ਮਾਂ ਰੱਬ ਦਾ ਦੂਜਾ ਨਾਮ ਹੈ ਤਾਂ ਫਿਰ ਹਰ ਦਿਨ, ਹਰ ਪਲ, ਮਾਂ ਦਿਵਸ ਕਿਓਂ ਨਹੀਂ ?

ਅੱਜ ਮਾਂ ਦਿਵਸ ‘ਤੇ ਵਿਸ਼ੇਸ਼

(ਸਮਾਜ ਵੀਕਲੀ)- ਮਾਂ, ਉਹ ਸ਼ਬਦ, ਜਿਸ ਨੂੰ “ਰੱਬ” ਦੇ ਪ੍ਰਤਿਨਿਧ ਵਜੋਂ ਵੀ ਵਰਤਿਆਂ ਜਾਂਦਾ ਹੈ ਤੇ ਰੱਬ ਦਾ ਦੂਜਾ ਰੂਪ ਵੀ ਕਿਹਾ ਜਾਂਦਾ ਹੈ । ਮਾਂ, ਉਹ ਘਣਛਾਵਾਂ ਬੂਟਾ ਹੈ, ਜਿਸਦੀ ਠੰਢੀ ਛਾਵੇਂ ਬੈਠ ਕੇ ਆਨੰਦ ਹੀ ਆਨੰਦ ਪ੍ਰਾਪਤ ਹੁੰਦਾ ਹੈ ।ਮਾਂ, ਜੀਵਨ ਦੀ ਧੁਰੋਹਰ ਵੀ ਹੁੰਦੀ ਹੈ ਤੇ ਪਾਲਕ ਵੀ । ਮਾਂ, ਮਮਤਾ ਦੀ ਸੱਚੀ ਮੂਰਤ ਤੇ ਬੇਗਰਜ ਸੁੱਚੇ ਪਿਆਰ ਦੀ ਇਸ ਸੰਸਾਰ ਵਿੱਚ ਇੱਕੋ ਇਕ ਉਦਾਹਰਣ ਹੈ । ਜੇਕਰ ਗਹੁ ਨਾਲ ਦੇਖਿਆ ਵਾਚਿਆ ਜਾਵੇ ਤਾਂ “ਮਾਂ” ਰੂਪੀ ਸ਼ਬਦ ਵਿੱਚ ਸਾਗਰ ਦੀ ਗਹਿਰਾਈ ਨਾਲ਼ੋਂ ਵੱਧ ਗਹਿਰਾਈ ਤੇ ਹਿਮਾਲੀਆ ਦੀ ਉਚਾਈ ਤੋ ਵੱਧ ਉਚਾਈ ਦਾ ਭਾਵ ਸੰਚਾਰ ਹੈ । ਦੁਨੀਆਦਾਰ ਰਿਸ਼ਤਿਆਂ ਚ ਏਹੀ ਉਹ ਰਿਸ਼ਤਾ ਹੈ ਜਿਸ ਤੋ ਸੁੱਚਾ ਪਿਆਰ ਮਿਲਦਾ ਹੈ, ਪਰਵਰਿਸ਼ ਦੇ ਨਾਲ ਨਾਲ ਜ਼ਿੰਦਗੀ ਜੀਊਣ ਦੇ ਜਟਿੱਲ ਗਣਿਤ ਦਾ ਭੇਦ ਵੀ ਮਿਲਦਾ ਹੈ ।

ਪੰਜਾਬੀ ਦਾ ਪ੍ਰਸਿੱਧ ਵਾਰਤਕ ਲਿਖਾਰੀ ਗੁਰਬਖਸ਼ ਸਿੰਘ ਪਰੀਤਲੜੀ ਕਹਿੰਦਾ ਹੈ ਕਿ, “ਮਨੁੱਖ ਆਪਣੀ ਮਾਂ ਦੇ ਬਰਾਬਰ ਨਾ ਕਿਸੇ ਰੱਬ ਤੇ ਨਾ ਹੀ ਕਿਸੇ ਹੋਰ ਨੂੰ ਸੋਚ ਸਕਦਾ ਹੈ ਕਿਉਂਕਿ ਉਹ ਆਪਣੀ ਮਾਂ ਦਾ ਨਿਰਾ ਦੁੱਧ ਹੀ ਨਹੀਂ ਪੀਂਦਾ ਬਲਕਿ ਉਹਦੇ ਦਿਲ ਅਤੇ ਲਹੂ ਨੂੰ ਵੀ ਕਈ ਤਰੀਕਿਆਂ ਨਾਲ ਆਪਣੀ ਜਾਨ ਦਾ ਹਿੱਸਾ ਬਣਾਉਂਦਾ ਹੈ !”

ਇਸੇ ਤਰਾਂ ਸੰਸਕਿ੍ਰਤ ਲਿਖਾਰੀ ਮੁਨਸ਼ੀ ਪ੍ਰੇਮ ਚੰਦ ਕਹਿੰਦਾ ਹੈ ਕਿ, “ਮਾਂ ਦੀ ਕੁਰਬਾਨੀ ਦਾ ਮੁੱਲ ਕੋਈ ਪੁੱਤਰ ਵੀ ਨਹੀਂ ਤਾਰ ਸਕਦਾ ਬੇਸ਼ੱਕ ਉਹ ਸਾਰੀ ਧਰਤੀ ਦਾ ਮਾਲਿਕ ਹੀ ਕਿਓਂ ਨਾ ਹੋਵੇ ।”

ਮਾਂ ਦੀ ਮਹਿਮਾ ਚ ਸੰਸਾਰ ਜੇਤੂ ਨੈਪੋਲੀਅਨ ਬੋਨਾਪਾਰਟ ਕਹਿੰਦਾ ਹੈ ਕਿ, “ ਤੁਸੀਂ ਮੈਨੂੰ ਚੰਗੀਆ ਮਾਵਾਂ ਦਿਓ ਤੇ ਮੈਂ ਤੁਹਾਨੂੰ ਚੰਗੀ ਕੌਮ ਦੇਵਾਂਗਾ ।”

ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਜੌਹਨ ਇਬਰਾਹੀਮ, ਮਾਂ ਦੀ ਆਪਣੇ ਜੀਵਨ ਚ ਮਹੱਤਤਾ ਬਾਰੇ ਕਹਿੰਦਾ ਹੈ ਕਿ ‘ “ਉਹ ਜੋ ਕੁੱਜ ਵੀ ਆਪਣੇ ਜੀਵਨ ਚ ਕਰ ਸਕਿਆ ਹੈ, ਸਿਰਫ ਤੇ ਸਿਰਫ ਆਪਣੀ ਮਾਂ ਦੇ ਅਸ਼ੀਰਵਾਦ ਸਦਕਾ ਹੀ ਕਰ ਸਕਿਆ ਹੈ ।”

ਬਹੁਤ ਸਾਰੇ ਮਹਾਂਪੁਰਖਾਂ ਨੇ ਮਾਂ ਦੀ ਮਹਿਮਾ ਚ ਆਪੋ ਆਪਣੇ ਵਿਚਾਰ ਦਿੱਤੇ ਹਨ । ਭਗਵਾਨ ਬਾਲਮੀਕ ਅਨੁਸਾਰ,”ਮਾਂ ਦਾ ਦਰਜਾ ਸਵਰਗ ਤੋ ਵੀ ਉੱਚਾ ਹੈ ।”

ਮਹਾਂਰਿ਼ਸ਼ੀ ਵੇਦ ਬਿਆਸ ਅਨੁਸਾਰ, “ਮਾਂ ਤੋ ਵੱਡਾ ਇਸ ਸੰਸਾਰ ਚ ਕੋਈ ਵੀ ਗੁਰੂ ਨਹੀਂ ।”

ਪੈਗ਼ੰਬਰ ਹਜ਼ਰਤ ਮੁਹੰਮਦ ਅਨੁਸਾਰ, “ਮਾਂ ਉਹ ਰਿਸ਼ਤਾ ਹੈ ਜਿਸ ਦੇ ਕਦਮਾਂ ਚ ਜੰਨ੍ਹਤ ਦਾ ਵਾਸਾ ਹੈ ।”

ਨੀਤੀ ਸ਼ਾ਼ਸ਼ਤਰੀ ਚਾਣਕਿਆ ਮੁਤਾਬਿਕ, “ਮਾਂ ਤੋਂ ਵੱਡਾ ਕੋਈ ਵੀ ਦੇਵਤਾ ਨਹੀਂ ।”

ਲੋਕ ਗੀਤਾਂ ਚ ਮਾਂ ਰੱਬ ਵੀ ਹੈ ਤੇ ਬੋਹੜ ਦੀ ਠੰਢੀ ਛਾਂ ਵੀ । ਇਹ ਰਿਸ਼ਤਿਆਂ ਦਾ ਧੁਰਾ ਵੀ ਹੈ ਤੇ ਸੰਸਾਰ ਦੀ ਜਨਮਦਾਤੀ ਤੇ ਪਾਲਕ ਵੀ । ਮਾਂ ਦੀ ਗੋਦ ਦਾ ਨਿੱਘ ਇਲਾਹੀ ਅਨੰਦ ਹੁੰਦਾ ਹੈ । ਜਿੰਨਾ ਚਿਰ ਮਾਂ ਦਾ ਅਸ਼ੀਰਵਾਦ ਪ੍ਰਾਪਤ ਹੈ, ਜ਼ਿੰਦਗੀ ਫੁੱਲਾਂ ਦੀ ਸੇਜ ਲਗਦੀ ਹੈ, ਪਰ ਜਦੋਂ ਮਾਂ ਹੱਥ ਸਿਰੋਂ ਉਠ ਜਾਂਦਾ ਹੈ ਤਾਂ ਜ਼ਿੰਦਗੀ ਜ਼ੁੰਮੇਵਾਰੀਆਂ ਦੀ ਪੰਡ ਬਣ ਜਾਂਦੀ ਹੈ ਤੇ ਕਈ ਵਾਰ ਤਾਂ ਸੂਲਾਂ ਦੀ ਸੇਜ ਵੀ ਹੋ ਨਿਬੜਦੀ ਹੈ ।

ਮਨੁੱਖ ਨੂੰ ਆਪਣੇ ਜੀਵਨ ਚ ਤਿੰਨ ਮਾਂਵਾਂ ਦਾ ਹਮੇਸ਼ਾ ਹੀ ਸਤਿਕਾਰ ਕਰਨਾ ਚਾਹੀਦਾ ਹੈ – ਪਹਿਲੀ ਧਰਤੀ ਮਾਂ, ਦੂਜੀ ਸੰਸਾਰਕ ਜਾਂ ਜਗਤ ਜਣਨੀ ਮਾਂ ਤੇ ਤੀਜੀ ਮਾਂ ਬੋਲੀ । ਜੋ ਕੌਮਾਂ ਇਹਨਾਂ ਤਿੰਨਾਂ ਮਾਵਾਂ ਦਾ ਸਤਿਕਾਰ ਕਰਦੀਆਂ ਹਨ, ਉਹ ਹਮੇਸ਼ਾ ਵਧਦੀਆਂ ਰੁਲ਼ਦੀਆਂ ਰਹਿੰਦੀਆਂ ਹਨ ਤੇ ਉਹਨਾਂ ਦੀ ਹੋਂਦ ਹਮੇਸ਼ਾ ਬਰਕਰਾਰ ਰਹਿੰਦੀ ਹੈ ।

ਇਹ ਇਕ ਵੱਡਾ ਸੱਚ ਹੈ ਕਿ ਸੰਸਾਰ ਦੇ ਸਫਲ ਮਨੁੱਖਾਂ ਦੀ ਸਫਲਤਾ ਪਿੱਛੇ ਉਹਨਾਂ ਦੀਆ ਮਾਵਾਂ ਦਾ ਵੱਡਾ ਹੱਥ ਰਿਹਾ ਹੈ । ਮਿਸਾਲ ਵਜੋਂ ਬਾਬਾ ਫਰੀਦ ਦੀ ਮਾਤਾ ਫ਼ਾਤਮਾ, ਧਰੁਵ ਭਗਤ ਦੀ ਮਾਤਾ ਸੁਨੀਤਾ ਅਤੇ ਭਗਤ ਕਬੀਰ ਦੀ ਮਾਤਾ ਨੀਮਾ ਆਦਿ ਨੇ ਆਪਣੇ ਬੱਚਿਆ ਚ ਕੁਦਰਤ ਦੀ ਮਹਿਮਾ ਦਾ ਅਜਿਹਾ ਸੰਚਾਰ ਕੀਤਾ ਕਿ ਉਹ ਜਗਤ ਪ੍ਰਸਿੱਧ ਵੀ ਹੋਏ ਤੇ ਅਮਰ ਵੀ ।

ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਬੇਸ਼ੱਕ ਆਪਣੇ ਪਿਤਾ ਦੀ ਰੂਹਾਨੀ ਤੇ ਜੁਝਾਰੂ ਸ਼ਖਸ਼ੀਅਤ ਤੋਂ ਪਰਭਾਵਤ ਹੋ ਕੇ ਧਰਮ ਦੀ ਖਾਤਿਰ ਲਾਸਾਨੀ ਬਲੀਦਾਨ ਦੇ ਗਏ, ਪਰੰਤੂ ਸੱਚ ਇਹ ਵੀ ਹੈ ਕਿ ਉਹਨਾਂ ਬੱਚਿਆ ਦੀ ਮਾਤਾ ਦਾ ਵੀ ਇਸ ਪਿੱਛੇ ਬਹੁਤ ਵੱਡਾ ਯੋਗਦਾਨ ਰਿਹਾ । ਮਾਤਾ ਗੁਜਰੀ ਜੀ ਨੇ ਬੱਚਿਆ ਨੂੰ ਧਰਮ ਦੇ ਇਤਿਹਾਸਕ ਪਿਛੋਕੜ ਸੰਬੰਧੀ ਭਰਪੂਰ ਜਾਣਕਾਰੀ ਦੇ ਕੇ ਬਚਪਨ ਤੋ ਹੀ ਸਾਹਿਬਜ਼ਾਦਿਆਂ ਦੇ ਮਨਾਂ ਚ ਜੋ ਜਜ਼ਬਾ ਫੂਕਿਆ, ਉਹ ਵੀ ਆਪਣੇ ਆਪ ਚ ਲਾ ਮਿਸਾਲ ਰਿਹਾ ।

ਪੰਜਾਬੀ ਕਵੀ ਪ੍ਰੋ ਮੋਹਨ ਸਿੰਘ ਦੀ ਇਕ ਕਵਿਤਾ ਦੇ ਬੋਲ ਹਨ:

ਮਾਂ ਵਰਗਾ ਘਣਛਾਵਾਂ ਬੂਟਾ ਕਿਧਰੇ ਨਜ਼ਰ ਨਾ ਆਵੇ ।
ਜਿਸ ਤੋ ਲੈ ਕੇ ਛਾਂ ਉਧਾਰੀ, ਰੱਬ ਨੇ ਸਵਰਗ ਬਣਾਏ ।
ਬਾਕੀ ਸਭ ਦੁਨੀਆ ਦੇ ਬੂਟੇ, ਜੜ੍ਹ ਸੁੱਕਿਆ ਮੁਰਝਾਏ ।
ਐਪਰ ਫੁੱਲਾਂ ਦੇ ਮੁਰਝਾਇਆਂ, ਇਹ ਬੂਟਾ ਸੁੱਕ ਜਾਏ ।

ਭਗਤ ਪੂਰਨ ਸਿੰਘ ਕਹਿੰਦੇ ਹਨ ਕਿ, “ ਮੇਰੀ ਮਾਂ ਇਕ ਕਲਾਕਾਰ ਸੀ ਜਿਸ ਨੇ ਮੇਰੀ ਸ਼ਖਸ਼ੀਅਤ ਨੂੰ ਪਿਆਰ ਤੇ ਸ਼ਰਧਾ ਨਾਲ ਘੜਿਆ ਅਤੇ ਸਲਾਰਿਆ।”

ਪ੍ਰਸਿੱਧ ਅੰਗਰੇਜ ਵਿਦਵਾਨ ਐਮਰਸਨ ਆਪਣੀ ਪੁਸਤਕ The conduct of life ਵਿੱਚ ਲਿਖਦਾ ਹੈ ਕਿ, “ਮਨੁੱਖ ਓਹੀ ਕੁੱਜ ਹੁੰਦੇ ਹਨ ਜੋ ਉਹਨਾਂ ਦੀਆਂ ਮਾਵਾਂ ਉਹਨਾਂ ਨੂੰ ਬਣਾਉਦੀਆਂ ਹਨ।”

ਸਮੁੱਚੀ ਚਰਚਾ ਤੋਂ ਬਾਦ ਮੈਂ ਏਹੀ ਕਹਾਂਗਾ ਕਿ ਮਾਂ ਧੰਨ ਹੈਂ, ਉਸ ਦਾ ਰੁਤਬਾ ਮਹਾਨ ਹੈ, ਉਸਦੇ ਅਸ਼ੀਰਵਾਦ ਨਾਲ ਹੀ ਇਹ ਜਗਤ ਮਹਾਨ ਤੇ ਇਸ ਜਗਤ ਦੇ ਸਮੁੱਚੇ ਰਿਸ਼ਤਿਆਂ ਦੀ ਮਾਂ ਹੀ ਸ਼ਾਨ ਹੈਂ । ਉਸ ਦਾ ਦੇਣਾ ਕਦੇ ਵੀ ਨਹੀਂ ਦਿੱਤਾ ਜਾ ਸਕਦਾ । ਸੰਸਾਰ ਦਾ ਹਰ ਜੀਵ ਆਪਣੀ ਮਾਂ ਦੇ ਅਹਿਸਾਨਾਂ ਦਾ ਕਰਜ਼ ਜਨਮ ਜਨਮਾਂਤਰਾਂ ਵਾਸਤੇ ਕਰਜ਼ਦਾਰ ਹੈ । ਫਿਰ ਇੱਥੇ ਸੋਤਣ ਵਾਲੀ ਗੱਲ ਇਹ ਹੈ ਕਿ ਜੇਕਰ ਮਾਂ ਦਾ ਮਨੁੱਖੀ ਜੀਵਨ ‘ਤੇ ਪਰਉਪਕਾਰ ਏਡਾ ਵੱਡਾ ਹੈ ਕਿ ਉਸ ਦਾ ਰਿਣ ਬਹੁਤ ਸਾਰੇ ਜਨਮ ਲੈ ਕੇ ਵੀ ਨਹੀਂ ਤਾਰਿਆ ਜਾ ਸਕਦਾ ਤਾਂ ਫਿਰ ਸਾਲ ਚ ਇਕ ਦਿਨ ਹੀ “ਮਾਂ ਦਿਵਸ” ਕਿਓਂ, ਹਰ ਦਿਨ ਤੇ ਹਰ ਪਲ ਮਾਂ ਵਾਸਤੇ ਕਿਓਂ ਨਹੀਂ ? ਇਹ ਇਕ ਅਣਸੁਲਝਿਆ ਸਵਾਲ ਹੈ ਜਿਸ ਬਾਰੇ ਅਜ ਦੇ ਇਸ ਚੁਣੇ ਹੋਏ ਦਿਹਾੜੇ ‘ਤੇ ਸਾਨੂੰ ਸਭਨਾ ਨੂੰ ਹੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਤੇ ਇਸ ਨੂੰ ਸਮਝਣ ਤੇ ਸੁਲਝਾਉਣ ਦੀ ਜ਼ਰੂਰਤ ਵੀ । ਇਸ ਮੌਕੇ ‘ਤੇ ਇਹ ਵੀ ਸੋਚਣਾ ਪਵੇਗਾ ਕਿ ਅਸੀਂ ਜ਼ਿੰਦਗੀ ਵਿੱਚ ਏਨੇ ਰਸਮੀ ਤੇ ਯਾਂਤਰਿਕ ਕਿਓਂ ਬਣਦੇ ਜਾ ਰਹੇ ਹਾਂ, ਅਨਮੋਲ ਰਿਸ਼ਤਿਆਂ ਤੋਂ ਨਿਰਮੋਹੇ ਹੋ ਕੇ ਅਸੀਂ ਜ਼ਿੰਦਗੀ ਤੋ ਟੁੱਟਦੇ ਕਿਓਂ ਜਾ ਰਹੇ ਹਾਂ ?

ਆਖਿਰ ਚ ਮਾਂ ਦੇ ਮਹੱਤਵ ਬਾਰੇ ਕਿਸੇ ਸ਼ਾਇਰ ਦੀਆ ਕੁੱਜ ਕੁ ਸੱਤਰਾਂ ਨਾਲ ਆਪਣੀ ਚਰਚਾ ਨੂੰ ਇੱਥੇ ਹੀ ਵਿਰਾਮ ਲਗਾਉਂਦਾ ਹਾਂ :
ਮਾਂ ਨੂੰ ਦੇਖਿਆ, ਫ਼ਰਿਸ਼ਤਾ ਨਹੀਂ ਦੇਖਿਆ
ਮਾਂ ਨਾਲ਼ੋਂ ਵੱਡਾ ਕੋਈ ਰਿਸ਼ਤਾ ਨਹੀਂ ਦੇਖਿਆ
ਜਦ ਮੂੰਹੋਂ ਕਿਸੇ ਦਾ ਮੈਂ ਨਾਂ ਲੈਣਾ ਸਿੱਖਿਆ
ਰੱਬ ਨਾਲ਼ੋਂ ਪਹਿਲਾਂ ਮੈ ਮਾਂ ਕਹਿਣਾ ਸਿੱਖਿਆ

ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
09/05/2021

Previous articleਅਪਣੀ ਮਾਂ
Next articleਸਿਰੜ ਸੋਚ ਵਾਲੇ ਸਨ ਮੇਰੇ ਸਤਿਕਾਰਯੋਗ ਪਿਤਾ ਪ੍ਰੇਮ ਗੋਰਖੀ – ਨਵਰੂਪ ਕੌਰ ਰੂਪੀ