ਮੁੰਬਈ/ਅਹਿਮਦਾਬਾਦ ,ਸਮਾਜ ਵੀਕਲੀ: ਅਰਬ ਸਾਗਰ ਨਾਲ ਲੱਗਦੇ ਮੁੰਬਈ ਦੇ ਸਾਹਿਲਾਂ ਨਾਲ ਚੱਕਰਵਾਤੀ ਤੂਫ਼ਾਨ ਤਾਊਤੇ ਦੇ ਟਕਰਾਉਣ ਮਗਰੋਂ ਰੁੜ੍ਹੀਆਂ ਦੋ ਬੇੜੀਆਂ ਤੇ ਇੱਕ ਤੇਲ ਸੋਧਕ ਇਕਾਈ ਦੇ ਮੁਲਾਜ਼ਮਾਂ ’ਚੋਂ 317 ਜਣਿਆਂ ਨੂੰ ਭਾਰਤੀ ਜਲ ਸੈਨਾ ਤੇ ਤੱਟ ਰੱਖਿਅਕਾਂ ਨੇ ਹੁਣ ਤੱਕ ਬਚਾਅ ਲਿਆ ਹੈ ਜਦਕਿ ਤੂਫ਼ਾਨ ਕਾਰਨ ਮੁੰਬਈ ’ਚ ਤਿੰਨ, ਠਾਣੇ ਤੇ ਪਾਲਘਰ ’ਚ ਪੰਜ ਅਤੇ ਰਾਏਗੜ੍ਹ ’ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਉੱਧਰ ਗੁਜਰਾਤ ’ਚ ਤਾਊਤੇ ਕਾਰਨ ਵਾਪਰੀਆਂ ਵੱਖ ਵੱਖ ਘਟਨਾਵਾਂ ’ਚ ਘੱਟ ਤੋਂ ਘੱਟ 13 ਲੋਕਾਂ ਦੀ ਮੌਤ ਹੋ ਗਈ ਜਦਕਿ ਇਸ ਕਾਰਨ ਤੱਟੀ ਇਲਾਕੇ ਭਾਰੀ ਨੁਕਸਾਨ ਹੋਇਆ ਹੈ।
ਜਲ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨ ਚੱਕਰਵਾਤੀ ਤੂਫ਼ਾਨ ਕਾਰਨ ਤਿੰਨ ਬੇੜੀਆਂ ਤੇ ਇੱਕ ਤੇਲ ਸੋਧਕ ਇਕਾਈ ਰੁੜ੍ਹਨ ਕਾਰਨ 707 ਵਿਅਕਤੀ ਲਾਪਤਾ ਹੋ ਗਏ ਗਏ ਸਨ। ਲਾਪਤਾ ਹੋਏ ਵਿਅਕਤੀਆਂ ’ਚ ਬੇੜੀ ਨੰਬਰ ਪੀ-305, ਐੱਸਐੱਸ-3, ਜੀਏਐੱਨ ਕੰਸਟ੍ਰੱਕਟਰ ਅਤੇ ਸਾਗਰ ਭੂਸ਼ਨ ਆਇਲ ਰਿਗ ਦੇ ਮੁਲਾਜ਼ਮ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਅੱਜ ਜੋ 410 ਜਣੇ ਬਚਾਏ ਗਏ ਹਨ ਉਨ੍ਹਾਂ ਜੀਏਐੱਲ ਕੰਸਟ੍ਰਕਟਰ ਦੇ 137 ਮੁਲਾਜ਼ਮ ਤੇ ਬੇੜੀ ਨੰਬਰ ਪੀ-305 ’ਤੇ ਸਵਾਰ 273 ਜਣੇ ਸ਼ਾਮਲ ਹਨ ਜਦਕਿ ਐੱਸਐੱਸ-3 ਤੇ ਸਾਗਰ ਭੂਸ਼ਨ ਆਇਲ ਰਿਗ ਦੇ ਮੁਲਾਜ਼ਮਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਇਸ ਬਚਾਅ ਕਾਰਜ ’ਚ ਤੱਟ ਰੱਖਿਅਕਾਂ ਦੇ ਤਿੰਨ ਚੇਤਕ ਹੈਲੀਕਾਪਟਰ ਲੱਗੇ ਹੋਏ ਹਨ। ਇਸ ਤੋਂ ਪਹਿਲਾਂ ਅਧਿਕਾਰੀ ਨੇ ਕਿਹਾ ਕਿ ਬੇੜੀ ਨੰਬਰ ਪੀ-305 ’ਚ ਮੌਜੂਦ 60 ਜਣਿਆਂ ਨੂੰ ਰਾਤ 11 ਵਜੇ ਤੱਕ ਅਤੇ ਬਾਕੀਆਂ ਨੂੰ ਸਾਰੀ ਰਾਤ ਚੱਲੇ ਬਚਾਅ ਕਾਰਜ ਦੌਰਾਨ ਬਚਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਤਨਾਗਿਰੀ ਤੇ ਸਿੰਧਦੁਰਗ ਜ਼ਿਲ੍ਹਿਆਂ ’ਚ 18.43 ਲੱਖ ਖਪਤਕਾਰਾਂ ਦੀ ਬਿਜਲੀ ਸਪਲਾਈ ’ਚ ਅੜਿੱਕਾ ਪੈ ਗਿਆ ਹੈ ਜਿਸ ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਉੱਧਰ ਚੱਕਰਵਾਤੀ ਤੂਫ਼ਾਨ ਕਾਰਨ ਲੰਘੇ ਚੌਵੀ ਘੰਟਿਆਂ ਅੰਦਰ ਮੁੰਬਈ ’ਚ ਤਿੰਨ ਜਣਿਆਂ ਦੀ ਮੌਤ ਹੋ ਗਈ ਤੇ 10 ਹੋਰ ਜ਼ਖ਼ਮੀ ਹੋ ਗਏ ਜਦਕਿ ਠਾਣੇ ਤੇ ਪਾਲਘਰ ਜ਼ਿਲ੍ਹਿਆਂ ’ਚ ਵੱਖ ਵੱਖ ਘਟਨਾਵਾਂ ’ਚ ਪੰਜ ਜਣਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ’ਚ ਬੀਤੇ ਦਿਨ ਤੋਂ ਉੱਚੀਆਂ ਲਹਿਰਾਂ ਉੱਠ ਰਹੀਆਂ ਸਨ ਅਤੇ ਚੌਪਾਟੀ, ਮੈਰੀਨ ਡਰਾਈਵ ਤੇ ਗੇਟਵੇਅ ਆਫ ਇੰਡੀਆ ਕੋਲ ਕਈ ਟਨ ਕਚਰਾ ਜਮ੍ਹਾਂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਤਾਊਤੇ ਨੇ ਇਤਿਹਾਸਕ ‘ਗੇਟਵੇਅ ਆਫ ਇੰਡੀਆ’ ਨੂੰ ਸੁਰੱਖਿਆ ਦੇਣ ਵਾਲੀਆਂ ਕੰਧਾਂ ਤੇ ਲੋਹੇ ਦੀਆਂ ਰਾਡਾਂ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਨੇੜੇ ਲੱਗੇ ਕੁਝ ਪੱਥਰ ਵੀ ਉੱਖੜ ਗਏ ਹਨ।
ਉੱਧਰ ਗੁਜਰਾਤ ’ਚ ਚੱਕਰਵਾਤੀ ਤੂਫ਼ਾਨ ਤਾਊਤੇ ਕਾਰਨ ਵਾਪਰੀਆਂ ਵੱਖ ਵੱਖ ਘਟਨਾਵਾਂ ’ਚ ਘੱਟ ਤੋਂ ਘੱਟ 13 ਲੋਕਾਂ ਦੀ ਮੌਤ ਹੋ ਗਈ ਜਦਕਿ ਇਸ ਕਾਰਨ ਤੱਟੀ ਇਲਾਕੇ ਭਾਰੀ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਵਿਜੈ ਰੁਪਾਨੀ ਨੇ ਕਿਹਾ ਕਿ ਚੱਕਰਵਾਤੀ ਤੂਫ਼ਾਨ ਕਾਰਨ 16 ਹਜ਼ਾਰ ਤੋਂ ਵੱਧ ਘਰਾਂ ਨੂੰ ਨੁਕਸਾਨ ਪੁੱਜਾ ਹੈ ਜਦਕਿ 40 ਹਜ਼ਾਰ ਤੋਂ ਵੱਧ ਰੁੱਖ ਤੇ ਇੱਕ ਹਜ਼ਾਰ ਤੋਂ ਵੱਧ ਬਿਜਲੀ ਦੇ ਖੰਭੇ ਡਿੱਗ ਗਏ ਹਨ। ਮੁੱਖ ਮੰਤਰੀ ਨੇ ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਪਹੁੰਚ ਕੇ ਚੱਕਰਵਾਤੀ ਤੂਫ਼ਾਨ ਕਾਰਨ ਸੂਬੇ ’ਚ ਬਣੇ ਹਾਲਾਤ ਦਾ ਜਾਇਜ਼ਾ ਵੀ ਲਿਆ।
ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ ਚੱਕਰਵਾਤੀ ਤੂਫ਼ਾਨ ਤਾਊਤੇ ਲੰਘੀ ਅੱਧੀ ਰਾਤ ਮਗਰੋਂ ਸੌਰਾਸ਼ਟਰ ਇਲਾਕੇ ਦੇ ਦੀਪ ਤੇ ਊਨਾ ਵਿਚਾਲੇ ਗੁਜਰਾਤ ਤੱਟ ਨਾਲ ਟਕਾਉਣ ਮਗਰੋਂ ਕਮਜ਼ੋਰ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਗੁਜਰਾਤ ਤੱਟ ਤੋਂ ਬਹੁਤ ਤੇਜ਼ ਚੱਕਰਵਾਤੀ ਤੂਫ਼ਾਨ ਦੇ ਰੂਪ ’ਚ ਲੰਘਿਆ ਤੇ ਹੌਲੀ ਹੌਲੀ ਕਮਜ਼ੋਰ ਪੈ ਗਿਆ। ਉੱਧਰ ਅਧਿਕਾਰੀਆਂ ਨੇ ਦੱਸਿਆ ਕਿ ਚੱਕਰਵਾਤੀ ਤੂਫ਼ਾਨ ਕਾਰਨ ਘੱਟ ਤੋਂ ਘੱਟ ਸੱਤ ਜਣਿਆਂ ਦੀ ਮੌਤ ਗਈ ਹੈ। ਉਨ੍ਹਾਂ ਦੱਸਿਆ ਕਿ ਭਾਵਨਗਰ ’ਚ ਤਿੰਨ ਤੇ ਰਾਜਕੋਟ, ਪਾਟਨ, ਅਮਰੇਲੀ ਤੇ ਵਲਸਾਡ ’ਚ ਇੱਕ-ਇੱਕ ਮੌਤ ਹੋਈ ਹੈ। ਇਸੇ ਦੌਰਾਨ ਭਾਰਤੀ ਤੱਟ ਰੱਖਿਅਕਾਂ ਨੇ ਗੁਜਰਾਤ ਦੀ ਵੇਰਾਵਲ ਬੰਦਰਗਾਹ ਨੇੜੇ ਸਮੁੰਦਰ ’ਚ ਫਸੀ ਬੇੜੀ ’ਚ ਸਵਾਰ ਅੱਠ ਮਛੇਰੇ ਅੱਜ ਬਚਾਏ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly