ਨਵੀਂ ਦਿੱਲੀ (ਸਮਾਜ ਵੀਕਲੀ) : ਸਿਹਤ ਮਾਹਰਾਂ ਨੇ ਕਿਹਾ ਹੈ ਕਿ ਦੇਸ਼ ਵਿਚ ਕਰੋਨਾ ਰੋਕੂ ਟੀਕੇ ਦੀ ਤੀਜੀ ਡੋਜ਼ ਦੇ ਅਸਰ ਦਾ ਪਤਾ ਲਾਉਣ ਲਈ ਹਾਲੇ ਹੋਰ ਅੰਕੜੇ ਤੇ ਖੋਜ ਲੋੜੀਂਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਤੀਜਾ ਟੀਕਾ ਲਾਉਣ ਦੀ ਸਿਫਾਰਸ਼ ਅਨੁਮਾਨ ਤਹਿਤ ਹੀ ਕੀਤੀ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਅੱਜ ਜਾਰੀ ਅੰਕੜਿਆਂ ਅਨੁਸਾਰ ਦੇਸ਼ ਭਰ ਵਿਚ ਕੁੱਲ ਕਰੋਨਾ ਮਰੀਜ਼ਾਂ ਦੀ ਗਿਣਤੀ 1.47 ਕਰੋੜ ਹੋ ਚੁੱਕੀ ਹੈ ਤੇ ਐਕਟਿਵ ਕੇਸ 18 ਲੱਖ ਦਾ ਅੰਕੜਾ ਪਾਰ ਕਰ ਗਏ ਹਨ।
ਇਸ ਤੋਂ ਪਹਿਲਾਂ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਦੇ ਮਾਹਰਾਂ ਨੇ ਭਾਰਤ ਬਾਇਓਟੈਕ ਨੂੰ ਮਨਜ਼ੂਰੀ ਦਿੱਤੀ ਸੀ ਕਿ ਉਹ ਕੋਵੈਕਸਿਨ ਦੀ ਤੀਜ਼ੀ ਡੋਜ਼ ਕਲੀਨੀਕਲ ਟਰਾਇਲ ਵਜੋਂ ਕੁਝ ਵਾਲੰਟੀਅਰਾਂ ਨੂੰ ਦੇ ਸਕਦੇ ਹਨ। ਇਸ ਵੇਲੇ ਯੋਗ ਵਿਅਕਤੀਆਂ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ ਦੀ ਕੋਵੀਸ਼ੀਲਡ ਤੇ ਕੋਵੈਕਸਿਨ ਟੀਕੇ ਲਾਏ ਜਾ ਰਹੇ ਹਨ ਜਿਸ ਦੀਆਂ ਦੋ ਡੋਜ਼ ਅੱਠ ਹਫਤਿਆਂ ਦੇ ਫਰਕ ਦਰਮਿਆਨ ਲਾਈਆਂ ਜਾਂਦੀਆਂ ਹਨ। ਭਾਰਤ ਬਾਇਓਟੈਕ ਨੇ ਦੂਜੀ ਡੋਜ਼ ਤੋਂ ਛੇ ਮਹੀਨੇ ਬਾਅਦ ਬੂਸਟਰ ਡੋਜ਼ ਲਾਉਣ ਦਾ ਸੁਝਾਅ ਦਿੱਤਾ ਹੈ। ਮਾਹਰਾਂ ਨੇ ਕਿਹਾ ਹੈ ਕਿ ਤੀਜੀ ਡੋਜ਼ ਦੇ ਅਸਰ ਦਾ ਪਤਾ ਲਾਉਣ ਲਈ ਹਾਲੇ ਹੋਰ ਖੋਜ ਹੋਣੀ ਚਾਹੀਦੀ ਹੈ, ਇਸ ਨਾਲ ਇਹ ਪਤਾ ਲੱਗੇਗਾ ਕਿ ਤੀਜੀ ਡੋਜ਼ ਕੀਟਾਣੂਆਂ ਨੂੰ ਕਾਬੂ ਵਿਚ ਪਾਉਣ ਲਈ ਕਿੰਨੀ ਅਸਰਦਾਰ ਹੈ।