ਸ਼ਾਮਚੁਰਾਸੀ ਨਗਰ ਕੌਂਸਲ ਵਿਚ ਕਾਂਗਰਸ ਦੀ ਜਿੱਤ ਵਿਕਾਸ ਦੀ ਜਿੱਤ-ਆਦੀਆ
ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਹਾਲ ਹੀ ਵਿਚ ਨਗਰ ਕੌਂਸਲ ਸ਼ਾਮਚੁਰਾਸੀ ਦੀਆਂ ਹੋਈਆਂ ਚੋਣਾਂ ਦੀ ਪ੍ਰਕ੍ਰਿਆ ਪੂਰੀ ਕਰਦੇ ਹੋਏ ਡਾ. ਨਿਰਮਲ ਕੁਮਾਰ ਨੂੰ ਨਗਰ ਕੌਂਸਲ ਸ਼ਾਮਚੁਰਾਸੀ ਦਾ ਪ੍ਰਧਾਨ ਅਤੇ ਕੁਲਜੀਤ ਸਿੰਘ ਹੁੰਦਲ ਨੂੰ ਸਰਬਸੰਮਤੀ ਨਾਲ ਉੱਪ ਪ੍ਰਧਾਨ ਚੁਣ ਲਿਆ ਗਿਆ ਹੈ। ਨਗਰ ਕੌਂਸਲ ਸ਼ਾਮਚੁਰਾਸੀ ਦੇ ਦਫ਼ਤਰ ਵਿਖੇ ਪੁਲਿਸ ਦੀ ਭਾਰੀ ਸੁਰੱਖਿਆ ਹੇਠ ਹੋਈ ਮੀਟਿੰਗ ਵਿਚ 9 ਮੈਂਬਰੀ ਨਗਰ ਕੌਂਸਲ ਦੇ 4 ਕਾਂਗਰਸੀ, 3 ਅਕਾਲੀ ਤੇ 2 ਆਜ਼ਾਦ ਉਮੀਦਵਾਰ ਤੇ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਪਵਨ ਕੁਮਾਰ ਆਦੀਆ ਤੋਂ ਇਲਾਵਾ ਬਤੌਰ ਦਰਸ਼ਕ ਐਸ ਡੀ ਐਮ ਅੰਮਿਤ ਮਹਾਜਨ, ਕਾਰਜਸਾਧਕ ਅਫ਼ਸਰ ਰਾਮ ਪ੍ਰਕਾਸ਼ ਸ਼ਾਮਿਲ ਹੋਏ।
ਕਾਂਗਰਸ ਦੀ ਕੌਂਸਲਰ ਸ਼੍ਰੀਮਤੀ ਬਲਜਿੰਦਰ ਕੌਰ ਨੇ ਡਾ. ਨਿਰਮਲ ਕੁਮਾਰ ਦਾ ਪ੍ਰਧਾਨਗੀ ਲਈ ਨਾਂਮ ਤਜਵੀਜ ਕੀਤਾ ਤੇ ਜਿਨ੍ਹਾਂ ਨੂੰ ਕੌਂਸਲਰ ਕੁਲਜੀਤ ਕੁਮਾਰ, ਹਰਭਜਨ ਕੌਰ, ਬਲਜਿੰਦਰ ਕੌਰ ਤੇ ਅਜਾਦ ਉਮੀਦਵਾਰ ਮਨਜੀਤ ਕੌਰ ਦੀ ਲੋੜੀਦੀ ਹਮਾਇਤ ਨਾਲ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸ ਪ੍ਰਕਾਰ ਹੀ ਇਨ੍ਹਾਂ ਕੌਂਸਲਰਾਂ ਨੇ ਸਰਬਸੰਮਤੀ ਨਾਲ ਕੁਲਜੀਤ ਸਿੰਘ ਹੁੰਦਲ ਨੂੰ ਉੱਪ ਪ੍ਰਧਾਨ ਚੁਣ ਲਿਆ। ਵਰਨਣਯੋਗ ਹੈ ਕਿ 9 ਮੈਂਬਰੀ ਨਗਰ ਕੌਂਸਲ ਸਾਮਚੁਰਾਸੀ ਦੀ ਚੋਣ ਵਿਚ ਚਾਰ ਕਾਂਗਰਸ, 3 ਸ਼੍ਰੋਮਣੀ ਅਕਾਲੀ ਦਲ ਤੇ 2 ਆਜ਼ਾਦ ਉਮੀਦਵਾਰ ਜਿੱਤੇ ਸਨ। ਜਿਨ੍ਹਾਂ ਵਿਚੋਂ ਵਾਰਡ ਨੰਬਰ 6 ਦੇ ਆਜਾਦ ਜੈਤੂ ਕੌਂਸਲਰ ਵਿਜੇ ਕੁਮਾਰ ਨਤੀਜੇ ਉਪਰੰਤ ਹੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਸਨ। ਜਿਸ ਨਾਲ ਕਾਂਗਰਸ ਤੇ ਅਕਾਲੀ ਦਲ ਦੀ ਸਥਿਤੀ ਬਰਾਬਰ ਹੋ ਗਈ ਸੀ।
ਪਰ ਵਾਰਡ ਨੰਬਰ 3 ਤੋਂ ਆਜਾਦ ਉਮੀਦਵਾਰ ਮਨਜੀਤ ਕੌਰ ਦੇ ਕਾਂਗਰਸ ਦੀ ਹਮਾਇਤ ਕਰਨ ਨਾਲ ਸਥਿਤੀ ਨੂੰ ਫੈਸਲਾਕੁੰਨ ਹੋਣ ਵਿਚ ਮੱਦਤ ਮਿਲ ਗਈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਡਾ. ਨਿਰਮਲ ਕੁਮਾਰ ਨਗਰ ਕੌਂਸਲ ਸ਼ਾਮਚੁਰਾਸੀ ਦੀਆਂ ਚੋਣਾਂ ਵਿਚ ਲਗਾਤਾਰ 5ਵੀਂ ਵਾਰ ਜੇਤੂ ਰਹੇ ਹਨ। ਇਸ ਮੌਕੇ ਤੇ ਆਪਣੀ ਵਧਾਈ ਦਿੰਦੇ ਹੋਏ ਵਿਧਾਇਕ ਪਵਨ ਕੁਮਾਰ ਆਦੀਆ ਨੇ ਕਿਹਾ ਇਹ ਨਗਰ ਕੌਂਸਲ ਸ਼ਾਮਚੁਰਾਸੀ ਵਿਚ ਹੋਈ ਜਿੱਤ ਕਾਂਗਰਸ ਪਾਰਟੀ ਦੀ ਸਰਕਾਰ ਦੀਆਂ ਲੋਕ ਹਿੱਤ ਨੀਤੀਆਂ ਅਤੇ ਵਿਕਾਸ ਦੀ ਜਿੱਤ ਹੈ।
ਇਸ ਦੌਰਾਨ ਨਵੇਂ ਚੁਣੇ ਗਏ ਪ੍ਰਧਾਨ ਡਾ. ਨਿਰਮਲ ਕੁਮਾਰ ਨੇ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸ਼ਾਮਚੁਰਾਸੀ ਦੇ ਲੋਕਾਂ ਵਲੋਂ ਜਿਤਾਏ ਵਿਸ਼ਵਾਸ਼ ਦੇ ਪੂਰਾ ਉੱਤਰਨਗੇ ਤੇ ਸਮੁੱਚੇ ਵਿਕਾਸ ਲਈ ਪੂਰੀ ਤਰਾਂ ਯਤਨਸ਼ੀਲ ਤੇ ਸੰਘਰਸ਼ਸ਼ੀਲ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ ਐਸ ਪੀ ਸਤਿੰਦਰਪਾਲ ਚੱਢਾ, ਡੀ ਐਸ ਪੀ ਗੋਪਾਲ ਸਿੰਘ, ਡੀ ਐਸ ਪੀ ਗੁਰਪ੍ਰੀਤ ਸਿੰਘ, ਐਚ ਐਚ ਓ ਪ੍ਰਦੀਪ ਸਿੰਘ ਬੁੱਲ੍ਹੋਵਾਲ ਵੀ ਸ਼ਾਮਿਲ ਹੋਏ।
Download and Install ‘Samaj Weekly’ App
https://play.google.com/store/apps/details?id=in.yourhost.samajweekly