ਅਗਲੇ 15 ਦਿਨਾਂ ’ਚ ਰਾਜਾਂ ਤੇ ਯੂਟੀ’ਜ਼ ਨੂੰ ਮਿਲੇਗੀ 192 ਲੱਖ ਵੈਕਸੀਨ

ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਉਹ 16 ਤੋਂ 31 ਮਈ ਦੌਰਾਨ ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵੀਸ਼ੀਲਡ ਤੇ ਕੋਵੈਕਸੀਨ ਦੀਆਂ ਕੁੱਲ ਮਿਲਾ ਕੇ 191.99 ਲੱਖ ਖੁਰਾਕਾਂ ਬਿਲਕੁਲ ਮੁਫ਼ਤ ਸਪਲਾਈ ਕਰੇਗਾ। ਮੰਤਰਾਲੇ ਨੇ ਕਿਹਾ ਕਿ ਵੈਕਸੀਨਾਂ ਦੀ ਡਲਿਵਰੀ ਸਬੰਧੀ ਸ਼ਡਿਊਲ ਅਗਾਊਂ ਸਾਂਝਾ ਕੀਤਾ ਜਾਵੇਗਾ। ਮੰਤਰਾਲੇ ਨੇ ਰਾਜਾਂ ਤੇ ਯੂਟੀਜ਼ ਨੂੰ ਕਿਹਾ ਕਿ ਉਹ ਅਲਾਟ ਕੀਤੀਆਂ ਖੁਰਾਕਾਂ ਦੀ ਸੁਚੱਜੀ ਵਰਤੋਂ ਕਰਨ ਤੇ ਇਹ ਯਕੀਨੀ ਬਣਾਉਣ ਕਿ ਘੱਟ ਤੋਂ ਘੱਟ ਵੈਕਸੀਨਾਂ ਖਰਾਬ ਹੋਣ।

ਮੰਤਰਾਲੇ ਵੱਲੋਂ ਅਗਲੇ 15 ਦਿਨਾਂ ਲਈ ਅਲਾਟ ਕੀਤੀਆਂ ਜਾਣ ਵਾਲੀਆਂ 191.99 ਲੱਖ ਖੁਰਾਕਾਂ ’ਚੋਂ 162.5 ਲੱਖ ਕੋਵੀਸ਼ੀਲਡ ਤੇ 29.49 ਲੱਖ ਕੋਵੈਕਸੀਨ ਦੀਆਂ ਹਨ। ਮੰਤਰਾਲੇ ਨੇ ਕਿਹਾ ਕਿ ਰਾਜਾਂ ਤੇ ਯੂਟੀਜ਼ ਨੂੰ ਮੁਫਤ ਵੈਕਸੀਨ ਖੁਰਾਕਾਂ ਦੀ ਮਿਕਦਾਰ ਬਾਰੇ ਅਗਾਊਂ ਸੂਚਿਤ ਕਰਨ ਦਾ ਮੁੱਖ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਆਪਣੀ ਤਿਆਰੀਆਂ ਨੂੰ ਪੂਰਾ ਰੱਖਣ।

ਮੰਤਰਾਲੇ ਨੇ ਕਿਹਾ ਕਿ 1 ਤੋਂ 15 ਮਈ ਦੇ ਅਰਸੇ ਦੌਰਾਨ ਕੇਂਦਰ ਰਾਜਾਂ ਤੇ ਯੂਟੀਜ਼ ਨੂੰ 1.7 ਕਰੋੜ ਤੋਂ ਵੱਧ ਖੁਰਾਕਾ ਮੁਹੱਈਆ ਕਰਵਾ ਚੁੱਕਾ ਹੈ। ਮੰਤਰਾਲੇ ਮੁਤਾਬਕ ਅੱਜ ਸਵੇਰੇ ਸੱਤ ਵਜੇ ਤੱਕ 17.93 ਕਰੋੜ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਟੀਕੇ ਲਾੲੇ ਜਾ ਚੁੱਕੇ ਹਨ। ਆਲਮੀ ਪੱਧਰ ’ਤੇ ਭਾਰਤ ਪਹਿਲਾ ਮੁਲਕ ਹੈ ਜਿਸ ਨੇ ਸਭ ਤੋਂ ਵੱਧ ਤੇਜ਼ੀ ਨਾਲ (114 ਦਿਨਾਂ ’ਚ) 17 ਕਰੋੜ ਖੁਰਾਕਾਂ ਲਾਉਣ ਦੇ ਟੀਚੇ ਨੂੰ ਪੂਰਾ ਕੀਤਾ ਹੈ। ਅਮਰੀਕਾ ਤੇ ਚੀਨ ਨੂੰ ਇੰਨੀਆਂ ਹੀ ਖੁਰਾਕਾਂ ਲਾਉਣ ਲਈ ਕ੍ਰਮਵਾਰ 115 ਤੇ 119 ਦਿਨ ਲੱਗੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵਾਂ ਕਾਰਨਾਮਾ: ਮ੍ਰਿਤਕ ਨੂੰ ਬੈੱਡ ਮਿਲਿਆ, ਜਿਊਂਦੇ ਨੂੰ ਜ਼ਮੀਨ
Next articleਸੀਬੀਐੱਸਈ ਵੱਲੋਂ 12ਵੀਂ ਦੀ ਪ੍ਰੀਖਿਆ ਬਾਰੇ ਅਜੇ ਕੋਈ ਫ਼ੈਸਲਾ ਨਹੀਂ