ਗਏ ਤੇ ਜਾਂਚ ’ਚ ਇਹ ਵੀ ਗੱਲ ਸਾਹਮਣੇ ਆਈ ਕਿ ਜਾਅਲੀ ਦਸਤਾਵੇਜ਼ ਬਣਾਉਣ ’ਚ ਖੇਤਰੀ ਪਟਵਾਰੀ ਬਖ਼ਸ਼ੀਸ਼ ਸਿੰਘ ਤੇ ਪਿੰਡ ਦੇ ਨੰਬਰਦਾਰ ਕਸ਼ਮੀਰ ਲਾਲ ਦਾ ਵੀ ਹੱਥ ਹੈ।

ਇਨ੍ਹਾਂ ਲੋਕਾਂ ਨੇ ਕਰਜ਼ੇ ਦਾ ਅੱਧਾ ਹਿੱਸਾ ਮੋਡ ਦਿੱਤਾ ਪਰ ਬਾਕੀ ਰਕਮ ਪਿਓ-ਪੁੱਤ ਨੇ ਬੈਂਕ ਨੂੰ ਨਹੀਂ ਮੋੜੀ ਤਾਂ ਇਸ ਕਾਰਨ ਬੈਂਕ ਮੈਨੇਜਰ ਨੇ ਪਿਓ-ਪੁੱਤਰ ’ਤੇ ਜਾਅਲੀ ਦਸਤਾਵੇਜ਼ ਪੇਸ਼ ਕਰ ਕੇ ਕਰਜ਼ਾ ਲੈਣ ਦੇ ਦੋਸ਼ ’ਚ ਵਧੀਕ ਸਿਵਲ ਜੱਜ ਸੀਨੀਅਰ ਡਵੀਜ਼ਨ ਮਹੇਸ਼ ਕੁਮਾਰ ਦੀ ਅਦਾਲਤ ’ਚ ਕੇਸ ਕਰ ਦਿੱਤਾ। ਅਦਾਲਤ ਨੇ ਜਾਂਚ ਮਗਰੋਂ ਚਾਰੇ ਮੁਲਜ਼ਮਾਂ ਖ਼ਿਲਾਫ਼ ਲੱਗੇ ਦੋਸ਼ ਸਹੀ ਪਾਏ ਤੇ ਚਾਰਾਂ ’ਤੇ ਉਪਰੋਕਤ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਹਦਾਇਤ ਕਰ ਦਿੱਤੀ।

ਇਸ ਦੇ ਬਾਅਦ ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਉਕਤ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਜੱਗਾ ਸਿੰਘ ਨੇ ਦੱਸਿਆ ਕਿ ਪਿਓ-ਪੁੱਤਰ ਨੇ 35 ਲੱਖ ਰੁਪਏ ਦੀ ਲਿਮਿਟ ਬਣਾਈ ਸੀ। ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਬੈਂਕ ਨੂੰ ਉਨ੍ਹਾਂ 20 ਲੱਖ ਰੁਪਏ ਮੋੜ ਦਿੱਤੇ ਹਨ। 15 ਲੱਖ ਦੀ ਬਾਕੀ ਰਾਸ਼ੀ ਵਿਆਜ ਸਣੇ 19 ਲੱਖ ਹੋ ਗਈ ਹੈ, ਜਿਸ ਨੂੰ ਵਾਪਸ ਨਹੀਂ ਕੀਤਾ ਗਿਆ। ਕਰਜ਼ਾ ਲੈਣ ਲਈ ਮੁਲਜ਼ਮਾਂ ਨੇ ਕਿਹੜੇ-ਕਿਹੜੇ ਜਾਅਲੀ ਦਸਤਾਵੇਜ਼ ਲਗਾਏ ਸਨ, ਪੁਲਿਸ ਹਾਲੇ ਉਨ੍ਹਾਂ ਜਾਅਲੀ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੌਲੀਪੌਪ
Next articleਖ਼ਾਲੀ ਜੇਬਾਂ