ਕੋਲਕਾਤਾ (ਸਮਾਜ ਵੀਕਲੀ) : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਲਫ਼ ਲੈਣ ਦੇ ਕੁਝ ਸਮੇਂ ਮਗਰੋਂ ਹੀ ਬੈਠਕ ਕਰਕੇ ਸੂਬੇ ’ਚ ਕੋਵਿਡ-19 ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਕਰੋਨਾ ਫੈਲਣ ਤੋਂ ਰੋਕਣ ਲਈ ਸਥਾਨਕ ਟਰੇਨ ਸੇਵਾਵਾਂ ਨੂੰ ਮੁਅੱਤਲ ਕਰਨ ਸਮੇਤ ਹੋਰ ਕਈ ਨਵੀਂ ਪਾਬੰਦੀਆਂ ਲਗਾਈਆਂ ਹਨ।
ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਬੈਠਕ ਤੋਂ ਬਾਅਦ ਮਮਤਾ ਬੈਨਰਜੀ ਨੇ ਕਿਹਾ ਕਿ ਵੀਰਵਾਰ ਤੋਂ ਮੈਟਰੋ ਰੇਲ ਅਤੇ ਟਰਾਂਸਪੋਰਟ ਸੇਵਾਵਾਂ ’ਚ 50 ਫ਼ੀਸਦ ਦੀ ਕਟੌਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੂਬੇ ’ਚ ਬੈਂਕ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਹੀ ਕੰਮ ਕਰਨਗੇ ਅਤੇ ਸਰਕਾਰੀ ਦਫ਼ਤਰਾਂ ’ਚ 50 ਫ਼ੀਸਦੀ ਅਮਲਾ ਹੀ ਆਵੇਗਾ। ਮੁੱਖ ਮੰਤਰੀ ਨੇ ਪ੍ਰਾਈਵੇਟ ਕੰਪਨੀਆਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਵੀ ਆਪਣੇ ਵਰਕਰਾਂ ਤੋਂ ਘਰੋਂ ਕੰਮ ਕਰਾਉਣ ਨੂੰ ਹੱਲਾਸ਼ੇਰੀ ਦੇਣ।
ਸ਼ੁੱਕਰਵਾਰ ਤੋਂ ਹਵਾਈ ਯਾਤਰੀਆਂ ਨੂੰ ਬੰਗਾਲ ’ਚ ਦਾਖ਼ਲੇ ਲਈ ਆਰਟੀ-ਪੀਸੀਆਰ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਪਵੇਗੀ ਜੋ 72 ਘੰਟੇ ਪੁਰਾਣੀ ਨਹੀਂ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲੰਬੀ ਦੂਰੀ ਦੀਆਂ ਰੇਲ ਗੱਡੀਆਂ ਅਤੇ ਅੰਤਰ ਰਾਜੀ ਬੱਸਾਂ ਰਾਹੀਂ ਬੰਗਾਲ ਆਉਣ ਵਾਲੇ ਮੁਸਾਫ਼ਰਾਂ ਕੋਲ ਵੀ ਆਰਟੀ-ਪੀਸੀਆਰ ਦੀ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ। ਸਾਰੇ ਸ਼ਾਪਿੰਗ ਮਾਲ, ਸੈਲੂਨ, ਰੈਸਟੋਰੈਂਟ, ਬਾਰ, ਖੇਡ ਕੰਪਲੈਕਸ, ਜਿਮ, ਸਪਾ ਅਤੇ ਸਵੀਮਿੰਗ ਪੂਲ ਹਾਲ ਦੀ ਘੜੀ ਬੰਦ ਰਹਿਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly