ਜੀ ਆਇਆ ਨੂੰ

ਜਸਦੇਵ ਜੱਸ

(ਸਮਾਜ ਵੀਕਲੀ)

ਬਹੁਤ ਵਾਰੀ ਸੁਣੀ ਹੈ
ਮੈਂ ਤੇਰੀ ਦਸਤਕ ਮਨ ਕੇ ਬੂਹੇ ਤੇ–
ਬਹੁਤ ਵਾਰ ਮੁੜੀਂ ਏਂ ਤੂੰ ਨਿਰਾਸ਼
ਮੇਰੇ ਦਰੋਂ ਸ਼ਬਦਾਂ ਤੋਂ ਸੱਖਣੀ ਝੋਲ ਲੈ
ਤੇਰਾ ਆਉਣਾ, ਮੈਂ ਕਦੇ ਨਾ ਸਵੀਕਾਰਿਆ
ਮੇਰੀ ਚੁੱਪ ਨੇ, ਬੂਹਾ ਢੋਅ ਕੁੰਡਾ ਮਾਰਿਆ
ਮੁੜਦੀ ਰਹੀ ਤੂੰ ਬਹੁਤ ਵਾਰੀ ਮੇਰੇ ਉਦਾਸ ਕਮਰੇ ਦੀ
ਦੇਲ੍ਹੀ ਤੇ ਪੈਰ ਧਰ
ਮੈਂ ਤੇਰੇ ਪੈਰ ਦਾ ਨਿਸ਼ਾਨ ਪਲੋਸਦਾ
ਦੇਰ ਤਕੀਰ ਸੋਚਦਾ ਕਿ ਤੂੰ ਆਖ਼ਿਰ
ਐਨੀ ਜ਼ਿੱਦ ਕਿਉਂ ਕਰਦੀ ਏਂ
ਤੇਰੇ ਮਨ ਦੀ ਇਬਾਰਤ ਵੀ
ਮੈਂ ਪੜ੍ਹ ਲੈਂਦਾ, ਹਰੇਕ ਵਾਰ
ਕਿ, ਇਹ ਚੁੱਪ ਜਿਹਾ ਮੁੰਡਾ ਕਦੇ ਮਨ ਦੀ ਗੱਲ
ਨਹੀਂ ਕਰੇਗਾ ਆਪਣੀ ਚੁੱਪ ਨੂੰ  ਲੈ- ਪਾਗਲ ਹੋ ਮਰੇਗਾ
ਝੱਲੀਏ ! ਤੂੰ ਸਮਝਦੀ ਕਿਉਂ ਨਹੀਂ
ਕਿ ਮੈਂ ਕਿਹੜਾ ਖੁਸ਼ ਹਾਂ ਤੈਨੂੰ ਆਪਣੇ ਦਰੋਂ
ਸੱਖਣੀ ਤੇ ਨਿਰਾਸ਼ ਮੋੜਕੇ ਦਿਲ ਤਾਂ ਮੇਰਾ ਵੀ
ਬਹੁਤ ਕਰਦਾ  ਕਿ ਬਿਠਾਕੇ ਤੈਨੂੰ ਕੋਲ ਭਰ ਦਿਆਂ
ਖੁਸ਼ੀ ਦੇ ਸ਼ਬਦਾਂ ਨਾਲ ਤੇਰੀ ਝੋਲ
ਪਰ ਕੀ ਕਰਾਂ ਮੈਂ ? ਤੇਰੇ ਸਾਹਮਣੇ, ਮੈਥੋਂ
ਝੂਠ ਨਹੀਂ ਜਾਂਦਾ ਕਿਹਾ
ਏਸੇ ਲਈ ਮੈਂ, ਹੁਣ ਤੱਕ ਤੈਨੂੰ ਨਿਰਾਸ਼ ਮੋੜਦਾ ਰਿਹਾ
ਜੀਅ ਨਹੀਂ ਕਰਦਾ, ਕਿ ਪਹਿਲੀ ਹੀ ਮੁਲਾਕਾਤ ’ਚ
ਮੈਂ ਛੇੜਾਂ ਤੇਰੇ ਨਾਲ, ਆਪਣੇ ਗ਼ਮ,
ਦੁੱਖ ਤੇ ਤਨਹਾਈ ਦੀ ਬਾਤ ਤੇ ਹੁਣ .. . . .
ਸੋਚਿਆਂ ਹੈ ਮੈਂ ਆਖਿਰ
ਕਿ ਖੁਸ਼ੀ ਦਾ ਪਲ ਤਲਾਸ਼ਦਾ
ਮੈਂ ਕਦੋਂ ਤੀਕ ਚੁੱਪ ਰਹਾਂਗਾਂ
ਤੇਰੇ ਨਿਰਾਸ਼ ਪਰਤ ਜਾਣ ਦਾ ਦੁੱਖ ਵੀ
ਕਦੋਂ ਤੱਕ ਸਹਾਂਗਾਂ ਏਸੇ ਲਈ ਮੈਂ, ਸੋਚਿਆ ਹੈ
ਇਹ ਵੀ .. . . .
ਕਿ ਇਸ ਵੇਲੇ, ਜੋ ਵੀ ਮੇਰੇ ਕੋਲ ਸੱਚ ਹੈ
ਕਰਾਂ ਤੇਰੇ ਨਾਲ, ਉਸ ਦੀਆਂ ਗੱਲਾਂ ਤੇ ਹੁਣ .. . . .
ਤੇ ਹੁਣ—
ਜੀਅ ਬੜਾ ਕਰਦਾ
ਕਿ ਮੈਂ ਤੈਨੂੰ ਸੁਨੇਹਾ ਘੱਲਾਂ
ਕਿ ਆ ਦੇ ਮੇਰੀ ਬੂਹੇ ਤੇ
ਉਵੇਂ ਹੀ ਦਸਤਕ
ਕਿ ਕੰਨ ਤਰਸਗੇ ਮੇਰੇ
ਤੇਰੀ ਪੈਰ ਚਾਪ ਨੂੰ
ਕਿ ਆ
ਮੇਰੀ ਉਦਾਸ ਦੇਲ੍ਹੀ ਨੂੰ
ਚਾਰ ਚੰਨ ਲਾ
ਮਨ ਚ ਰੁਕਿਆ
ਦੁੱਖ ਤੇ ਗਮ ਦਾ ਸਾਗਰ
ਹੁਣ ਬੰਨ੍ਹ ਤੋੜਕੇ —
ਵਹਿਣਾ ਚਾਹੁੰਦਾਂ
ਦਿਲ ਦੇ ਸਾਰੇ ਚਾਂਵਾਂ ਨਾਲ
ਮੈਂ ਤੈਨੂੰ
ਜੀ ਆਇਆ ਨੂੰ
ਕਹਿਣਾ ਚਾਹੁੰਦਾਂ।
ਜਸਦੇਵ ਜੱਸ
ਖਰੜ 
ਮੋਬਾਇਲ 98784-53979
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਨੋਖੇ ਵੇਚਦਾਰ।
Next articleਲੋਕਾਂ ਨੂੰ ਆਕਸੀਜਨ ਦਿਓ, ਸ਼ੁਤਰਮੁਰਗ ਵਾਂਗ ਰੇਤ ’ਚ ਸਿਰ ਨਾ ਲੁਕਾਓ: ਦਿੱਲੀ ਹਾਈ ਕੋਰਟ ਵੱਲੋਂ ਕੇਂਦਰ ਨੂੰ ਅਦਾਲਤੀ ਤੌਹੀਨ ਦੀ ਕਾਰਵਾਈ ਦੀ ਚਿਤਾਵਨੀ