ਕਾਠਮੰਡੂ (ਸਮਾਜ ਵੀਕਲੀ) :ਨੇਪਾਲ ਵਿੱਚ ਪੁਸ਼ਪਕਮਲ ਦਹਲ ‘ਪ੍ਰਚੰਡ’ ਦੀ ਅਗਵਾਈ ਵਾਲੀ ਸੀਪੀਆਈ (ਮਾਓਵਾਦੀ ਸੈਂਟਰ) ਵੱਲੋਂ ਅੱਜ ਸਰਕਾਰ ਤੋਂ ਅਧਿਕਾਰਤ ਤੌਰ ’ਤੇ ਸਮਰਥਨ ਵਾਪਸ ਲੲੇ ਜਾਣ ਮਗਰੋਂ ਪ੍ਰਧਾਨ ਮੰਤਰੀ ਕੇ.ਪੀ. ਓਲੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਪ੍ਰਤੀਨਿਧੀ ਸਭਾ ’ਚ ਬਹੁਮੱਤ ਖੁੱਸ ਗਿਆ ਹੈ। ਪਾਰਟੀ ਦੇ ਇੱਕ ਸੀਨੀਅਰ ਨੇਤਾ ਗਣੇਸ਼ ਸ਼ਾਹ ਮੁਤਾਬਕ ਸਰਕਾਰ ਤੋਂ ਸਮਰਥਨ ਵਾਪਸ ਲੈਣ ਦੇ ਫ਼ੈਸਲੇ ਦੀ ਜਾਣਕਾਰੀ ਦੇਣ ਸਬੰਧੀ ਇੱਕ ਪੱਤਰ ਸੰਸਦੀ ਸਕੱਤਰੇਤ ਨੂੰ ਸੌਂਪਿਆ ਗਿਆ।
ਉਨ੍ਹਾਂ ਦੱਸਿਆ ਕਿ ਮਾਓਵਾਦੀ ਸੈਂਟਰ ਦੇ ਚੀਫ਼ ਵ੍ਹਿਪ ਦੇਵ ਗੁਰੰਗ ਨੇ ਸੰਸਦੀ ਸਕੱਤਰੇਤ ਅਧਿਕਾਰੀਆਂ ਨੂੰ ਪੱਤਰ ਸੌਂਪਿਆ। ਪੱਤਰ ਸੌਂਪਣ ਮਗਰੋਂ ਸ੍ਰੀ ਗੁਰੰਗ ਨੇ ਕਿਹਾ ਕਿ ਪਾਰਟੀ ਵੱਲੋਂ ਓਲੀ ਸਰਕਾਰ ਤੋਂ ਸਮਰਥਨ ਵਾਪਸ ਲੈਣ ਦਾ ਫ਼ੈਸਲਾ ਕੀਤਾ ਗਿਆ, ਕਿਉਂਕਿ ਸਰਕਾਰ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਸਮਰਥਨ ਵਾਪਸ ਲਏ ਜਾਣ ਮਗਰੋਂ ਓਲੀ ਸਰਕਾਰ ਨੇ ਪ੍ਰਤੀਨਿਧ ਸਭਾ ’ਚ ਆਪਣਾ ਬਹੁਮੱਤ ਗੁਆ ਦਿੱਤਾ ਹੈ।
ਇਸੇ ਦੌਰਾਨ ਪ੍ਰਧਾਨ ਮੰਤਰੀ ਓਲੀ ਸਮਰਥਨ ਲੈਣ ਲਈ ਅੱਜ ਮੁੱਖ ਵਿਰੋਧੀ ਨੇਤਾ ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਦੁਰ ਦਿਓਬਾ ਦੀ ਬੁੱਧਾਨੀਲਕੰਠ ਸਥਿਤ ਰਿਹਾਇਸ਼ ’ਤੇ ਪਹੁੰਚੇ। ਨੇਪਾਲੀ ਕਾਂਗਰਸ ਦੇ ਸੂੁਤਰਾਂ ਮੁਤਾਬਕ ਮੁਲਾਕਾਤ ਦੌਰਾਨ ਦੋਵਾਂ ਨੇਤਾਵਾਂ ਵੱਲੋਂ ਦੇਸ਼ ਦੇ ਸੱਜਰੇ ਘਟਨਾਕ੍ਰਮ ’ਤੇ ਚਰਚਾ ਕੀਤੀ ਗਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly