ਜਗਦੇਵ ਸਿੰਘ ਜੱਸੋਵਾਲ ਵਾਂਗ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਵਿਕਾਸ ਹੀ ਉਸ ਨੂੰ ਸੱਚੀ ਸ਼ਰਧਾਂਜਲੀ- ਡਾ: ਮਨੋਹਰ ਸਿੰਘ ਗਿੱਲ

ਨਕੋਦਰ (ਵਰਮਾ) (ਸਮਾਜ ਵੀਕਲੀ): ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਅਤੇ ਲਫ਼ਜ਼ਾਂ  ਦੀ ਦੁਨੀਆਂ ਸਾਹਿਤ ਸਭਾ, ਨਕੋਦਰ ਵੱਲੋਂ ਪੰਜਾਬ ਵਿੱਚ ਸਾਹਿੱਤਕ ਸਭਿਆਚਾਰਕ ਮੇਲਿਆਂ ਦੇ ਥੰਮ ਸੁਰਗਵਾਸੀ ਸ:  ਜਗਦੇਵ ਸਿੰਘ ਜੱਸੋਵਾਲ ਜੀ ਦੇ 86ਵੇ ਜਨਮ ਦਿਨ ‘ਤੇ ਵਿਸ਼ੇਸ਼ ਆਨ-ਲਾਈਨ ਪ੍ਰੋਗਰਾਮ ਦਾ ਉਦਘਾਟਨੀ ਭਾਸ਼ਨ ਦਿੰਦਿਆਂ ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਤੇ ਸਮਰੱਥ ਪ੍ਰਸ਼ਾਸਨਿਕ ਅਧਿਕਾਰੀ ਡਾ: ਮਨੋਹਰ ਸਿੰਘ ਗਿੱਲ ਨੇ ਕਿਹਾ ਹੈ ਕਿ ਅੱਜ ਪੰਜਾਬੀ ਭਾਸ਼ਾ ਸਭਿਆਚਾਰ ਤੇ ਸਾਹਿੱਤ ਨੂੰ ਖ਼ੋਰਾ ਲੱਗ ਰਿਹਾ ਹੈ ਜਿਸ ਦਾ ਕਾਰਨ ਸਾਡਾ ਨਕਲੀ ਜੀਵਨ ਵਿਹਾਰ ਹੈ। ਸਾਡੇ ਪਿਆਰੇ ਵੀਰ ਜਗਦੇਵ ਸਿੰਘ ਜੱਸੋਵਾਲ ਵਾਂਗ ਲੱਕ ਬੰਨ੍ਹ ਕੇ ਇਸ ਨੂੰ ਸੰਭਾਲਣ ਦੀ ਲੋੜ ਹੈ। ਜੱਸੋਵਾਲ ਹਰ ਪਾਸਿਉਂ ਠੇਠ ਪੰਜਾਬੀ ਸੀ ਅਤੇ ਸਾਹਿੱਤ, ਸੰਗੀਤ ਤੇ ਕੋਮਲ ਕਲਾਵਾਂ ਦੀ ਸਰਪ੍ਰਸਤੀ ਕਰਕੇ ਉਮਰ ਭਰ ਉਹ ਚਿਰਾਗ ਵਾਂਗ ਜਗਿਆ।

ਡਾ.ਮਨੋਹਰ ਸਿੱਖ ਗਿੱਲ ਨੇ ਕਿਹਾ ਕਿ ਮੈਂ ਆਪਣੇ ਪਿੰਡ ਅਲਾਦੀਨਪੁਰ (ਤਰਨਤਾਰਨ) ਚ ਬੜਾ ਘੱਟ ਰਿਹਾ ਹਾਂ  ਪਰ ਹੁਣ ਤੀਕ ਵੀ ਮੈਂ ਮਨੋਂ ਚਿੱਤੋਂ  ਪਿੰਡ ਨਈਂ ਛੱਡਿਆ, ਪਿੰਡ ਦੀ ਮਿੱਟੀ ਨਹੀਂ ਛੱਡੀ ਤੇ ਪਿੰਡ ਦੀ ਬੋਲੀ ਨਹੀਂ ਛੱਡੀ, ਇਸੇ ਨੇ ਹੀ ਮੇਰਾ ਮੇਲ ਜਗਦੇਵ ਸਿੰਘ ਜੱਸੋਵਾਲ ਨਾਲ ਕਰਵਾਇਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਅਸੀਂ ਉਨ੍ਹਾਂ ਅੱਖਰਾਂ ਨੂੰ ਸਾਂਭਣ ਦੇ ਰਾਹ ਤੁਰੇ ਸਾਂ ਜਿਸ ਨੂੰ ਵਾਰਿਸ ਸ਼ਾਹ, ਸ਼ਿਵ ਬਟਾਲਵੀ ਬੋਲਦੇ ਸਨ। ਉਹੀ ਜ਼ਬਾਨ ਸਾਂਭਣ ਦਾ ਫਿਕਰ ਕਰੀਏ।

ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਵੀ.ਸੀ. ਡਾ. ਐੱਸ.ਪੀ. ਸਿੰਘ ਨੇ  ਕਿਹਾ ਕਿ ਜੱਸੋਵਾਲ ਸਾਹਿਬ ਨਾਲ ਮੈਂ ਅਕਸਰ ਰਸਮੀ ਤੌਰ ‘ਤੇ ਹੀ ਮਿਲਦਾ ਸਾਂ ਪਰ ਉਹ ਅਪਣੱਤ ਤੇ ਭਾਵੁਕਤਾ ਨਾਲ ਕਲਾਵੇ ਵਿੱਚ ਲੈ ਕੇ ਵੱਖਰੀ ਸਾਂਝ ਸਿਰਜ ਲੈਂਦੇ ਸਨ। ਉਨ੍ਹਾਂ ਦੀ ਚਿੰਤਾ ਲੋਕ ਸਭਿਆਚਾਰ ਦੀ ਸੰਭਾਲ ਸੀ।

ਲਫ਼ਜ਼ਾਂ ਦੀ ਦੁਨੀਆਂ ਦੇ ਫੇਸਬੁੱਕ ਪੇਜ ‘ਤੇ ਲਾਈਵ ਟੈਲੀਕਾਸਟ ਵਿੱਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ. ਬੀਰ ਦੇਵਿੰਦਰ ਸਿੰਘ ਹੁਰਾਂ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮੈਂ ਯਾਦਾਂ ਦੇ ਝਰੋਖਿਆਂ ਵਿੱਚੋਂ ਚੁਣੀਂਦਾ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਜੱਸੋਵਾਲ ਦਿਲਦਾਰ ਇਨਸਾਨ ਸਨ। ਪੁਸਤਕ ਪ੍ਰੇਮ ਸਿਖਰ ਦਾ ਸੀ। ਉਨ੍ਹਾਂ ਮੇਰੇ ਕਿਤਾਬ ਭੰਡਾਰ ‘ਚੋਂ ਇੱਕ ਵਾਰ ਮੁਹੰਮਦ ਅਲੀ ਜਿਨਾਹ ਬਾਰੇ ਕਿਤਾਬ ਲਈ, ਜਿਸ ਨੂੰ ਉਹ ਬਾਰ ਬਾਰ ਪੜ੍ਹਦੇ ਰਹੇ।

ਪੁਸਤਕ ਆਦਾਨ ਪ੍ਰਦਾਨ ਲਈ ਵਾਰ ਮੈਂ ਉਨ੍ਹਾਂ ਕੋਲ ਗਿਆ,ਪਰ ਕਿਤਾਬਾਂ ਨਾਲੋਂ ਵੀ ਬਿਹਤਰ ਇਨਸਾਨ ਮੈਨੂੰ ਜੱਸੋਵਾਲ ਸਾਹਿਬ  ਦੀ ਸੰਗਤ  ‘ਚੋਂ ਮਿਲ ਗਏ।ਉਨ੍ਹਾਂ ਇਹ ਵੀ ਦੱਸਿਆ ਕਿ ਜੱਸੋਵਾਲ ਸਾਹਿਬ ਬਹੁਤ ਬੇਬਾਕ ਇਨਸਾਨ ਸਨ।

ਇਸ ਲਾਈਵ ਪ੍ਰੋਗਰਾਮ ਵਿੱਚ ਸ. ਜਗਦੇਵ ਸਿੰਘ ਜੱਸੋਵਾਲ ਹੁਰਾਂ ਬਾਰੇ ਗੱਲਾਂ ਕਰਦਿਆਂ ਡਾ.ਜਸਵਿੰਦਰ ਸਿੰਘ ਭੱਲਾ, ਡਾ: ਨਿਰਮਲ ਜੌੜਾ ,ਬਾਲ ਮੁਕੰਦ ਸ਼ਰਮਾ, ਡਾ: ਸੁਖਨੈਨ, ਜਗਤਾਰ ਸਿੰਘ ਸੰਘੇੜਾ, ਨਿੰਦਰ ਘੁਗਿਆਣਵੀ ਹੁਰਾਂ ਵੀ ਆਪਣੇ ਯਾਦਾਂ ਦੇ ਝਰੋਖੇ ‘ਚੋਂ ਵਿਚਾਰ ਸਾਂਝੇ ਕੀਤੇ। ਜਡਾ.ਸੁਖਨੈਨ ਹੁਰਾਂ ‘ਚਿੜੀਆਂ ਦਾ ਚੰਬਾ’ ਗੀਤ ਸੁਣਾ ਕੇ; ਸ: ਜੱਸੋਵਾਲ ਸਾਹਿਬ ਦੀ ਯਾਦ ਨੂੰ ਤਾਜ਼ਾ ਕਰਦਿਆਂ ਦੱਸਿਆ ਕਿ ਉਹ ਅਕਸਰ ਮੈਥੋਂ ਇਹ ਗੀਤ ਸੁਣਦੇ ਹੁੰਦੇ ਸਨ।

ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਹੁਰਾਂ ਵੀ ਸ. ਜਗਦੇਵ ਸਿੰਘ ਜੱਸੋਵਾਲ ਹੁਰਾਂ ਨਾਲ ਜੁੜਿਆ ਅਨੇਕਾਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਵੱਲੋਂ ਸਵਾਗਤੀ ਭਾਸ਼ਣ ਦਿੰਦਿਆਂ ਸਾਰੇ ਵਕਤਿਆਂ ਨੂੰ ਜੀ ਆਇਆ ਵੀ ਕਿਹਾ ਗਿਆ। ਆਖ਼ਰ ਵਿੱਚ ਸ: ਜੱਸੋਵਾਲ ਦੇ ਨਿੱਕੇ ਵੀਰ ਸ.ਇੰਦਰਜੀਤ ਸਿੰਘ ਗਰੇਵਾਲ  ਅਤੇ ਪ੍ਰੋ. ਜਸਵੀਰ ਸਿੰਘ ਸ਼ਾਇਰ ਹੁਰਾਂ ਵੱਲੋਂ ਪ੍ਰੋਗਰਾਮ ਵਿੱਚ ਸ਼ਾਮਲ ਮਹਿਮਾਨਾਂ  ਦਾ ਧੰਨਵਾਦ ਕੀਤਾ ਗਿਆ। ਡਾ.ਨਿਰਮਲ ਜੌੜਾ ਹੁਰਾਂ ਬਾਖੂਬੀ ਮੰਚ ਸੰਚਾਲਨ ਕੀਤਾ। ਸ.ਜਗਦੇਵ ਸਿੰਘ ਜੱਸੋਵਾਲ ਹੁਰਾਂ ‘ਤੇ ਬਣਾਈ ਡਾਕੂਮੈਂਟਰੀ ਵੀ ਦਿਖਾਈ ਗਈ। ਇਸ ਲਾਈਵ ਟੈਲੀਕਾਸਟ ਤੱਕ ਦੋ ਹਜ਼ਾਰ ਤੋਂ ਵੱਧ ਲੋਕਾਂ ਵੱਲੋਂ ਪਹੁੰਚ ਕੀਤੀ ਗਈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article2 rockets target Baghdad airport area: Iraqi military
Next articleਢੱਕ ਮਜਾਰਾ ਵਿਖੇ ਮਾਨਵਤਾ ਕਲਾ ਮੰਚ ਨਗਰ ਦੀਆਂ ਪੇਸ਼ਕਾਰੀਆਂ ਨੇ ਦਰਸ਼ਕ ਕੀਲੇ