ਵੈਨਕੂਵਰ (ਸਮਾਜ ਵੀਕਲੀ) : ਸਰੀ ਦੇ ਨਾਲ ਲਗਦੇ ਸ਼ਹਿਰ ਡੈਲਟਾ ਦੇ ਵਾਲਮਾਰਟ ਪਾਰਕਿੰਗ ਵਿਚ ਪੰਜਾਬੀ ਮੁੰਡੇ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਮ੍ਰਿਤਕ ਦੀ ਪਛਾਣ ਬਿਕਰਮਦੀਪ ਸਿੰਘ ਰੰਧਾਵਾ (29) ਵਜੋਂ ਹੋਈ, ਜੋ ਜੇਲ੍ਹ ਵਿਭਾਗ ਵਿਚ ਅਫ਼ਸਰ ਸੀ। ਪੁਲੀਸ ਵੱਲੋਂ ਕਤਲ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਸ਼ਾਮ ਵੇਲੇ ਵਾਲਮਾਰਟ ਮੂਹਰਲੇ ਗੈਸ ਸਟੇਸ਼ਨ ਕੋਲ ਗੋਲੀਆਂ ਚੱਲਣ ਕਾਰਨ ਹਫੜਾ-ਦਫੜੀ ਮਚ ਗਈ। ਮੁਲਜ਼ਮਾਂ ਦੀ ਕਾਰਵਾਈ ਸੀਸੀਟੀਵੀ ਵਿਚ ਕੈਦ ਹੋ ਗਈ। ਘਟਨਾ ਦੇ ਘੰਟੇ ਕੁ ਬਾਅਦ ਬਰਨਬੀ ਸ਼ਹਿਰ ਵਿਚ ਪੁਲੀਸ ਨੂੰ ਕਾਰ ਨੂੰ ਅੱਗ ਲਗਣ ਦਾ ਪਤਾ ਲੱਗਿਆ।
ਸਮਝਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਉਹ ਕਾਰ ਵਰਤੀ ਹੋਵੇਗੀ ਤੇ ਸਬੂਤ ਮਿਟਾਉਣ ਲਈ ਕਾਰ ਸਾੜ ਦਿੱਤੀ। ਪੁਲੀਸ ਇੰਸਪੈਕਟਰ ਗਾਇ ਲੀਸਨ ਨੇ ਕਿਹਾ ਕਿ ਰੰਧਾਵਾ ਮੈਪਲ ਰਿੱਜ ਜੇਲ੍ਹ ਵਿਚ ਅਫ਼ਸਰ ਸੀ। ਘਟਨਾ ਉਪਰੰਤ ਪੁਲੀਸ ਵੱਲੋਂ ਪਾਰਕਿੰਗ ਨੂੰ ਘੇਰੇ ਜਾਣ ਕਾਰਨ ਲੋਕਾਂ ਨੂੰ ਕਾਰਾਂ ਰਾਤ ਭਰ ਉਥੇ ਛੱਡਣ ਲਈ ਮਜਬੂਰ ਹੋਣਾ ਪਿਆ। ਸਰਕਾਰੀ ਮੁਲਾਜ਼ਮ ਜਥੇਬੰਦੀ ਦੀ ਪ੍ਰਧਾਨ ਸਟੈਫਨੀ ਸਮਿੱਥ ਨੇ ਰੰਧਾਵਾ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਘਿਨਾਉਣੀ ਤੇ ਕਾਇਰਾਨਾ ਘਟਨਾ ਅਮਨ ਕਨੂੰਨ ਨਾਲ ਸਬੰਧਤ ਅਮਲੇ ਲਈ ਚੁਣੌਤੀ ਸਮਝੀ ਜਾਣੀ ਚਾਹੀਦੀ ਹੈ। ਮ੍ਰਿਤਕ ਦੇ ਸਾਥੀਆਂ ਨੇ ਕਿਹਾ ਕਿ ਉਹ ਬਹੁਤ ਹੀ ਮਿਲਾਪੜੇ ਤੇ ਦਿਆਨਤਦਾਰ ਸੁਭਾਅ ਵਾਲਾ ਇਨਸਾਨ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly