(ਸਮਾਜ ਵੀਕਲੀ)- ਵੈਸੇ ਤਾਂ ਭਾਰਤ ਵਿੱਚ ਹਸਪਤਾਲ ਜਾਣ ਦਾ ਖਿਆਲ ਹੀ ਬੰਦੇ ਨੂੰ ਤਰੱਭਕਾ ਦਿੰਦਾ ਹੈ ਕਿ ਰੱਬ ਭਲੀ ਕਰੇ। ਅੱਗੇ ਪਿੱਛੇ ਨਾਸਤਿਕ ਸੋਚ ਵਾਲੇ ਵੀ ਪਰਮਾਤਮਾ ਦੀ ਹੋਂਦ ਬਾਰੇ ਬੌਂਦਲਾ ਜਾਂਦੇ ਹਨ ਜਦੋਂ ਮਰੀਜ਼ਾਂ ਦੀ ਕੁਰਲਾਹਟ ਅਤੇ ਪੈਰਾ ਮੈਡੀਕਲ ਸਟਾਫ਼ ਦਾ ਕੁਰੱਖਤ ਰਵੱਈਆ ਦੇਖਣ ਨੂੰ ਮਿਲੇ। ਸਰਕਾਰੀ ਤੰਤਰ ਅਧੀਨ ਚੱਲਣ ਵਾਲੇ ਬਿਮਾਰ ਹਸਪਤਾਲ ਤਾਂ ਆਪਣੇ ਕਾਰਨਾਮਿਆਂ ਨਾਲ ਸਿਰਾ ਹੀ ਲਾ ਦਿੰਦੇ ਹਨ ਅਤੇ ਆਦਮੀ ਮੱਥੇ ਹੱਥ ਮਾਰਨ ਬਗੈਰ ਰਹਿ ਨਹੀਂ ਸਕਦਾ। ਸਰਕਾਰੀ ਹਸਪਤਾਲ ਵਿੱਚ ਭਾਂਵੇ ਸਾਰੇ ਡਾਕਟਰ ਅਤੇ ਅਮਲਾ ਇੱਕੋ ਜਿਹਾ ਨਹੀਂ ਹੁੰਦਾ ਪਰ ਫਿਰ ਵੀ ਪੰਜਾਂ ਵਿੱਚੋਂ ਤਿੰਨ ਕੁ ਉਂਗਲੀਆਂ ਤਾਂ ਪੱਕਾ ਟੇਡੀਆਂ ਹੈ ਹੀ ਨੇ।
ਕਰੋਨਾ ਦਾ ਸਹਿਮ, ਵਹਿਮ, ਤੇ ਰਹਿਮ ਦੀ ਸ਼ਿਕਾਰ ਆਮ ਜਨਤਾ ਤਾਂ ਵਿਚਾਰੀ ਵੇਲਣੇ ‘ਚ ਪਿੱਸਦੀ ਨਜ਼ਰ ਆਉਂਦੀ ਹੈ। ਅਜਿਹਾ ਹੀ ਇੱਕ ਵਾਕਿਆ ਸਾਡੇ ਨਾਲ ਵੀ ਵਾਪਰਿਆ ਜਿਸ ਨਾਲ ਹਾਲੇ ਤੱਕ ਕਈ ਘਰਾਂ ਵਿੱਚ ਕਰੋਨਾ ਭੂਤ ਦੀ ਬਿੜਕ ਸੁਣਾਈ ਦੇ ਰਹੀ ਹੈ।
ਪੰਜ ਕੁ ਦਿਨ ਪਹਿਲਾਂ ਸਵੇਰੇ 8 ਕੁ ਵਜੇ ਦਵਿੰਦਰ ਜੋ ਕਿ ਰਿਸ਼ਤੇ ਵਿੱਚ ਸਾਡਾ ਜਵਾਈ ਲੱਗਦਾ ਹੈ ਦਾ ਫ਼ੋਨ ਆਇਆ ਅਤੇ ਸਿੱਧਾ ਹੀ ਇਹ ਦੱਸਣ ਲੱਗਾ,”ਅੰਕਲ ਜੀ,ਮੰਮੀ ਦੀ ਹਾਲਤ ਠੀਕ ਨਹੀ ਹੈ।ਕੋਈ ਵਧੀਆ ਹਸਪਤਾਲ ਦੱਸੋ”। ਉਹਨੇ ਦੋ ਕੁ ਨਾਮੀ ਪ੍ਰਾਈਵੇਟ ਹਸਪਤਾਲਾਂ ਦੇ ਬਾਰੇ ਮੇਰੀ ਰਾਏ ਵੀ ਮੰਗੀ। ਸ਼ਹਿਰ ਤੋਂ 6 ਕੁ ਕਿੱਲੋਮੀਟਰ ਤੇ ਸਥਿਤ ਉਹ ਆਪਣੇ ਪਿੰਡੋਂ ਹੀ ਬੋਲ ਰਿਹਾ ਸੀ। ਮੈਂ ਪੂਰਾ ਹਾਲ ਚਾਲ ਪੁੱਛਿਆ ਤਾਂ ਪਤਾ ਲੱਗਿਆ ਕਿ ਉਸਦੀ ਮਾਤਾ ਦੇ ਪਹਿਲਾਂ ਪਲੇਟਲੈਟ(ਸੈਲ) ਘੱਟੇ ਸਨ ਜੋ ਕਿ ਹੁਣ ਠੀਕ ਪੱਧਰ ਤੇ ਹੋ ਗਏ ਹਨ।ਬੁਖ਼ਾਰ ਵੀ ਦੋ ਕੁ ਦਿਨਾਂ ਬਾਅਦ ਠੀਕ ਹੋ ਗਿਆ ਸੀ। ਪਰ ਹੁਣ ਸਾਹ ਲੈਣ ਵਿੱਚ ਕਾਫ਼ੀ ਤਕਲੀਫ਼ ਸੀ ਅਤੇਕਮਜੋ਼ਰੀ ਕਾਰਣ ਤੁਰਨੋਂ ਵੀ ਬੇਹਾਲ ਸੀ। ਦਰਅਸਲ ਮੇਰੇ ਕੋਲੋਂ ਸਲਾਹ ਲੈਣ ਦਾ ਉਹਦਾ ਮੰਤਵ ਮੇਰਾ ਤਾਜਾ ਤਾਜਾ ਹੀ ਬੁਖ਼ਾਰ ਅਤੇ ਸੈਲ ਘੱਟਣ ਤੋਂ ਠੀਕ ਹੋਣ ਕਰਕੇ ਜਾਣਕਾਰੀ ਲੈਣਾ ਵੀ ਸੀ। ਦਵਿੰਦਰ ਮਾਂ ਨੂੰ ਹਸਪਤਾਲ ਵਿੱਚ ਕਤੱਈ ਨਹੀਂ ਸੀ ਲਿਜਾਣਾ ਚਾਹੁੰਦਾ। ਉਹਨੂੰ ਲੱਗਦਾ ਸੀ ਕਿ ਉੱਥੇ ਕਰੋਨਾ ਦੀ ਲਾਗ ਲੱਗਣ ਦਾ ਬੜਾ ਡਰ ਸੀ ਅਤੇ ਆਕਸੀਜਨ ਦੀ ਘਾਟ ਦਾ ਵਾਵੇਲਾ ਤਾਂ ਸਾਰੇ ਦੇਸ਼ ਵਿੱਚ ਪਹਿਲਾਂ ਹੀ ਬਹੁਤ ਮੱਚਿਆ ਹੋਇਆ ਸੀ।ਵੱਡਾ ਪੁੱਤਰ ਹੋਣ ਕਰਕੇ ਮਾਂ ਦੀ ਸਿਹਤ ਨਾਲ ਉਹ ਕੋਈ ਜੋਖ਼ਮ ਨਹੀਂ ਸੀ ਉਠਾਉਣਾ ਚਾਹੁੰਦਾ। ਖ਼ੈਰ ਮੈਂ ਉਹਨੂੰ ਹੌਸਲਾ ਦੇਕੇ ਮੇਰੇ ਇੱਕ ਜਾਣਕਾਰ ਡਾਕਟਰ ਕੋਲ ਭੇਜ ਦਿੱਤਾ ਪਰ ਨਾਲ ਹੀ ਕਿਸੇ ਵਧੀਆ ਲੈਬ ਤੋਂ ਖ਼ੂਨ ਅਤੇ ਕਰੋਨਾ ਟੈਸਟ ਕਰਾਉਣ ਲਈ ਵਾਧੂ ਸਲਾਹ ਦੇ ਦਿੱਤੀ। ਉਹ ਫਟਾਫਟ ਕਾਰ ਵਿੱਚ ਪਾ ਕੇ ਮਾਂ ਨੂੰ ਸ਼ਹਿਰ ਦੀ ਨਾਮੀ ਲੈਬ ਵਿੱਚ ਲੈ ਗਿਆ ਅਤੇ ਕਰੋਨਾ ਸਮੇਤ ਖ਼ੂਨ ਦੇ ਸੈਂਪਲ ਦੇਕੇ ਮੇਰੇ ਦੱਸੇ ਡਾਕਟਰ ਕੋਲ ਪਹੁੰਚ ਗਿਆ। ਡਾਕਟਰ ਆਯੁਰਵੈਦਿਕ ਹੋਣ ਕਰਕੇ ਉਹਨੇ ਕੁੱਝ ਦਵਾਈਆਂ ਆਪਣੇ ਕੋਲੋਂ ਦਿੱਤੀਆਂ ਅਤੇ ਇੱਕ ਦਵਾਈ ਸਰੀਰ ਵਿੱਚ ਆਕਸੀਜਨ ਪੱਧਰ ਠੀਕ ਰੱਖਣ ਲਈ ਇੱਕ ਹੋਰ ਹੋਮੀਓਪੈਥਿਕ ਡਾਕਟਰ ਕੋਲੋਂ ਲੈਣ ਲਈ ਕਹਿ ਦਿੱਤਾ। ਹੋਮੀਈਓ ਡਾਕਟਰ ਨੇ ਇੱਕ ਡੋਜ਼ ਉਸੇ ਵੇਲੇ ਦੇ ਦਿੱਤੀ।ਮਰੀਜ਼ ਨੂੰ ਕੁੱਝ ਰਾਹਤ ਮਿਲੀ ਤਾਂ ਉਹ ਵਾਪਸ ਘਰ ਪਹੁੰਚ ਗਏ। ਘਰ ਜਾ ਕੇ ਦਵਿੰਦਰ ਨੇ ਸਾਨੂੰ ਸਾਰੇ ਹਾਲ ਦੀ ਰਿਪੋਰਟ ਦੇਕੇ ਮੇਰਾ ਧੰਨਵਾਦ ਕੀਤਾ। ਨਾਲੇ ਦੱਸਿਆ ਕਿ ਮਾਤਾ ਹੁਣ ਸੌਂ ਗਏ ਹਨ ਅਤੇ ਉਹ ਵੀ ਸ਼ਹਿਰ ਆਪਣੀ ਜੌਬ ਤੇ ਜਾ ਰਿਹੈ।ਅਸੀਂ ਵੀ ਰੱਬ ਦਾ ਸ਼ੁਕਰ ਕੀਤਾ ਕਿ ਸਾਡੀ ਸਲਾਹ ਨਾਲ ਮਰੀਜ਼ ਨੂੰ ਸੁੱਖ ਦਾ ਸਾਹ ਮਿਲਿਆ ਹੈ।
ਉਸੇ ਦਿਨ ਸ਼ਾਮ ਨੂੰ ਸੈਰ ਕਰਦਿਆਂ ਦਵਿੰਦਰ ਦਾ ਫਿਰ ਫ਼ੋਨ ਆ ਗਿਆ। ਪਰ ਉਹ ਬਹੁਤ ਘਬਰਾਇਆ ਸੀ।” ਅੰਕਲ ਜੀ, ਮੰਮੀ ਨੂੰ ਆਕਸੀਜਨ ਲਵਾਉਣੀ ਪੈਣੀ ਆ, ਸਾਹ ਲੈਣਾ ਬਹੁਤ ਹੀ ਮੁਸ਼ਕਲ ਹੈ”। ਮੈਂ ਉਸਨੂੰ 10 ਮਿੰਟ ਵਿੱਚ ਕੁੱਝ ਹੱਲ ਲੱਭਣ ਲ਼ਈ ਕਿਹਾ ਪਰ ਨਾਲ ਹੀ ਜਲਦੀ ਮਾਤਾ ਨੂੰ ਲੈਕੇ ਸ਼ਹਿਰ ਆਉਣ ਲਈ ਹਦਾਇਤ ਕੀਤੀ। ਸਰਕਾਰੀ ਜਾਣਕਾਰ ਡਾਕਟਰ ਤੋਂ ਸ਼ਹਿਰ ਦੇ ਕਿਸੇ ਚੰਗੇ ਪ੍ਰਾਈਵੇਟ ਆਕਸੀਜਨਯੁਕਤ ਹਸਪਤਾਲ ਬਾਰੇ ਪਤਾ ਕੀਤਾ ਤਾਂ ਉਹਨਾਂ ਨੇ ਮਰੀਜ਼ ਨੂੰ ਸਿਵਲ ਹਸਪਤਾਲ ਦੀ ਐਮਰਜੈਂਸੀ ਵਾਰਡ ਵਿੱਚ ਲਿਆਉਣ ਦੀ ਹਦਾਇਤ ਕੀਤੀ।ਮੈਂ ਦਵਿੰਦਰ ਨੂੰ ਅਗਲੇ ਪਲ ਹੀ ਸੂਚਨਾ ਦਿੱਤੀ। ਉਹ ਸਿੱਧਾ ਸਰਕਾਰੀ ਹਸਪਤਾਲ ਪਹੁੰਚਣ ਦੀ ਬਜਾਏ ਦੋ ਨਿੱਜੀ ਹਸਪਤਾਲਾਂ ਵਿੱਚ ਵੀ ਗਿਆ ਪਰ ਕਿਸੇ ਨੇ ਵੀ ਸ਼ੱਕੀ ਕਰੋਨਾ ਮਰੀਜ਼ ਹੋਣ ਕਰਕੇ ਫ਼ਸਟ-ਏਡ ਤੱਕ ਵੀ ਨਾ ਦਿੱਤੀ। ਆਖਰ ਲਾਚਾਰੀ ਵਿੱਚ ਰਾਤ 9ਵਜੇ ਤੋਂ ਪਹਿਲਾਂ ਤੱਕ ਮਾਤਾ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਕੇ ਆਕਸੀਜਨ ਚਾਲੂ ਕਰਵਾ ਦਿੱਤੀ। ਫਿਰ ਉੱਥੇ ਐਟੀਜਨ ਅਤੇ ਆਰਟੀ-ਪੀਸੀਆਰ ਟੈਸਟ ਕੀਤੇ, ਐਕਸ-ਰੇ ਵੀ ਹੋਇਆ।ਸਾਰੇ ਟੈਸਟ ਨੈਗੇਟਿਵ ਆਏ। ਸਾਰੇ ਜੀਆਂ ਨੇ ਸ਼ੁਕਰ ਮਨਾਇਆ।ਅਗਲੀ ਸਵੇਰ 10ਵਜੇ ਵੱਡੇ ਡਾਕਟਰ ਨੇ ਜਦੋਂ ਚੈੱਕ ਕੀਤਾ ਤਾਂ ਆਕਸੀਜਨ ਲੈਵਲ 90 ਤੋਂ ਉੱਪਰ ਦੱਸਕੇ ਹੁਕਮ ਹੋਇਆ,” ਤੁਹਾਡਾ ਮਰੀਜ਼ ਕਰੋਨਾ ਨੈਗੇਟਿਵ ਹੈ, ਥੋੜ੍ਹੀ ਜਿਹੀ ਛਾਤੀ ਦੀ ਬਲਗ਼ਮ ਹੈ, ਖ਼ਤਰੇ ਤੋਂ ਬਾਹਰ ਹੈ, ਇਸਨੂੰ ਜਿੱਥੇ ਚਾਹੋ ਰੈਫਰ ਕਰ ਦਿੰਦੇ ਹਾਂ”। ਦਵਿੰਦਰ ਨੇ ਆਪਣੇ ਪਿਤਾ ਜੀ ਨਾਲ ਗੱਲ ਕੀਤੀ। ਉਸਦੇ ਪਿਤਾ ਜੀ ਸਾਬਕਾ ਫ਼ੌਜੀ ਹਨ। ਉਹਨਾਂ ਨੇ ਮਿਲਟਰੀ ਹਸਪਤਾਲ ਰੈਫਰ ਕਰਨ ਲਈ ਡਾਕਟਰ ਨੂੰ ਬੇਨਤੀ ਕੀਤੀ।ਇੱਕ ਘੰਟੇ ਦੇ ਅੰਦਰ ਮਰੀਜ਼ ਫ਼ੌਜੀ ਹਸਪਤਾਲ ਵਿੱਚ ਪਹੁੰਚ ਗਿਆ। ਉਹਨਾਂ ਨੇ ਜਾਂਦਿਆਂ ਹੀ ਆਕਸੀਜਨ ਚੈਕ ਕੀਤੀ ਜੋ 75 ਦੇ ਆਸ ਪਾਸ ਸੀ, ਕਰੋਨਾ ਟੈਸਟ ਕੀਤਾ ਜੋ ਪਾਜਿਟਿਵ ਆਇਆ, ਐਕਸਰੇ ਵਿੱਚ ਬਹੁਤ ਹੀ ਗਾੜ੍ਹਾ ਸਫੇਦ ਰੰਗ ਹੀ ਨਜ਼ਰ ਆਇਆ। ਯਾਨੀ ਕਿ ਛਾਤੀ ਬਹੁਤ ਜ਼ਿਆਦਾ ਜਕੜੀ ਹੋਈ ਸੀ। ਬਿਨਾ ਦੇਰੀ ਇੰਨਟੈਨਸਿਵ ਕੇਅਰਯੂਨਿਟ ਵਿੱਚ ਇਲਾਜ ਸ਼ੁਰੂ ਹੋ ਗਿਆ ਅਤੇ 3 ਦਿਨਾਂ ਦੇ ਬਾਅਦ ਮਰੀਜ਼ ਗੱਲ-ਬਾਤ ਕਰਨ ਲਾਇਕ ਹੋ ਗਿਆ ਅਤੇ ਖ਼ਤਰੇ ਤੋਂ ਬਾਹਰ ਹੋ ਗਿਆ ਹੈ। ਨਾਮੀ ਲੈਬ ਤੋਂ ਕਰਾਏ ਕਰੋਨਾ ਟੈਸਟ ਦੀ ਵੀ ਪੌਜੇਟਵ ਰਿਪੋਰਟ ਆ ਚੁੱਕੀ ਹੈ।
ਸਵਾਲ ਸਿਰਫ ਏਨਾ ਹੀ ਹੈ ਕਿ ਜੇਕਰ ਆਮ ਕਰੋਨਾ ਪਾਜੇਟਿਵ ਮਰੀਜ਼ਾਂ ਨੂੰ ਨੇੈਗੇਟਿਵ ਕਰਕੇ ਅੱਗੇ ਹੀ ਤੋਰਨਾ ਹੈ ਤਾਂ ਜ਼ਿਲ੍ਹੇ ਪੱਧਰ ਦੇ ਹਸਪਤਾਲਾਂ ਨੂੰ ਕਰੋਨਾ “ਬਿਮਾਰ ਹਸਪਤਾਲ” ਮੰਨਕੇ, ਸਿਰਫ ‘ਆਕਸੀਜਨ ਸਟੇਸ਼ਨ’ ਹੀ ਘੋਸ਼ਿਤ ਕਰ ਦੇਣਾ ਚਾਹੀਦੈ, ਜਿਵੇਂ ਕਿ ਪੈਟਰੋਲ ਡੀਜ਼ਲ ਪੰਪ ਸਟੇਸ਼ਨ ।