ਅੰਮ੍ਰਿਤਸਰ (ਸਮਾਜ ਵੀਕਲੀ) : ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਨੂੰ ਹਲੂਣਾ ਦੇਣ ਦੇ ਮੰਤਵ ਨਾਲ ਸਰਹੱਦੀ ਪਿੰਡ ਅਗਵਾਣ ਤੋਂ ਦੌੜ ਲਾਉਂਦਾ ਹੋਇਆ ਨੌਜਵਾਨ ਗੁਰਵਿੰਦਰ ਸਿੰਘ 13 ਦਿਨਾਂ ਵਿਚ ਦਿੱਲੀ ਪੁੱਜਾ ਹੈ। ਉਸ ਦਾ ਵੱਖ-ਵੱਖ ਮੰਚਾਂ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਸਵਾਗਤ ਕੀਤਾ ਗਿਆ ਹੈ।
ਇਸ ਨੌਜਵਾਨ ਨੇ 28 ਅਪਰੈਲ ਨੂੰ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਣ ਦੇ ਪਿੰਡ ਤੋਂ ਦਿੱਲੀ ਤਕ ਦੌੜ ਸ਼ੁਰੂ ਕੀਤੀ ਸੀ। ਜੋ ਕਿ ਦਿੱਲੀ ਦੇ ਸਿੰਘੂ ਬਾਰਡਰ ’ਤੇ ਪੁੱਜ ਕੇ ਸਮਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਪਰਿਵਾਰ ਨਾਲ ਸਬੰਧਿਤ ਸੁਖਵਿੰਦਰ ਸਿੰਘ ਅਗਵਾਣ ਜੋ ਇਸ ਨੌਜਵਾਨ ਨਾਲ ਕਾਫ਼ਲੇ ਦੇ ਰੂਪ ਵਿਚ ਸ਼ਾਮਲ ਸੀ, ਨੇ ਦੱਸਿਆ ਕਿ ਇਸ ਨੌਜਵਾਨ ਦਾ ਦਿੱਲੀ ਵਿਚ ਸੰਯੁਕਤ ਕਿਸਾਨ ਮੋਰਚੇ ਅਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਸਟੇਜਾਂ ਤੋਂ ਸਨਮਾਨ ਕੀਤਾ ਗਿਆ ਹੈ। ਕਿਸਾਨਾਂ ਤੋਂ ਇਲਾਵਾ ਹੋਰ ਜਥੇਬੰਦੀਆਂ ਨੇ ਵੀ ਉਸ ਦੀ ਹੌਸਲਾਅਫ਼ਜਾਈ ਕਰਦਿਆਂ ਸਨਮਾਨ ਕੀਤਾ ਹੈ।
ਦੌੜ ਲਾਉਣ ਵਾਲੇ ਇਸ ਨੌਜਵਾਨ ਨੇ ਆਖਿਆ ਕਿ ਉਹ ਸੰਗਤ ਦੀਆਂ ਅਸੀਸਾਂ ਤੇ ਸਹਿਯੋਗ ਸਦਕਾ ਇਹ ਦੌੜ ਪੂਰੀ ਕਰਨ ਵਿਚ ਸਫ਼ਲ ਰਿਹਾ ਹੈ। ਰਸਤੇ ਵਿਚ ਵੀ ਉਸ ਦੀ ਹੌਸਲਾਅਫ਼ਜਾਈ ਕੀਤੀ ਗਈ। ਉਸ ਨੇ ਕਿਹਾ ਕਿ ਇਹ ਦੌੜ ਕਿਸਾਨ ਮੋਰਚੇ ਦੀ ਸਫ਼ਲਤਾ ਅਤੇ ਖੇਤੀ ਕਾਨੂੰਨ ਵਾਪਸ ਕਰਾਉਣ ਲਈ ਲਾਈ ਗਈ ਹੈ। ਇਸ ਦਾ ਮੰਤਵ ਸਰਕਾਰ ਨੂੰ ਜਗਾਉਣਾ ਤੇ ਇਹ ਦੱਸਣਾ ਹੈ ਕਿ ਲੋਕ ਕਿਸਾਨਾਂ ਦੇ ਨਾਲ ਹਨ। ਉਸ ਨੇ ਸਮੁੱਚੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਮੋਰਚੇ ਦੀ ਸਫ਼ਲਤਾ ਲਈ ਅਰਦਾਸ ਕਰਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly