ਤਿਰੂਪਤੀ/ਅਮਰਾਵਤੀ (ਸਮਾਜ ਵੀਕਲੀ) :ਆਂਧਰਾ ਪ੍ਰਦੇਸ਼ ਦੇ ਸ੍ਰ੍ਰੀ ਵੈਂਕਟੇਸ਼ਵਰਾ ਰਾਮਨਰਾਇਣ ਰੂਈਆ ਸਰਕਾਰੀ ਹਸਪਤਾਲ ਵਿੱਚ ਸੋਮਵਾਰ ਰਾਤ ਨੂੰ ਆਈਸੀਯੂ ਵਾਰਡ ਵਿੱਚ ਆਕਸੀਜਨ ਸਪਲਾਈ ਵਿੱਚ ਹੋਈ ਪੰਜ ਮਿੰਟ ਦੀ ਦੇਰੀ ਕਰਕੇ 11 ਕਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਵਾਈ.ਐੱਸ.ਜਗਨਮੋਹਨ ਰੈੱਡੀ ਨੇ ਇਸ ਘਟਨਾ ’ਤੇ ਦੁਖ ਦਾ ਇਜ਼ਹਾਰ ਕਰਦਿਆਂ ਇਸ ਘਟਨਾ ਦੀ ਤਫ਼ਸੀਲੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ।
ਮੁੱਖ ਮੰਤਰੀ ਨੇ ਮਾਰੇ ਗਏ ਕੋਵਿਡ ਮਰੀਜ਼ਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਧਰ ਵਿਰੋਧੀ ਪਾਰਟੀਆਂ ਨੇ ਮੌਤਾਂ ਨੂੰ ‘ਸਰਕਾਰੀ ਹੱਤਿਆਵਾਂ’ ਕਰਾਰ ਦਿੰਦਿਆਂ ਮੁੱਖ ਮੰਤਰੀ ਵੱਲੋਂ ਅਹੁਦਾ ਛੱਡੇ ਜਾਣ ਦੀ ਮੰਗ ਕੀਤੀ ਹੈ। ਵਿਰੋਧੀ ਧਿਰਾਂ ਨੇ ਕਿਹਾ ਕਿ ਮੁੱਖ ਜੇਕਰ ਲੋਕਾਂ ਦੀਆਂ ਜਾਨਾਂ ਨਹੀਂ ਬਚਾ ਸਕਦੇ ਤਾਂ ਉਨ੍ਹਾਂ ਨੂੰ ਇਸ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ।
ਚਿੱਤੂਰ ਦੇ ਜ਼ਿਲ੍ਹਾ ਕੁਲੈਕਟਰ ਐੱਮ.ਹਰੀ.ਨਰਾਇਨਣ ਨੇ ਕਿਹਾ ਕਿ ਆਕਸੀਜਨ ਸਿਲੰਡਰਾਂ ਨੂੰ ਰੀਲੋਡ ਕਰਨ ਵਿੱਚ ਹੋਈ ਪੰਜ ਮਿੰਟ ਦੀ ਦੇਰੀ ਕਰਕੇ ਆਕਸੀਜਨ ਦਾ ਦਬਾਅ ਘੱਟ ਗਿਆ ਤੇ 11 ਮਰੀਜ਼ਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਆਕਸੀਜਨ ਸਪਲਾਈ ਪੰਜ ਮਿੰਟਾਂ ਵਿੱਚ ਬਹਾਲ ਕਰ ਦਿੱਤੀ ਗਈ ਸੀ ਤੇ ਹੁਣ ਹਾਲਾਤ ਠੀਕ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ ਤੇ ਲੋੜੀਂਦੀ ਮਾਤਰਾ ਵਿੱਚ ਉਪਲਬਧ ਹੈ। ਉਨ੍ਹਾਂ ਕਿਹਾ ਕਿ ਉਹ ਆਕਸੀਜਨ ਦੇ ਸਹਾਰੇ 11 ਮਰੀਜ਼ਾਂ ਨੂੰ ਤਾਂ ਨਹੀਂ ਬਚਾ ਸਕੇ, ਪਰ ਉਨ੍ਹਾਂ ਕਈ ਹੋਰ ਮਰੀਜ਼ਾਂ ਦੀ ਜਾਨ ਬਚਾ ਲਈ। ਹਸਪਤਾਲ ਵਿੱਚ ਕੁਲ ਮਿਲਾ ਕੇ ਇਕ ਹਜ਼ਾਰ ਦੇ ਕਰੀਬ ਕਰੋਨਾ ਮਰੀਜ਼ ਜ਼ੇਰੇ ਇਲਾਜ ਹਨ।
ਇਹ ਸਾਰੇ ਮਰੀਜ਼ ਤਿਰੂਪਤੀ, ਚਿੱਤੂਰ, ਨੈਲੋਰ ਤੇ ਕਡੱਪਾ ਤੋਂ ਰੈਫ਼ਰ ਕੀਤੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਸੋਮਵਾਰ ਰਾਤ ਸਾਢੇ ਅੱਠ ਵਜੇ ਦੇ ਕਰੀਬ ਆਕਸੀਜਨ ਦਾ ਦਬਾਅ ਘਟਣਾ ਸ਼ੁਰੂ ਹੋਇਆ ਤੇ ਇਸ ਤੋਂ ਪਹਿਲਾਂ ਕਿ ਸਪਲਾਈ ਬਹਾਲ ਹੁੰਦੀ, ਕੁਝ ਮਿੰਟਾਂ ਅੰਦਰ ਹੀ 11 ਮਰੀਜ਼ ਦਮ ਤੋੜ ਗਏ। ਇਸ ਦੌਰਾਨ ਗੁੱਸੇ ਵਿੱਚ ਆਏ ਪੀੜਤ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਆਈਸੀਯੂ ਵਿੱਚ ਦਾਖ਼ਲ ਹੋ ਕੇ ਸਾਜ਼ੋ ਸਾਮਾਨ ਦੀ ਭੰਨ ਤੋੜ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਡਾਕਟਰ ਤੇ ਨਰਸਾਂ ਆਪਣੀ ਜਾਨ ਨੂੰ ਖ਼ਤਰਾ ਵੇਖ ਉਥੋਂ ਭੱਜ ਗਏ ਤੇ ਪੁਲੀਸ ਵੱਲੋਂ ਹਾਲਾਤ ਕਾਬੂ ਹੇਠ ਕਰਨ ਮਗਰੋਂ ਹੀ ਮੁੜੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly