ਝੋਨੇ ਦੀ ਸਿੱਧੀ ਬਿਜਾਈ ਅਪਣਾਓ ਖੇਤੀ ਖਰਚੇ ਘਟਾਓ: ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ, ਖੰਨਾ

(ਸਮਾਜ ਵੀਕਲੀ)

ਦੁਨੀਆਂ ਅੱਜ ਕਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ। ਭਵਿੱਖ ਵਿੱਚ ਪਾਣੀ ਦੀ ਘਾਟ ਕਾਰਨ ਆਉਣ ਵਾਲੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ  ਸਾਨੂੰ ਅੱਜ ਤੋਂ ਹੀ ਠੋਸ ਉਪਰਾਲੇ ਕਰਨੇ ਚਾਹੀਦੇ ਹਨ।ਕਿਉਂ ਕਿ ਨਾਸਾ ਦੀ ਰਿਪੋਰਟ ਅਨੁਸਾਰ ਪੰਜਾਬ ਦੇ ਕਈ ਜਿਲ੍ਹੇ ਡਾਰਕ ਜ਼ੋਨ ਵਿੱਚ ਹਨ।ਇਹਨਾਂ ਜਿਲ੍ਹਿਆ ਦਾ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ।ਪਾਣੀ ਇਕ ਵੱਡਮੁਲਾ ਕੁਦਰਤੀ ਸੋਮਾ ਹੈ। ਇਸ ਲਈ ਉਦਯੋਗ ਜਗਤ ਨੂੰ ਇਸ ਵਡਮੁੱਲੇ ਸ੍ਰੋਤ ਦੀ ਵਰਤੋਂ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ।ਕਿਉਂ ਕਿ ਅਸੀਂ ਹਰ ਵਾਰ ਸਾਡੇ ਕਿਸਾਨਾਂ ਨੂੰ ਹੀ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਲਈ ਜਿੰਮੇਵਾਰ ਨਹੀਂ ਮੰਨ ਸਕਦੇ।ਕਿਸਾਨ ਵੀਰਾਂ ਨੂੰ ਪਾਣੀ ਦੀ ਬੱਚਤ ਲਈ ਅਤੇ ਖੇਤੀ ਖਰਚੇ ਘਟਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਅਪਨਾਉਣ ਦੀ ਲੋੜ ਹੈ।ਜਿਨ੍ਹਾਂ ਰਕਬਾ ਅਸੀਂ ਝੋਨੇ ਦੀ ਸਿੱਧੀ ਬਿਜਾਈ ਹੇਠ ਆਵੇਗਾ ਉਨ੍ਹਾ ਹੀ ਸਾਡਾ ਖੇਤੀ ਖ਼ਰਚਾ ਘਟੇਗਾ ਅਤੇ ਪਾਣੀ ਦੀ ਬੱਚਤ ਹੋਵੇਗੀ।

ਕਿਸਾਨ ਵੀਰ ਜਿਹਨਾਂ ਨੇ ਪਿਛਲੇ ਸਾਲ ਕੋਵਿਡ ਮਹਾਂਮਾਰੀ ਕਰਕੇ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਸਿੱਧੀ ਬਿਜਾਈ ਕੀਤੀ ਅਤੇ ਕਾਮਯਾਬ ਰਹੇ। ਉਹ ਕਿਸਾਨ ਵੀਰ ਇਸ ਸਾਲ ਸਿੱਧੀ ਬਿਜਾਈ ਦਾ ਰਕਬਾ ਵਧਾਉਣ ਜਾ ਰਹੇ ਹਨ।ਇਹਨਾਂ ਕਿਸਾਨ ਵੀਰਾਂ ਦੇ ਤਜ਼ਰਬੇ ਤੋਂ ਬਾਕੀ ਕਿਸਾਨ ਵੀਰਾਂ ਨੂੰ ਸਿੱਖਣਾ ਚਾਹੀਦਾ ਹੈ ਤਾਂ ਜੋ ਜਿਹੜੀ ਗਲਤੀਆ ਉਹਨਾਂ ਕੀਤੀ ਉਹ ਦੁਹਰਾਈ ਨਾ ਜਾਵੇ।ਝੋਨੇ ਦੀ ਸਿੱਧੀ ਬਿਜਾਈ ਭਾਰੀਆ ਤੋਂ ਦਰਮਿਆਨੀਆਂ ਜ਼ਮੀਨਾਂ ਵਿੱਚ ਕੀਤੀ ਜਾ ਸਕਦੀ ਹੈ। ਬਿਜਾਈ ਤੋਂ ਪਹਿਲਾਂ ਖੇਤ ਨੂੰ ਦੋ ਵਾਰ ਰੌਣੀ ਕਰੋ ਅਤੇ ਕੰਪਿਊਟਰ ਕਰਾਹ ਨਾਲ ਪੱਧਰ ਕਰਵਾ ਲੈਣਾ ਜਰੂਰੀ ਹੈ। ਝੋਨੇ ਦੀ ਸਿੱਧੀ ਬਿਜਾਈ ਲਈ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੂੰ ਪਹਿਲ ਦਿਓ ਜਿਵੇਂ ਕਿ ਪੀ ਆਰ 126 ਅਤੇ  1509 ਆਦਿ। ਖੇਤ ਨੂੰ ਬਿਜਾਈ ਲਈ ਤਿਆਰ ਕਰਦੇ ਸਮੇਂ ਸੁਹਾਗਾ 2 ਤੋਂ 3  ਵਾਰ ਮਾਰੋ ਤਾਂ ਜੋ ਝੋਨੇ ਦਾ ਬੀਜ ਡੂੰਘਾ ਨਾ ਜਾਵੇ।

ਝੋਨੇ ਦੀ ਸਿੱਧੀ  ਬਿਜਾਈ ਲਈ 8 ਤੋਂ 10 ਕਿਲੋ ਬੀਜ ਪ੍ਰਤੀ ਏਕੜ ਵਰਤੋਂ। ਬੀਜ 8 ਤੋਂ 12ਘੰਟੇ ਪਾਣੀ ਵਿੱਚ ਪਿਓ ਕੇ ਅਤੇ ਸੋਧ ਕੇ ਬੀਜਿਆ ਜਾਵੇ।ਬਿਜਾਈ ਸਮੇਂ ਬੀਜ ਨੂੰ 1.25  ਤੋਂ 1.5 ਇੰਚ ਤੋਂ ਵੱਧ ਡੂੰਘਾਈ ਤੇ ਨਾ ਬੀਜੋ। ਇਸ ਤੋਂ ਵੱਧ ਡੂੰਘਾ ਬੀਜਣ ਤੇ ਜਂਮ ਘੱਟਦਾ ਹੈ।ਧਿਆਨ ਰੱਖੋ ਬਿਜਾਈ ਸ਼ਾਮ ਵੇਲੇ ਕਰੋ ਅਤੇ ਬਿਜਾਈ ਉਪਰੰਤ ਪੈਂਡੀਮੈਥਾਲੀਨ 1 ਲੀਟਰ ਅਤੇ ਸਾਥੀ ਨਦੀਨ ਨਾਸ਼ਕ ਦਾ ਛਿੜਕਾਅ 200 ਲੀਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਸ਼ਾਮ ਵੇਲੇ ਹੀ ਕਰੋ। ਬਿਜਾਈ ਤੋਂ ਪਹਿਲਾਂ ਡਾਇਆ ਖਾਦ ਦੀ ਵਰਤੋਂ ਨਾ ਕਰੋ। ਬਿਜਾਈ ਤਰ ਵੱਤਰ ਖੇਤ ਵਿੱਚ ਕਰਨ ਨੂੰ ਪਹਿਲ ਦਿਓ। ਝੋਨੇ ਦੀ ਸਿੱਧੀ ਬਿਜਾਈ ਨੂੰ ਪਹਿਲਾਂ ਪਾਣੀ 21ਵੇ ਦਿਨ ਲਾਓ।ਇਸ ਤੋਂ ਪਹਿਲਾਂ ਪਾਣੀ ਲਾਉਣ ਨਾਲ ਝੋਨੇ ਵਿੱਚ ਖੁਰਾਕੀ ਤੱਤ ਜਿਵੇਂ ਕਿ ਲੋਹੇ ਦੀ ਘਾਟ ਆ ਜਾਂਦੀ ਹੈ।ਅਤੇ ਨਦੀਨਾਂ ਦੀ ਸਮੱਸਿਆ ਵੀ ਵੱਧਦੀ ਹੈ।ਸਭ ਤੋਂ ਅਹਿਮ ਗੱਲ ਝੋਨੇ ਦੀ ਸਿੱਧੀ ਬਿਜਾਈ 1 ਜੂਨ ਤੋਂ ਪਹਿਲਾਂ ਨਾ ਕੀਤੀ ਜਾਵੇ। ਅਗੇਤੀ ਬਿਜਾਈ ਨਾਲ ਝਾੜ ਘੱਟਦਾ ਹੈ।

ਸਿੱਧੀ ਬਿਜਾਈ ਨਾਲ ਬੀਜੀ ਝੋਨੇ ਦੀ ਫ਼ਸਲ ਕੱਦੂ ਕਰਕੇ ਬੀਜੀ ਫਸਲ ਨਾਲੋਂ 7 ਤੋਂ 10 ਦਿਨ ਪਹਿਲਾਂ ਪੱਕ ਜਾਂਦੀ ਹੈ। ਜਿਸ ਕਰਕੇ ਪਰਾਲੀ ਨੂੰ ਸਾਂਭਣ ਲਈ ਇਕ ਹਫ਼ਤੇ ਦਾ ਵੱਧ ਸਮਾਂ ਮਿਲ ਜਾਂਦਾ ਹੈ।ਸਿੱਧੀ ਬਿਜਾਈ ਵਾਲੇ ਖੇਤ ਵਿੱਚ ਕਣਕ ਦਾ ਝਾੜ 1 ਤੋਂ 1.2 ਕੁਇੰਟਲ ਜ਼ਿਆਦਾ ਨਿਕਲਦਾ ਹੈ। ਸਿੱਧੀ ਬਿਜਾਈ ਵਾਲੇ ਖੇਤ ਵਿੱਚ ਕੱਦੂ ਕੀਤੇ ਖੇਤ ਨਾਲੋਂ ਬਿਮਾਰੀਆਂ ਵੀ ਘੱਟ ਲੱਗਦੀਆਂ ਹਨ।ਇਸ ਲਈ ਕਿਸਾਨ ਵੀਰਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਲਿਆਉਣਾ ਸਮੇ ਦੀ ਲੋੜ ਹੈ।ਤਾਂ ਜੋ ਆਉਣ ਵਾਲੀਆਂ ਪੀੜੀਆਂ ਲਈ ਪਾਣੀ ਦੀ ਬੱਚਤ ਕੀਤੀ ਜਾ ਸਕੇ ਅਤੇ ਖੇਤੀ ਖਰਚੇ ਵੀ ਘਟਾਏ ਜਾ ਸਕਣ।

ਸਨਦੀਪ ਸਿੰੰਘ

ADO

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾ ਪੀੜਤ ਮਰੀਜਾਂ ਦਾ ਕਿਸੇ ਵੀ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਹੋਵੇ ਮੁਫ਼ਤ ਇਲਾਜ-ਦਮਨਵੀਰ ਸਿੰਘ ਫਿਲੌਰ
Next article” ਸਿੱਖ ਕੌਮ “