ਨਵੀਂ ਦਿੱਲੀ (ਸਮਾਜ ਵੀਕਲੀ) : ਦੇਸ਼ ਭਰ ਵਿਚ ਕਰੋਨਾਵਾਇਰਸ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਅੱਜ ਤਿੰਨ ਲੋਕ ਸਭਾ ਤੇ ਅੱਠ ਵਿਧਾਨ ਸਭਾ ਸੀਟਾਂ ਲਈ ਹੋਣ ਵਾਲੀਆਂ ਉਪ ਚੋਣਾਂ ਅੱਗੇ ਪਾਉਣ ਦਾ ਫ਼ੈਸਲਾ ਲਿਆ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਮਹਾਮਾਰੀ ਸਬੰਧੀ ਹਾਲਾਤ ਸੁਧਰਨ ਤੱਕ ਚੋਣ ਪ੍ਰਕਿਰਿਆ ਸ਼ੁਰੂ ਕਰਵਾਉਣਾ ਠੀਕ ਨਹੀਂ ਹੋਵੇਗਾ।
ਕਮਿਸ਼ਨ ਨੇ ਕਿਹਾ ਕਿ ਲੋਕ ਸਭਾ ਦੀਆਂ ਤਿੰਨ ਸੀਟਾਂ ਦਾਦਰਾ ਤੇ ਨਗਰ ਹਵੇਲੀ, ਖਾਂਡਵਾ (ਮੱਧ ਪ੍ਰਦੇਸ਼) ਅਤੇ ਮੰਡੀ (ਹਿਮਾਚਲ ਪ੍ਰਦੇਸ਼) ਤੋਂ ਇਲਾਵਾ ਵਿਧਾਨ ਸਭਾ ਦੀਆਂ ਅੱਠ ਸੀਟਾਂ ਹਰਿਆਣਾ ਵਿਚ ਕਾਲਕਾ ਤੇ ਏਲਨਾਬਾਦ, ਕਰਨਾਟਕ ਵਿਚ ਸਿੰਗੜੀ, ਮੇਘਾਲਿਆ ’ਚ ਰਾਜਬਾਲਾ ਤੇ ਮਾਵਰਿਨਕਨੈਂਗ, ਹਿਮਾਚਲ ਪ੍ਰਦੇਸ਼ ’ਚ ਫ਼ਤਹਿਪੁਰ ਅਤੇ ਆਂਧਰਾ ਪ੍ਰਦੇਸ਼ ’ਚ ਬਡਵੇਲ ਸੀਟਾਂ ਖਾਲੀ ਪਈਆਂ ਹਨ। ਕਮਿਸ਼ਨ ਨੇ ਕਿਹਾ ਕਿ ਅਜਿਹੀਆਂ ਕੁਝ ਹੋਰ ਸੀਟਾਂ ਹਨ ਜਿਨ੍ਹਾਂ ਲਈ ਰਿਪੋਰਟ ਤੇ ਨੋਟੀਫਿਕੇਸ਼ਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਚੋਣ ਕਮਿਸ਼ਨ ਨੇ ਕਿਹਾ, ‘‘ਕਮਿਸ਼ਨ ਵੱਲੋਂ ਫ਼ੈਸਲਾ ਲਿਆ ਗਿਆ ਕਿ ਦੇਸ਼ ਭਰ ਵਿਚ ਮਹਾਮਾਰੀ ਸਬੰਧੀ ਹਾਲਾਤ ਸੁਧਰਨ ਤੇ ਸੁਖਾਵੇਂ ਹੋਣ ਤੱਕ ਇਹ ਉਪ-ਚੋਣਾਂ ਕਰਵਾਉਣਾ ਉਚਿਤ ਨਹੀਂ ਹੋਵੇਗਾ।’’ ਕਮਿਸ਼ਨ ਨੇ ਕਿਹਾ ਕਿ ਸਬੰਧਤ ਰਾਜਾਂ ਤੋਂ ਜਾਣਕਾਰੀ ਲੈਣ ਅਤੇ ਕੌਮੀ ਤੇ ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀਆਂ ਨਾਲ ਮਸ਼ਵਰਾ ਕਰਨ ਤੋਂ ਬਾਅਦ ਅਗਲਾ ਫ਼ੈਸਲਾ ਲਿਆ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly