ਮਹਾਮਾਰੀ ਅਤੇ ਚੋਣਾਂ ਮਗਰੋਂ ਹਿੰਸਾ ਦੀਆਂ ਦੋਹਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹੈ ਬੰਗਾਲ: ਧਨਖੜ

ਕੂਚ ਬਿਹਾਰ (ਸਮਾਜ ਵੀਕਲੀ) : ਪੱਛਮੀ ਬੰਗਾਲ ਵਿੱਚ ਆਪਣੀ ਮਰਜ਼ੀ ਨਾਲ ਵੋਟਾਂ ਪਾਉਣ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤੇ ਜਾਣ ਦਾ ਦਾਅਵਾ ਕਰਦਿਆਂ ਸੂਬੇ ਦੇ ਰਾਜਪਾਲ ਜਗਦੀਪ ਧਨਖੜ ਨੇ ਕਿਹਾ ਕਿ ਇਸ ਸਮੇਂ ਜਦੋਂ ਮੁਲਕ ਕੋਵਿਡ ਸੰਕਟ ਨਾਲ ਜੂਝ ਰਿਹਾ ਹੈ, ਉੱਥੇ ਸੂਬਾ ਮਹਾਮਾਰੀ ਅਤੇ ਚੋਣਾਂ ਮਗਰੋਂ ਹਿੰਸਾ ਦੀਆਂ ਦੋਹਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਮਗਰੋਂ ਹਮਲੇ ਦੀਆਂ ਘਟਨਾਵਾਂ ਤੋਂ ਹੈਰਾਨ ਸਨ ਅਤੇ ਉਨ੍ਹਾਂ ਲੋਕਾਂ ਦੇ ਹਿੱਤ ’ਚ ਚੋਣਾਂ ਮਗਰੋਂ ਹਿੰਸਾ ਕਾਰਨ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦਾ ਫ਼ੈਸਲਾ ਕੀਤਾ।

ਕੂਚ ਬਿਹਾਰ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਦਾ ਦੌਰਾ ਕਰਦਿਆਂ ਰਾਜਪਾਲ ਸ੍ਰੀ ਧਨਖੜ ਨੇ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਸਰਕਾਰ ਨੂੰ ਇਹ ਗੱਲ ਯਕੀਨੀ ਬਣਾਉਣੀ ਚਾਹੀਦੀ ਹੈ ਕਿ ਜਿਨ੍ਹਾਂ ਲੋਕਾਂ ਨੇ ਵੀ ਕਾਨੂੰਨ ਨੂੰ ਹੱਥ ’ਚ ਲਿਆ, ਉਨ੍ਹਾਂ ਨੂੰ ਨਿਆਂ ਦੇ ਸ਼ਿਕੰਜੇ ’ਚ ਲਿਆਂਦਾ ਜਾਵੇ। ਵਿਰੋਧੀ ਪਾਰਟੀ ਭਾਜਪਾ ਦਾ ਦੋਸ਼ ਹੈ ਕਿ ਤ੍ਰਿਣਮੂਲ ਕਾਂਗਰਸ ਉਸਦੇ ਕਾਰਕੁਨਾਂ ਤੇ ਸਮਰਥਕਾਂ ਖ਼ਿਲਾਫ਼ ਹਿੰਸਾ ਕਰ ਰਹੀ ਹੈ ਹਾਲਾਂਕਿ ਸੱਤਾਧਾਰੀ ਪਾਰਟੀ ਨੇ ਇਨ੍ਹਾਂ ਦੋਸ਼ਾਂ ਤੋਂ ਸਾਫ਼ ਤੌਰ ’ਤੇ ਇਨਕਾਰ ਕੀਤਾ ਹੈ। ਰਾਜਪਾਲ ਨੇ ਕਿਹਾ,‘ਇਤਿਹਾਸ ਮੁੱਖ ਮੰਤਰੀ ਮਮਤਾ ਬੈਨਰਜੀ ਬਾਰੇ ਫ਼ੈਸਲਾ ਕਰੇਗਾ। ਇਤਿਹਾਸ ਰਾਜਪਾਲ ਜਗਦੀਪ ਧਨਖੜ ਬਾਰੇ ਵੀ ਫ਼ੈਸਲਾ ਕਰੇਗਾ ਅਤੇ ਇਹ ਨੌਕਰਸ਼ਾਹੀ ਤੇ ਮੀਡੀਆ ਬਾਰੇ ਵੀ ਫ਼ੈਸਲਾ ਕਰੇਗਾ।’

ਚੋਣ ਮਗਰੋਂ ਹੋਈ ਹਿੰਸਾ ਸਬੰਧੀ ਸੂਚਨਾ ਮੰਗਣ ਦੇ ਸਾਰੇ ਯਤਨਾਂ ਦੇ ਬਾਵਜੂਦ ਸੂਬਾ ਸਰਕਾਰ ਤੋਂ ਕੋਈ ਜਾਣਕਾਰੀ ਨਾ ਮਿਲਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਉਨ੍ਹਾਂ ਨੂੰ ਸੰਵਿਧਾਨ ਦੀ ਧਾਰਾ 167 ਤਹਿਤ ਲੋੜੀਂਦੀ ਸੂਚਨਾ ਮੁਹੱਈਆ ਕਰਵਾਵੇ। ਉਨ੍ਹਾਂ ਕਿਹਾ,‘ਮੈਂ ਕਿਸੇ ਵੀ ਪ੍ਰਸਥਿਤੀ ਵਿੱਚ ਬਿਨਾਂ ਕਿਸੇ ਰੁਕਾਵਟ ਅਤੇ ਪ੍ਰਭਾਵਿਤ ਹੋਏ ਆਪਣੇ ਸੰਵਿਧਾਨਕ ਫਰਜ਼ ਨਿਭਾਉਂਦਾ ਰਹਾਂਗਾ।’

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੀਤਲਕੂਚੀ ਵਿੱਚ ਧਨਖੜ ਨੂੰ ਕਾਲੇ ਝੰਡੇ ਵਿਖਾਏ
Next articleUK anxious about Indian Covid variant: PM