(ਸਮਾਜ ਵੀਕਲੀ)
ਮਾਂ ਬੋਲੀ ਵਿਚ ਡਾਕਟਰੇਟ ਦੀ ਪੱਧਰ ਦਾ ਰੀਸਰਚ ਥੀਸਿਜ਼ ਲਿਖਦਿਆਂ ਉਹਦੀ ਮਾਂ ਬੋਲੀ ਦੇ ਅੱਖਰਾਂ ਨਾਲ਼ ਗੂੜ੍ਹੀ ਦੋਸਤੀ ਹੋ ਚੁੱਕੀ ਸੀ। ਉਹ ਜਦੋਂ ਵੀ ਲਿਖਣ ਦਾ ਚਾਰਾ ਕਰਦਾ ਲਫ਼ਜ਼ ਨੱਸ ਕੇ ਉਹਦੇ ਕਲਾਵੇ ਵਿਚ ਆਣ ਲੱਗ ਪੈਂਦੇ । ਕਦੀ ਕਦੀ ਤੇ ਉਹ ਆਪਸ ਵਿਚ ਖਹਿਬੜ ਵੀ ਪੈਂਦੇ ਪਈ ਹੁਣ ਮੇਰੀ ਵਾਰੀ ਹੈ ਮੈਂ ਲਿਖੀਣਾ ਹੈ। ਪੰਜਾਬੀ ਪੀ ਐਚ ਡੀ ਦਾ ਮਕਾਲਾ ਮੁਕੰਮਲ ਹੋ ਗਿਆ ,ਅੱਖਰ ਲੱਖਾਂ ਦੀ ਗਿਣਤੀ ਵਿਚ ਉਹਦੇ ਬੇਲੀ ਬਣ ਚੁੱਕੇ ਸਨ। ਅੱਖਰ ਆਪਣੇ ਜਜ਼ਬਿਆਂ ਦਾ ਇਜ਼ਹਾਰ ਤੇ ਖ਼ੁਸ਼ੀ ਗ਼ਮੀ ਸਭ ਉਹਦੇ ਨਾਲ਼ ਸਾਂਝਾ ਕਰਦੇ ਸੀ ਕਿਉਂ ਜੋ ਅੱਖਰਾਂ ਭਾਣੇ ਉਹ ਆਪਣੀ ਮਾਂ ਬੋਲੀ ਨਾਲ਼ ਅੰਤਾਂ ਦਾ ਪ੍ਰੀਤ ਕਰਨ ਵਾਲ਼ਾ ਮਾਂ ਬੋਲੀ ਦਾ ਇਕ ਕਾਮਾ ਸੀ।
ਲਫ਼ਜ਼ ਉਹਦੇ ਤੇ ਉਹ ਲਫ਼ਜ਼ਾਂ ‘ਤੇ ਸਦਕੇ ਵਾਰੀ ਜਾਂਦਾ ਸੀ। ਉਹਨੇ ਲਫ਼ਜ਼ਾਂ ਨੂੰ ਇਹ ਗਲ ਦੱਸੀ ਪਈ ਯੂਨੀਵਰਸਿਟੀ ਵਾਲ਼ਿਆਂ ਨੇ ਮਕਾਲਾ ਚੜ੍ਹਦੇ ਪੰਜਾਬ ਜ਼ਬਾਨ ਦੇ ਮਾਹਿਰਾਂ ਨੂੰ ਘੱਲਣਾ ਹੈ ਤਾਂ ਜੋ ਵੇਖਿਆ ਜਾਵੇ ਪਈ ਉਹਦੀ ਕੀਤੀ ਗਈ ਖੋਜ ਕਿੰਨੀ ਕੁ ਅਹਿਮੀਅਤ ਵਾਲੀ ਹੈ। ਚੜ੍ਹਦੇ ਪੰਜਾਬ ਦੀ ਗੱਲ ਡਾਕਟਰ ਗਜ਼ਨਫ਼ਰ ਬੁਖਾਰੀ ਤੋਂ ਸੁਣ ਕੇ ਉਹਦੇ ਮਕਾਲੇ ਦੇ ਸਭੇ ਅੱਖਰ ਘੁੰਮਰਾਂ ਤੇ ਲੁੱਡੀਆਂ ਪਾਣ ਲੱਗ ਪਏ ਪਈ ਅਸੀਂ ਓਧਰ ਆਪਣੇ ਵਿਛੜੇ ਅੱਖਰਾਂ ਨੂੰ ਮਿਲਾਂਗੇ, ਮਿਲਣੀਆਂ ਹੋਣ ਗੀਆਂ, ਗੱਪਾਂ ਲਾਵਾਂਗੇ ਆਪਣੇ ਦਿਲ ਦਿਆਂ ਗੱਲਾਂ ਸਾਂਝੀਆਂ ਕਰਾਂਗੇ। ਸਾਨੂੰ ਵੀਜ਼ੇ ਦੀ ਵੀ ਲੋੜ ਨਹੀਂ ਪੈਣੀ, ਲਫ਼ਜ਼ ਅੱਖਾਂ ਵਿਚ ਅੰਤਾਂ ਦੇ ਸੋਹਣੇ ਸੁਫ਼ਨੇ ਸਜਾ ਕੇ ਹਰ ਵੱਡੇ ਵੇਲੇ ਏਸ ਉਡੀਕ ਵਿਚ ਦਿਹਾੜ ਲੰਘਾ ਦਿੰਦੇ ਪਈ ਕਦੋਂ ਉਹ ਦਿਨ ਆਏਗਾ ਜਦੋਂ ਅਸੀਂ ਚੜ੍ਹਦੇ ਪੰਜਾਬ ਜਾਵਾਂਗੇ।
ਅਖ਼ੀਰੀ ਇੱਕ ਦਿਨ ਉਹ ਚੜ੍ਹਦੇ ਪੰਜਾਬ ਪੁੱਜ ਗਏ । ਉਹਦਾ ਮਕਾਲਾ ਚੜ੍ਹਦੇ ਪੰਜਾਬ ਦੀ ਧਰਤੀ ਤੇ ਅੱਪੜ ਚੁੱਕਿਆ ਸੀ। ਉਹ ਆਪ ਵੀ ਚੜ੍ਹਦੇ ਪੰਜਾਬ ਜਾਣਾ ਚਾਹੁੰਦਾ ਸੀ ਪਰ ਉਹ ਏਸ ਗੱਲ ਤੇ ਖ਼ੁਸ਼ ਸੀ ਪਈ ਉਹਦੇ ਲੱਖਾਂ ਦੀ ਗਿਣਤੀ ਵਿਚ ਬੇਲੀ ਅੱਖਰ ਓਸ ਧਰਤੀ ਨੂੰ ਚੁੰਮਣ ਜਾ ਰਹੇ ਨੇ ਜਿਥੇ ਮਾਂ ਬੋਲੀ ਹੋਂਦ ਵਿਚ ਆਈ ਸੀ ਤੇ ਸੋਹਣੇ ਸੁਨੱਖੇ ਤੇ ਅਣਮੁੱਲੇ ਲਫ਼ਜ਼ਾਂ ਨੇ ਜਨਮ ਲਿਆ ਸੀ। ਉਹਦੇ ਬੇਲੀ ਲਫ਼ਜ਼ ਕਿੰਨੇ ਭਾਗਾਂ ਵਾਲੇ ਨੇ ਜਿਹੜੇ ਆਪਣੇ ਚੜ੍ਹਦੇ ਪੰਜਾਬ ਵਾਲ਼ੇ ਟੱਬਰ ਨੂੰ ਮਿਲਣ ਟੁਰ ਗਏ ਨੇ ਉਹ ਹਰ ਵੇਲ਼ੇ ਇਹ ਸੋਚਦਾ ਰਹਿੰਦਾ।
ਫ਼ਿਰ ਇਕ ਦਿਹਾੜ ਰੋਂਦੇ ,ਕੁਰਲਾਂਦੇ,ਬੇਰ ਬੇਰ ਜਿੱਡੇ ਹੰਝੂ ਕੇਰਦੇ ਅੱਖਰ ਪਿਛਾਂਹ ਲਹਿੰਦੇ ਪੰਜਾਬ ਵਾਪਸ ਆ ਗਏ। ਲਫ਼ਜ਼ਾਂ ਦਿਆਂ ਅੱਖਾਂ ਵਿਚੋਂ ਹੰਝੂਆਂ ਦਾ ਮੀਂਹ ਵਗ ਰਿਹਾ ਸੀ। ਆਪਣੇ ਬੇਲੀਆਂ ਦੀ ਹਾਲਤ ਵੇਖ ਕੇ ਉਹਦਾ ਮੂੰਹ ਹੈਰਤ ਨਾਲ਼ ਖੁੱਲ੍ਹਾ ਸੀ ਤੇ ਉਹਦੇ ਮੁੱਖ ਉਪਰ ਚਿੰਤਾ ਦੇ ਡਾਹਢੇ ਪਰਛਾਵੇਂ ਸਨ। ਉਹਨੇ ਅਗਾਂਹ ਵਧ ਕੇ ਅੱਖਰਾਂ ਨੂੰ ਆਪਣੀ ਬੁੱਕਲ ਵਿਚ ਲੈਂਦਿਆਂ ਪੁੱਛਿਆ ਕੀ ਵਾਪਰਿਆ ਤੁਹਾਡੇ ਨਾਲ਼ ?
ਲਫ਼ਜ਼ਾਂ ਕਿਹਾ ਡਾਕਟਰ ਸਾਹਿਬ! ਕੀ ਦੱਸੀਏ ਅਸੀਂ ਤੁਹਾਨੂੰ। ਉਹ ਆਪਣੇ ਹੋ ਕੇ ਵੀ ਆਪਣੇ ਨਹੀਂ, ਅਸੀਂ ਉਨ੍ਹਾਂ ਦੇ ਹੋ ਕੇ ਵੀ ਉਨ੍ਹਾਂ ਦੇ ਨਹੀਂ। ਗ਼ੈਰਾਂ ਨੇਂ ਡਾਹਢੀ ਚਾਲ ਚਲੀ ਹੈ ।
ਧਰਤੀ ਵੰਡ ਦਿੱਤੀ ਸੀ , ਪੰਜਾਬ ਦੇ ਸੀਨੇ ਉਪਰ ਵੰਡ ਦੀ ਲਕੀਰ ਤਾਂ ਮੌਜੂਦ ਹੈ ਈ ਸੀ, ਸਾਨੂੰ ਵੀ ਵੰਡ ਦਿੱਤਾ ਗਿਆ। ਅਸੀਂ ਅਲਫ਼, ਬੇ, ਤੇ ਵਰਗੇ ਹਰਫ਼ਾਂ ਨਾਲ਼ ਜਦੋਂ ਓਧਰ ਅੱਪੜੇ ਤਾਂ ਔਧਰ ਊੜਾ ਐੜਾ ਈੜੀ ਦੇ ਲਫ਼ਜ਼ ਸਨ, ਅਸਾਂ ਆਪੋ ਵਿਚ ਮਿਲਣਾ ਕੀ ਸੀ ? ਅਸੀਂ ਅੰਨ੍ਹੇ ਹੋ ਗਏ ਸਾਂ ਸਾਨੂੰ ਇਕ ਦੂਜੇ ਦੀ ਸੰਞਾਣ ਈ ਨਹੀਂ ਹੋ ਰਹੀ ਸੀ । ਅਸੀਂ ਇਕ ਦੂਜੇ ਨੂੰ ਸੁਣ ਸਕਦੇ ਸਾਂ ਪਰ ਇਕ ਦੂਜੇ ਦੀ ਸੰਞਾਣ ਨਹੀਂ ਸਾਂ ਕਰ ਸਕਦੇ। ਬੇ ਆਖਣ ਲੱਗੀ ਬੱਬਾ ਮਿਲਿਆ ਸੀ ਪਰ ਇਕ ਦੂਜੇ ਨੂੰ ਸੰਞਾਨ ਨਾ ਸਕੇ। ਪੇ ਰੋ ਕੇ ਆਖਣ ਲੱਗੀ ਪੱਪਾ ਮਿਲਿਆ ਸੀ ਪਰ ਇੱਕ ਦੂਜੇ ਨੂੰ ਸੰਞਾਣ ਨਾ ਸਕੇ।
ਡਾਕਟਰ ਸਾਹਿਬ ਦੀਆਂ ਅੱਖਾਂ ਵਿੱਚ ਹੰਝੂ ਸਨ ਤੇ ਉਨ੍ਹਾਂ ਨੇ ਅਗਾਂਹ ਵਧ ਕੇ ਸਾਰੇ ਅੱਖਰਾਂ ਨੂੰ ਆਪਣੇ ਸੀਨੇ ਨਾਲ ਲਾ ਲਿਆ।ਅਸੀਂ ਜੋ ਸੁਫ਼ਨੇ ਵੇਖੇ ਸੀ ਸਭੇ ਮਿੱਟੀ ਵਿਚ ਰੁਲ਼ ਗਏ ਅਸੀਂ ਦੋਵੇਂ ਪੰਜਾਬਾਂ ਦੇ ਧੀਆਂ ਪੁੱਤਰਾਂ ਅੱਗੇ ਬੇਨਤੀ ਕਰਾਂਗੇ ਸਾਨੂੰ ਇਕ ਦੂਜੇ ਦੀ ਸੰਞਾਣ ਕਰਾਵੋ, ਸਾਡੇ ਵੰਡੇ ਲੀਰੋ ਲੀਰ ਪਿੰਡੇ ਉਪਰ ਤਰਸ ਖਾਵੋ ਤੇ ਆਪਣੀ ਮਾਂ ਬੋਲੀ ਦੇ ਅੱਖਰਾਂ ਨੂੰ ਇਕ ਦੂਜੇ ਦੇ ਨੇੜੇ ਲਿਆਣ ਲਈ ਜਤਨ ਕਰੋ ਤਾਂ ਜੋ ਇਕੋ ਧਰਤੀ ਦੇ ਜੰਮਪਲ ਇੱਕਮਿੱਕ ਹੋ ਸਕਣ ਅਸੀਂ ਇਕੱਠੇ ਵੱਸ ਸਕੀਏ। ਡਾਕਟਰ ਸਾਹਿਬ ਹੋਰਾਂ ਦੀਆਂ ਅੱਖਾਂ ਵਿਚ ਹੰਝੂ ਸਨ ਤੇ ਉਹ ਦੂਰ ਖ਼ਿਆਲਾਂ ਦੇ ਹੜ੍ਹ ਵਿਚ ਗਵਾਚੇ ਸਨ । ਜਿਸ ਹੜ੍ਹ ਵਿਚ ਕਦੀ ਕੋਈ ਲਫ਼ਜ਼ ਤਰ ਪੈਂਦਾ ਤੇ ਕੋਈ ਡੁੱਬ ਜਾਂਦਾ।
ਡਾ.ਗਜ਼ਨਫ਼ਰ
923003000063
ਪੰਜਾਬ ਪਾਕਿਸਤਾਨ