ਚੰਡੀਗੜ੍ਹ (ਸਮਾਜ ਵੀਕਲੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ’ਚ ਮਾਨਤਾ ਪ੍ਰਾਪਤ (ਐਕਰੀਡੇਟਿਡ) ਅਤੇ ਪੀਲੇ ਕਾਰਡ ਧਾਰਕ ਸਾਰੇ ਪੱਤਰਕਾਰਾਂ ਨੂੰ ਕੋਵਿਡ ਵਿਰੁੱਧ ਲੜਾਈ ਵਿਚ ਫਰੰਟਲਾਈਨ ਯੋਧਿਆਂ ਦੀ ਸੂਚੀ ਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਬਿਜਲੀ ਨਿਗਮ ਦੇ ਸਾਰੇ ਮੁਲਾਜ਼ਮਾਂ ਨੂੰ ਵੀ ਫਰੰਟਲਾਈਨ ਵਰਕਰ ਐਲਾਨਿਆ ਹੈ।
ਹੁਣ ਪੱਤਰਕਾਰਾਂ ਸਮੇਤ ਇਹ ਮੁਲਾਜ਼ਮ ਪਹਿਲ ਦੇ ਆਧਾਰ ਉਤੇ ਟੀਕਾ ਲਵਾਉਣ ਸਣੇ ਉਨ੍ਹਾਂ ਸਾਰੇ ਲਾਭਾਂ ਦੇ ਯੋਗ ਹੋਣਗੇ, ਜੋ ਬਾਕੀ ਫਰੰਟਲਾਈਨ ਵਰਕਰਾਂ ਨੂੰ ਮਿਲਦੇ ਹਨ। ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਜੰਮੂ, ਜਨਰਲ ਸਕੱਤਰ ਪ੍ਰੀਤਮ ਰੁਪਾਲ ਤੇ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਜੈ ਸਿੰਘ ਛਿੱਬਰ ਤੇ ਜਨਰਲ ਸਕੱਤਰ ਬਿੰਦੂ ਸਿੰਘ ਨੇ ਫੈਸਲੇ ਦਾ ਸਵਾਗਤ ਕਰਦਿਆਂ ਮੰਗ ਕੀਤੀ ਕਿ ਇਸ ਸੂਚੀ ਵਿਚ ਗੈਰ ਮਾਨਤਾ ਪ੍ਰਾਪਤ ਪੱਤਰਕਾਰਾਂ ਅਤੇ ਵੈੱਬ ਟੀਵੀ ਜਾਂ ਵੈੱਬਸਾਈਟਾਂ ਲਈ ਕੰਮ ਕਰਦੇ ਪੱਤਰਕਾਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ।