ਅੰਮ੍ਰਿਤਸਰ (ਸਮਾਜ ਵੀਕਲੀ) : ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਲਗਾਤਾਰ ਨਿਸ਼ਾਨੇ ਸਾਧੇ ਜਾ ਰਹੇ ਹਨ। ਉਨ੍ਹਾਂ ਅੱਜ ਮੁੜ ਇੱਕ ਹੋਰ ਟਵੀਟ ਕਰ ਕੇ ਦੋਸ਼ ਲਾਇਆ ਕਿ ਪੰਜਾਬ ਵਿਚ ਕਾਂਗਰਸ ਦੀ ਨਹੀਂ ਸਗੋਂ ਬਾਦਲਾਂ ਦੀ ਸਰਕਾਰ ਚੱਲ ਰਹੀ ਹੈ।
ਬਰਗਾੜੀ ਤੇ ਬਹਿਬਲ ਕਲਾਂ ਮਾਮਲਿਆਂ ਵਿਚ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਖੁੱਲ੍ਹ ਕੇ ਮੈਦਾਨ ਵਿਚ ਨਿੱਤਰੇ ਸ੍ਰੀ ਸਿੱਧੂ ਵੱਲੋਂ ਇੱਕ ਤੋਂ ਬਾਅਦ ਇੱਕ ਨਿਰੰਤਰ ਹਮਲੇ ਕੀਤੇ ਜਾ ਰਹੇ ਹਨ। ਅੱਜ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਟਵੀਟ ਰਾਹੀਂ ਆਖਿਆ ਕਿ ਵਧੇਰੇ ਵਿਧਾਇਕਾਂ ਵਿੱਚ ਇਸ ਗੱਲ ਨੂੰ ਲੈ ਕੇ ਸਹਿਮਤੀ ਹੈ ਕਿ ਸੂਬੇ ਵਿਚ ਕਾਂਗਰਸ ਦੀ ਥਾਂ ਬਾਦਲਾਂ ਦੀ ਸਰਕਾਰ ਚੱਲ ਰਹੀ ਹੈ। ਅਫ਼ਸਰਸ਼ਾਹੀ ਅਤੇ ਪੁਲੀਸ ਕਾਂਗਰਸੀ ਵਿਧਾਇਕਾਂ ਅਤੇ ਪਾਰਟੀ ਵਰਕਰਾਂ ਦੀ ਗੱਲ ਸੁਣਨ ਦੀ ਥਾਂ ਬਾਦਲ ਪਰਿਵਾਰ ਦੀ ਇੱਛਾ ਮੁਤਾਬਕ ਕੰਮ ਕਰ ਰਹੇ ਹਨ। ਸਰਕਾਰ ਲੋਕਾਂ ਦੀ ਭਲਾਈ ਲਈ ਨਹੀਂ ਸਗੋਂ ਮਾਫ਼ੀਆ ਰਾਜ ਲਈ ਚੱਲ ਰਹੀ ਹੈ।
ਸ੍ਰੀ ਸਿੱਧੂ ਵੱਲੋਂ ਕੀਤੇ ਇਸ ਟਵੀਟ ਤੋਂ ਬਾਅਦ ਕੁਝ ਲੋਕਾਂ ਨੇ ਹੁੰਗਾਰਾ ਭਰਦਿਆਂ ਸ੍ਰੀ ਸਿੱਧੂ ਦੀ ਗੱਲ ਦਾ ਸਮਰਥਨ ਕੀਤਾ ਅਤੇ ਕੁਝ ਲੋਕਾਂ ਨੇ ਸ੍ਰੀ ਸਿੱਧੂ ਨੂੰ ਸਵਾਰਥੀ ਆਖਦਿਆਂ ਉਸ ਖ਼ਿਲਾਫ਼ ਨਿਸ਼ਾਨਾ ਵੀ ਸਾਧਿਆ। ਇਕ ਵਿਅਕਤੀ ਨੇ ਤਾਂ ਸਿੱਧੂ ਜੋੜੇ ਨੂੰ ਮੌਕਾਪ੍ਰਸਤੀ ਦੀ ਮਿਸਾਲ ਆਖਿਆ। ਇਕ ਹੋਰ ਨੇ ਸਵਾਲ ਪੁੱਛਿਆ ਕਿ ਉਹ ਚਾਰ ਸਾਲ ਕਿੱਥੇ ਸਨ ਅਤੇ ਹੁਣ ਪੰਜਾਬ ਕਿਉਂ ਯਾਦ ਆ ਗਿਆ ਹੈ। 2022 ਵਿਚ ਇਹ ਲੂੰਬੜ ਚਾਲਾਂ ਨਹੀਂ ਚੱਲਣਗੀਆਂ। ਕੁਝ ਲੋਕਾਂ ਨੇ ਉਨ੍ਹਾਂ ਨੂੰ ਕਾਂਗਰਸ ਛੱਡ ‘ਆਪ’ ਵਿਚ ਜਾਣ ਦੇ ਸੁਝਾਅ ਦਿੱਤੇ ਹਨ। ਕੁਝ ਲੋਕਾਂ ਨੇ ਸ੍ਰੀ ਸਿੱਧੂ ਦੇ ਹੱਕ ਵਿਚ ਆਉਂਦਿਆਂ ਕੈਪਟਨ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਦੇ ਇਸ ਟਵੀਟ ’ਤੇ ਲੋਕਾਂ ਦੇ ਰਲੇ-ਮਿਲੇ ਪ੍ਰਤੀਕਰਮ ਦਿੱਤੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly