ਮਨੁੱਖਤਾ ਦੀ ਸੇਵਾ ਹੀ ਪ੍ਰਭੂ ਦੀ ਸੇਵਾ ਹੈ ਸੰਤ ਬਾਬਾ ਦਿਲਾਵਰ ਸਿੰਘ ਜੀ ‘ਬ੍ਰਹਮ ਜੀ’ ਦਾ ਸੰਗਤ ਨੂੰ ਸੁਨੇਹਾ
ਜਲੰਧਰ/ਹੁਸ਼ਿਆਰਪੁਰ /ਸ਼ਾਮ ਚੁਰਾਸੀ (ਕੁਲਦੀਪ ਚੁੰਬਰ, ਰਣਜੀਤ ਕਲਸੀ ) (ਸਮਾਜ ਵੀਕਲੀ) -ਨਿਰਮਲ ਭੇਖ ਦੀ ਮਾਣ-ਮੱਤੀ ਸਖਸ਼ੀਅਤ ਸੰਤ ਬਾਬਾ ਦਿਲਾਵਰ ਸਿੰਘ ਜੀ ‘ਬ੍ਰਹਮ ਜੀ’ ਦਾ ਜੀਵਨ ਉਦੇਸ਼ ਮਨੁੱਖਤਾ ਦੀ ਸੇਵਾ ਸੀ।ਉਹ ਹਮੇਸ਼ਾਂ ਕਹਿੰਦੇ ਹੁੰਦੇ ਸਨ, ਅਕਾਲ ਪੁਰਖ ਵਾਹਿਗੁਰੂ ਆਪਣੀ ਸਾਜੀ ਹੋਈ ਲੁਕਾਈ ਵਿੱਚ ਵਸਦਾ ਹੈ। ਸਿੱਖ ਵਿਦਵਾਨ ਸ.ਭਗਵਾਨ ਸਿੰਘ ਜੌਹਲ ਅਤੇ ਪ੍ਰਵਾਸੀ ਭਾਰਤੀ ਜਤਿੰਦਰ ਜੇ ਮਿਨਹਾਸ ਨੇ ਦੱਸਿਆ ਕਿ ਜਦੋਂ ਛੇ ਕੁ ਵਰ੍ਹੇ ਪਹਿਲਾਂ ਉਹਨਾਂ ਦੇ ਵਡੇਰੇ ਸੰਤ ਬਾਬਾ ਮਲਕੀਤ ਸਿੰਘ ਜੀ ਜੱਬੜ੍ਹ ਵਾਲੇ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਓਸੇ ਸਮੇ ‘ਬ੍ਰਹਮ ਜੀ’ ਆਪਣੀ ਵੈਰਾਗ ਅਵਸਥਾ ਵਿੱਚ ਸਿਲੀਆਂ ਅੱਖਾਂ ਨਾਲ ਇੱਕੋ ਸ਼ਬਦ ਵਾਰ-ਵਾਰ ਬੋਲੀ ਜਾਂ ਰਹੇ ਸਨ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ (ਜਲੰਧਰ) ਨੂੰ ਅਜੇ ਵੱਡੀਆਂ ਲੋੜਾਂ ਸਨ, ਤੁਹਾਡੀਆਂ।
ਤੁਸੀਂ ਸਾਨੂੰ ਰੋਂਦਿਆਂ ਸਿਸਕਦਿਆਂ, ਹੌਕੇਂ ਭਰਦਿਆਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਅਣਦਿਸਦੇ ਦੇਸ਼ ਜਾਣ ਤੋਂ ਪਹਿਲਾਂ ਕੋਈ ਪ੍ਰਬੰਧਕੀ ਜੁੱਗਤ ਸਮਝਾ ਜਾਂਦੇ। ਤੁਸੀ ਨਿਰਮਲ ਭੇਖ ਦੇ ਨਾਂਅ ਨੂੰ ਤਾਂ ਚਾਰ ਚੰਨ ਲਾ ਗਏ, ਪਰ ਸਾਡੇ ਤੋਂ ਬਾਂਹ ਛੁੱਡਾ ਕੇ ਅਛੋਪਲੇ ਜਿਹੇ ਉਹਲੇ ਹੋ ਗਏ। ਨਿਰੋਲ ਪੇਂਡੂ ਤੇ ਪਿਛੜੇ ਇਲਾਕੇ ਵਿੱਚ ਯੂਨੀਵਰਸਿਟੀ ਵਰਗੀ ਸੰਸਥਾ ਨੂੰ ਚਲਾਉਣਾ ਕੋਈ ਸਹਿਜ ਕਾਰਜ ਨਹੀਂ ਸੀ। ਅਜਿਹੀ ਥਾਂ ਤੇ ਅਸਮਾਨ ਨੂੰ ਛੂਹਦੀਆਂ ਇਮਾਰਤਾਂ ਬਣਾਉਣੀਆਂ ਜਿੱਥੋਂ ਕੌਮੀ ਅਤੇ ਰਾਸ਼ਟਰੀ ਮਾਰਗ ਕੋਹਾਂ ਦੂਰ ਹਨ ਨਿਰੋਲ ਦਿਹਾਤੀ ਇਲਾਕਾ ਜਿਥੇ ਇਹ ਸੰਸਥਾ ਕਾਰਜਸ਼ੀਲ ਹੈ। ਜਿਸ ਪ੍ਰਬੰਧਕੀ ਸੂਝਬੂਝ ਨਾਲ ਇਸ ਸੰਸਥਾ ਨੂੰ ‘ਬ੍ਰਹਮ ਜੀ’ ਨੇ ਸੰਭਾਲਿਆ, ਅੱਜ ਇਸ ਇਲਾਕੇ ਦਾ ਨਾਂਅ ਸੰਸਾਰ ਦੇ ਹਰ ਬਸ਼ਰ ਦੀ ਰਸਨਾ ਉਪਰ ਹੈ ਜੋ ਆਪ ਜੀ ਦੀ ਭਰਪੂਰ ਪ੍ਰਸ਼ੰਸ਼ਾ ਕਰ ਰਿਹਾ ਹੈ।
ਭਾਵੇਂ ਇਲਾਕੇ ਦੇ ਹਜ਼ਾਰਾਂ ਪ੍ਰਵਾਸੀ ਭਾਰਤੀਆਂ ਨੇ ਆਪਣਾ ਬਣਦਾ ਸਰਦਾ ਯੋਗਦਾਨ ਪਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ, ਪਰ ਨਾਲ ਹੀ ਇਹ ਗੱਲ ਵੀ ਮਾਣ ਵਾਲੀ ਹੈ ਕਿ ਆਪਣੇ ਵਡੇਰੇ ਪੁਰਖਿਆਂ ਤੋਂ ਮਿਲੀ ਮਨੁੱਖਤਾ ਦੇ ਪਿਆਰ ਤੇ ਪਰਉਪਕਾਰ ਦੀ ਸਿਖਿਆਂ ਮੁਤਾਬਿਕ ਕਦੇ ਵੀ ਆਪ ਵਿਦੇਸ਼ ਨਹੀਂ ਸਨ ਗਏ। ਇਲਾਕੇ ਦੇ ਸੈਂਕੜੇ ਪਿੰਡਾਂ ਵਿੱਚ ਵਾਤਾਵਰਣ ਸੁਧਾਰ ਲਈ ਲੱਖਾਂ ਪੌਦੇ ਲਗਾਉਂਦਿਆ, ਆਲੇ-ਦੁਆਲੇ ਨੂੰ ਸਾਫ ਰੱਖਣ, ਕਰੋੜਾਂ ਰੁਪਏ ਦੀ ਲਾਗਤ ਨਾਲ ਪੁੱਲਾ ਅਤੇ ਸੜਕਾਂ ਦਾ ਨਿਰਮਾਣ ਕਰਦਿਆਂ, ਗੁਰਦੁਆਰਿਆਂ ਅਤੇ ਸਕੂਲੀ ਇਮਾਰਤਾਂ ਦੀ ਉਸਾਰੀ ਕਰਦਿਆਂ, ਸਮਾਜ ਦੇ ਹਰ ਵਰਗ ਤੋਂ ਅਸੀਸਾਂ ਦੇ ਖੁੱਲੇ ਗੱਫੇ ਲੈਦਿਆਂ, ਨਿਮਾਣੇ ਤੇ ਨਿਤਾਣੇ ਬਣ ਕੇ ਹਉਮੈ ਵਰਗੇ ਵਿਕਾਰ ਨੂੰ ਠਿੱਬੀ ਦਿੰਦਿਆਂ, ਇਕ ਫਕੀਰ ਵਾਲਾ ਨਿਸ਼ਕਾਮ ਜੀਵਨ ਬਤੀਤ ਕੀਤਾ, ਇਕ ਸਫਲ ਗੁਰਸਿੱਖ, ਸੰਤ ਅਤੇ ਰੱਬੀ ਪਿਆਰਿਆਂ ਵਾਲੀ ਸਫਲ ਜੀਵਨ ਯਾਤਰਾ ਤੋਂ ਬਾਅਦ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਜੈ ਹਨ।
‘ਬ੍ਰਹਮ ਜੀ’ ਸ਼ਬਦ ਉਹਨਾਂ ਦੇ ਨਾਂਅ ਨਾਲ ਉਦੋਂ ਜੁੜ ਗਿਆ, ਜਦੋਂ ਬਚਪਨ ਵਿੱਚ ਆਪਣੇ ਸਾਥੀ ਬੱਚਿਆਂ, ਬਜ਼ੁਰਗਾਂ ਅਤੇ ਮਾਤਾਵਾਂ ਨੂੰ ਵਾਰ-ਵਾਰ ਇਹੋ ਯਾਦ ਕਰਵਾਉਂਦੇ ਸਨ ਕਿ ਇਹ ਸੰਸਾਰ ਉਸ ‘ਬ੍ਰਹਮ’ ਦਾ ਪਸਾਰਾ ਹੈ, ਮਨੁਖੱਤਾ ਦੀ ਸੇਵਾ ਤੇ ਪ੍ਰਭੂ ਬੰਦਗੀ ਤੋਂ ਬਿਨਾਂ ਮਨੁੱਖ ਦਾ ਜੀਵਨ ਅਕਾਰਥ ਹੈ। ਡੇਰਾ ਸੰਤਪੁਰਾ, ਜੱਬੜ੍ਹ (ਮਾਣਕੋ), ਜਿਲ੍ਹਾ ਜਲੰਧਰ ਦੇ ਨਾਲ ਲੱਗਦੇ ਪਿੰਡ ਡਰੋਲੀ ਕਲਾਂ ਵਿਖੇ 1964 ਦੇ ਮਾਰਚ ਮਹੀਨੇ ਦੀ ਵੀਹ ਤਾਰੀਖ ਨੂੰ ਪਿਤਾ ਸ. ਜੀਵਨ ਸਿੰਘ ਜੀ ਅਤੇ ਮਾਤਾ ਪਿਆਰ ਕੋਰ ਦੇ ਘਰ ਜੀਵਨ ਲਿਆ। ਇਹ ਪਿੰਡ ਸਰਕਾਰੀ, ਪ੍ਰਬੰਧਕੀ ਸੇਵਾ ਨਿਭਾਉਣ ਵਾਲਿਆ, ਸਮਾਜ ਸੇਵੀ, ਰਾਜਸੀ ਸਖਸ਼ੀਅਤਾਂ, ਸ਼ਹੀਦਾਂ ਅਤੇ ਮਹਾਂ ਪੁਰਖਾਂ ਦਾ ਪਿੰਡ ਹੈ। ਆਪ ਜੀ ਨੇ 23 ਦਸੰਬਰ 2015 ਨੂੰ ਇਸ ਮਹਾਨ ਧਾਰਮਿਕ ਅਸਥਾਨ ਦੀ ਸੇਵਾ ਸੰਭਾਲੀ।
ਇਸ ਪ੍ਰਸਿੱਧ ਧਾਰਮਿਕ ਅਸਥਾਨ ਦੀ ਸੇਵਾ ਨਿਭਾਂਉਦਿਆਂ ਅਤੇ ਯੂਨੀਵਰਸਿਟੀ ਵਰਗੀ ਵੱਡੀ ਸਿਖਿਆ ਸੰਸਥਾ ਨੂੰ ਉਚੱਜੇ ਪ੍ਰਬੰਧਕਾਂ ਹੱਥ ਸੰਭਾਲ ਕੇ ਆਪਣੇ ਉਤਰਾਧਿਕਾਰੀ ਦੀ ਸੇਵਾ ਉਸ ਛੋਟੇ ਬੱਚੇ ਬਾਬਾ ਜਨਕ ਸਿੰਘ ਜੀ ਨੂੰ ਆਪਣੇ ਹੱਥੀਂ ਸੌਂਪ ਕੇ ਆਪ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬ੍ਰਹਮਲੀਨ ਹੋ ਗਏ। ਸੇਵਾਦਾਰਾਂ ਅਤੇ ਸੰਗਤ ਨੂੰ ਇਸ ਪਾਵਨ ਅਸ਼ਥਾਨ ਦੀ ਸੇਵਾ ਦੇ ਨਾਲ-ਨਾਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਨੂੰ ਘਰ-ਘਰ ਪੁਹਚਾਉਣ ਤੇ ਬਾਬਾ ਜਨਕ ਸਿੰਘ ਨੂੰ ਦੁਨਿਆਵੀ ਅਤੇ ਗੁਰਮਤਿ ਦੀ ਸਿਖਿਆ ਵਿੱਚ ਨਿਪੰਨ ਕਰਨ ਲਈ ਵੀ ਸੁਚੇਤ ਕਰ ਗਏ ਹਨ। ਅੱਜ 08 ਮਈ 2021 ਨੂੰ ਅਰਦਾਸ ਸਮਾਗਮ ਸਮੇਂ, ਗੁਰਮਤਿ ਸਮਾਗਮ ਤੇ ਸੰਤ ਸਮਾਗਮ ਇਕੋ ਸਮੇਂ ਹੋ ਰਹੇ ਹਨ। ਇਸ ਮਾਹਨ ਸਖਸ਼ੀਅਤ ਨੂੰ ਸਾਡਾ ਪ੍ਰਣਾਮ।