ਬਲਦਾਂ ਤੋਂ ਬਿਨਾਂ, ਦੇਹਰਾਦੂਨ ਤੋਂ ਭਾਈਰੂਪਾ ਵਿਖੇ ਪਹੁੰਚੇ ‘ਉਡਾਣ ਰਥ’ ਦੀ ਅਸਲ ਕਹਾਣੀ ..

(ਸਮਾਜ ਵੀਕਲੀ)

ਉਸ ਸਮੇਂ ਮੇਰੀ ਉਮਰ ਮਸਾਂ ਗਿਆਰਾਂ-ਬਾਰਾਂ ਸਾਲ ਸੀ, ਮੈਂ ਗੁਰਦੁਆਰਾ ਪਾਤਸ਼ਾਹੀ ਛੇਵੀਂ ਭਾਈਰੂਪਾ, ਬਠਿੰਡਾ, ਪੰਜਾਬ ਵਿਖੇ ਸ਼ਾਮ ਦੀ ਰਹਿਰਾਸ ਦਾ ਪਾਠ ਕਰਕੇ ਬਾਹਰ ਆਇਆ ਤਾਂ ਪੰਜਾਬੀ ਯੂਨੀਵਰਸਿਟੀ ਤੋਂ ਆਏ ਦੋ ਨੌਜਵਾਨਾਂ ਨੇ ਮੈਨੂੰ ਪੁੱਛਿਆ “ਵੀਰ ! ਜਿਹੜਾ ਤੁਹਾਡੇ ਪਿੰਡ ਰਥ ਖੜਾ ਹੈ, ਇਹ ਕਿੱਥੋਂ ਆਇਆ ਤੇ ਕਿਵੇਂ ਆਇਆ ?” ਮੈਂ ਕਿਹਾ ਹਾਂ ਜੀ ਵੀਰ ਜੀ ਇਹ ਰੱਥ ਦੇਹਰਾਦੂਨ ਤੋਂ ਭਾਈਰੂਪਾ ਵਿਖੇ ਸਾਡੇ ਬਾਬੇ ਭਾਈ ਰੂਪ ਚੰਦ ਦੇ ਪੋਤਰੇ ਨੇ ਬਿਨਾ ਬਲਦਾਂ ਤੋਂ ਇੱਥੇ ਲਿਆਂਦਾ ਸੀ !!” ਉਸ ਹੱਸੇ “ਬਿਨਾ ਬਲਦਾਂ ਤੋਂ” ਮੈਨੂੰ ਅੰਤਰ ਮਨ ਤੋਂ ਬਹੁਤ ਬੁਰਾ ਲੱਗਾ ਮੈਂ ਜਵਾਬ ‘ਚ ਕਿਹਾ “ਹਾਂ ਜੀ, ਬਿਨਾ ਬਲਦਾਂ ਤੋਂ” .. ਉਹ ਚਲੇ ਗਏ ..

ਉਸ ਸਮੇਂ ਬਾਲ ਅਵਸਥਾ ‘ਚ ਸੀ ਤੇ ਸਿੱਖ ਇਤਿਹਾਸ ਨੂੰ ਵਿਗਿਆਨਿਕ ਨਜ਼ਰੀਏ ਤੋਂ ਸਮਝਣ ਤੇ ਪਰਖਣ ਵਿੱਚ ਐਨਾ ਇਲਮ ਨਹੀਂ ਸੀ.. ਨਹੀਂ ਤਾਂ ਮੈਂ ਕਹਿਣਾ ਸੀ ਭਲਿਆ ਮਾਣਸਾਂ !! ਸਾਡੇ ਬਾਪੂ ਦੇ ਪੁੱਤਰਾਂ ਨੇ ਗੁਰੂ ਗੋਬਿੰਦ ਸਿੰਘ ਨਾਲ ਜੰਗਾਂ ਲੜੀਆਂ.. ਜਦੋਂ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਸੂਬਾ ਦੇ ਨਵਾਬ ਨਾਲ ਮੱਥਾ ਲਾਇਆ ਤਾਂ ਉਹਨਾਂ ਨੇ ਬਾਪੂ ਭਾਈ ਰੂਪ ਚੰਦ ਦੇ ਨਾਮ ‘ਤੇ ਵਿਸ਼ੇਸ਼ ਹੁਕਮਨਾਮਾ ਭਾਈਰੂਪਾ ਵਿਖੇ ਭੇਜਿਆ .. ਤੇ ਸਾਡੇ ਬਾਪੂ ਦੇ ਪੋਤਰੇ ਵਿੱਚ ਐਨਾ ਜ਼ੋਰ ਵੀ ਨਹੀਂ ਕਿ ਉਹ ਰੱਬ ਸਾਹਿਬ ਨੂੰ ਆਪਣੇ ਮੋਢਿਆਂ ‘ਤੇ ਤਿੰਨ ਸੌ ਚਾਲੀ ਕਿੱਲੋਮੀਟਰ ਤੋਂ ਲਿਆ ਸਕੇ .. ਖੈਰ .. ਇਹ ਤਾਂ ਹੈ ਸਮਝਣ ਤੇ ਦਲੀਲ ਦੀ ਗੱਲ ..

ਹੁਣ ਭਾਈਰੂਪਾ ਵਿਖੇ ਸਥਿਤ ਰਥ ਦੀ ਕਹਾਣੀ ਇਸ ਪ੍ਰਕਾਰ ਹੈ
The Story of Chariot :-

ਕਸ਼ਮੀਰ ਦੇ ਇੱਕ ਤਰਖਾਣ, ਖੁਦਾ ਬਖ਼ਸ਼ ਨੇ ਗੁਰੂ ਰਾਮਦਾਸ ਜੀ ਕੋਲ ਪੁੱਤਰ ਵਾਸਤੇ ਅਰਦਾਸ ਕੀਤੀ ਅਤੇ ਚੌਥੇ ਗੁਰੂ ਸਾਹਿਬ ਨੂੰ ਇੱਕ ਰਥ ਭੇਂਟ ਕਰਨ ਦਾ ਵਾਅਦਾ ਕੀਤਾ.. ਉਸਦੀ ਇੱਛਾ ਪੂਰੀ ਹੋ ਗਈ ਅਤੇ ਉਸਨੇ ਲੰਬੇ ਸਮੇਂ ਲਈ ਵਿਸ਼ਾਲ ਰੂਪ ਵਿਚ ਕੰਮ ਕੀਤਾ ਅਤੇ ਇਕ ਬਹੁਤ ਹੀ ਸੁੰਦਰ ਰਥ ਬਣਾਇਆ (ਜਿਸ ਉੱਤੇ ਕੀਤੀ ਮੀਨਾਕਾਰੀ ਕਮਾਲ ਦੀ ਹੈ) ਅਤੇ ਇਸ ਨੂੰ ਅੰਮ੍ਰਿਤਸਰ ਵਿਖੇ ਗੁਰੂ ਰਾਮਦਾਸ ਜੀ ਨੂੰ ਭੇਟ ਕੀਤਾ.. ਇਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਪੁੱਤਰ ਦੀ ਅਸੀਸ ਲੈਣ ਲਈ ਬਾਬਾ ਬੁੱਢਾ ਜੀ ਕੋਲ ਇਸੇ ਹੀ ਰਥ ‘ਤੇ ਗਏ.. ਇਹੋ ਰਥ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਫਿਰ ਗੁਰੂ ਹਰਰਾਇ ਸਾਹਿਬ ਜੀ ਦੁਆਰਾ ਵਰਤਿਆ ਗਿਆ.. ਜਦੋਂ ਗੁਰੂ ਹਰ ਰਾਏ ਜੀ ਦੇ ਪੁੱਤਰ ਰਾਮ ਰਾਏ ਨੂੰ ਸੱਤਵੇਂ ਗੁਰੂ ਦੁਆਰਾ ਤਤਕਾਲੀ ਮੁਗਲ ਬਾਦਸ਼ਾਹ ਕੋਲ ਸਲੋਕ ਦੇ ਅਰਥਾਂ ਨੂੰ ਸਪਸ਼ਟ ਕਰਨ ਲਈ ਭੇਜਿਆ ਗਿਆ ਸੀ.. ਤਾਂ ਰਾਮ ਰਾਏ ਨੇ ਖ਼ੁਦ ਇਸ ਸਲੋਕ “ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹਿਆਰ” ਨੂੰ “ਮਿਟੀ ਬੇਈਮਾਨ ਕੀ ਪੇੜੈ ਪਈ ਕੁਮ੍ਹਿਆਰ” ਵਿੱਚ ਬਦਲ ਦਿੱਤਾ। ਜਿਸ ਕਾਰਨ ਉਸਨੂੰ ਗੁਰਗੱਦੀ ਤੋਂ ਵਾਂਝਾ ਕਰ ਦਿੱਤਾ ਗਿਆ..

ਬਾਅਦ ਵਿੱਚ ਉਹ ਦੇਹਰਾਦੂਨ ਵਿਖੇ ਸੈਟਲ ਹੋ ਗਿਆ ਜਿਥੇ ਉਸਨੂੰ ਬਾਦਸ਼ਾਹ ਦੁਆਰਾ ਜ਼ਮੀਨ ਦਿੱਤੀ ਗਈ.. ਉਸ ਕੋਲ ਇਹ ਰੱਥ ਸੀ ਜਿਸ ‘ਤੇ ਉਹ ਦਿੱਲੀ ਯਾਤਰਾ ਕਰਦਾ ਸੀ.. ਕਈ ਕਿਤਾਬਾਂ ਵਿੱਚ ਇਹ ਵੀ ਜ਼ਿਕਰ ਹੈ ਕਿ ਰਾਮ ਰਾਏ ਇਸ ਰਥ ਨੂੰ ਉਡਾਉਂਦਾ ਸੀ ਕਿਉਂਕਿ ਉਸ ਕੋਲ ਅਲੌਕਿਕ ਸ਼ਕਤੀਆਂ ਸਨ.. ਇਸ ਲਈ ਇਹ ਰਥ “ਉਡਾਣ ਰਥ” ਵਜੋਂ ਪ੍ਰਸਿੱਧ ਹੋਇਆ… ਰਾਮ ਰਾਏ ਦੀ ਮਾਤਾ ਪੰਜਾਬ ਕੌਰ ਦੇ ਕਹਿਣ ਤੇ, ਇਸ ਨੂੰ ਭਾਈ ਗਿਆਨ ਸਿੰਘ (ਪੋਤਰੇ ਭਾਈ ਰੂਪ ਚੰਦ ਜੀ) ਦੁਆਰਾ ਭਾਦਰੋਂ ਸੰਮਤ 1744 ਨੂੰ ਕਿ੍ਰਸ਼ਨ ਜਨਮ ਅਸ਼ਟਮੀ ਵਾਲੇ ਦਿਨ ਦੇਹਰਾਦੂਨ ਤੋਂ ਭਾਈਰੂਪਾ ਵਿਖੇ ਸੁਰੱਖਿਅਤ ਲਿਆਂਦਾ ਗਿਆ.. ਦੇਹਰਾਦੂਨ ਤੋਂ ਭਾਈਰੂਪਾ (ਜਿੱਥੇ ਰਥ ਸਥਿਤ ਹੈ) ਦੀ ਦੂਰੀ 342 ਕਿੱਲੋਮੀਟਰ ਹੈ ..

ਇਸ ਰੱਥ ਦੇ ਦਰਸ਼ਨ ਕਿਸੇ ਵੀ ਦਿਨ ਕਸਬਾ ਭਾਈ ਰੂਪਾ ਵਿਖੇ ਕੀਤੇ ਜਾ ਸਕਦੇ ਹਨ। ਇਸ ਰਥ ਦਾ ਜ਼ਿਕਰ 101 ਲੇਖਾਂ ਵਿਚ ਦਰਜ ਹੈ .. 1. ਬਾਗੜੀਅਨ ਦਾ ਘਰ 2. ਭੁਪਿੰਦਰਾ ਨੰਦਨ ਗਰੰਥ 3. ਰਤਨ ਸਿੰਘ ਭੰਗੂ ਦੁਆਰਾ ਪੰਥ ਪ੍ਰਕਾਸ਼ 4. ਕਲਾਸਵਾਲੀਆ ਦੁਆਰਾ ਖੜਮੇਸ਼ ਪ੍ਰਕਾਸ਼. 5. ਗੁਰੂ ਬਿਲਾਸ ਪਾਤਸ਼ਾਹੀ 6 ਵੀਂ. 6. ਗੁਰੂ ਬਿਲਾਸ ਪਾਤਸ਼ਾਹੀ 10 ਵੀਂ. 7.ਰਾਮਗੜ੍ਹੀਆ ਇਤਹਾਸ ਗੁਰਧਿਆਨ ਸਿੰਘ ਰੀਹਾਲ ਦੁਆਰਾ. 8. ਇਤਿਹਾਸ ਬਾਗੜੀਅਨ ਗਿਆਨੀ ਗਿਆਨ ਸਿੰਘ ਜੀ ਦੁਆਰਾ. 9. ਤਵਾਰੀਖ-ਖ਼ਾਲਸਾ ਗਿਆਨੀ ਗਿਆਨ ਸਿੰਘ 10. ਬ੍ਰਹਮ ਗਿਆਨੀ ਭਾਈ ਰੂਪ ਚੰਦ ਜੀ, ਪ੍ਰੀਤਮ ਸਿੰਘ ਖੋਖਰ ਦੁਆਰਾਂ ਰਚਿਤ ਲੇਖ ..

ਕੁਲਦੀਪ ਚਿਰਾਗ਼

 

Previous articleਮਨਹੂਸ!!
Next articleਆਓ ਤੁੱਕਿਆ ਦੇ ਫਾਇਦੇ ਜਾਣੀਏ