ਕਰੋਨਾਵਾਇਰਸ ਨੂੰ ਮੁੜ ਮਾਤ ਦੇਵਾਂਗੇ: ਮੋਦੀ

* ਆਕਸੀਜਨ ਪਲਾਂਟ ਤੇਜ਼ੀ ਨਾਲ ਸਥਾਪਿਤ ਕਰਨ ਦਾ ਸੱਦਾ

* ਵੈਕਸੀਨ ਤੇ ਦਵਾਈਆਂ ਦੀ ਮੰਗ ਪੂਰਨ ਲਈ ਪੂਰੀ ਕੌਮੀ ਸਮਰੱਥਾ ਦੇ ਇਸਤੇਮਾਲ ਦੀ ਲੋੜ ’ਤੇ ਜ਼ੋਰ

* ਅਧਿਕਾਰੀਆਂ ਨੂੰ ਲੋਕਾਂ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੋਣ ਲਈ ਕਿਹਾ

* ਸੂਬਿਆਂ ਨਾਲ ਤਾਲਮੇਲ ਬਣਾਉਣ ਦੇ ਦਿੱਤੇ ਨਿਰਦੇਸ਼ 

ਨਵੀਂ ਦਿੱਲੀ (ਸਮਾਜ ਵੀਕਲੀ) : ਦੇਸ਼ ’ਚ ਕਰੋਨਾ ਨਾਲ ਵਿਗੜ ਰਹੇ ਹਾਲਾਤ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਤ ਸਿਹਤ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਰਚੁਅਲੀ ਹੰਗਾਮੀ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਰੋਨਾ ਨਾਲ ਸਿੱਝਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਦੇਸ਼ ’ਚ ਆਕਸੀਜਨ ਅਤੇ ਕਰੋਨਾ ਤੋਂ ਬਚਾਅ ਦੀਆਂ ਕੁਝ ਦਵਾਈਆਂ ਦੀ ਆ ਰਹੀ ਕਿੱਲਤ ਨੂੰ ਪੂਰਾ ਕਰਨ ਵੱਲ ਵੀ ਧਿਆਨ ਦੇਣ ’ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਬੈਠਕ ਦੌਰਾਨ ਕਿਹਾ ਕਿ ਭਾਰਤ ਨੇ ਕੋਵਿਡ-19 ਨੂੰ ਪਿਛਲੇ ਸਾਲ ਵੀ ਮਾਤ ਦਿੱਤੀ ਸੀ। ਹੁਣ ਵੀ ਉਨ੍ਹਾਂ ਹੀ ਸਿਧਾਂਤਾਂ ਨਾਲ ਜਿੱਤ ਪ੍ਰਾਪਤ ਕੀਤੀ ਜਾਵੇਗੀ ਪਰ ਤੇਜ਼ ਰਫ਼ਤਾਰ ਤੇ ਬਿਹਤਰ ਤਾਲਮੇਲ ਦੇ ਨਾਲ ਅਜਿਹਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋਨਾਵਾਇਰਸ ਦੇ ਵਧ ਰਹੇ ਕੇਸਾਂ ਨੂੰ ਦੇਖਦਿਆਂ ਸੰਤ ਸਮਾਜ ਨੂੰ ਹਰਿਦੁਆਰ ’ਚ ਚੱਲ ਰਹੇ ਕੁੰਭ ਨੂੰ ‘ਪ੍ਰਤੀਕਾਤਮਕ’ ਹੀ  ਰੱਖਣ ਦੀ ਅਪੀਲ ਕੀਤੀ ਹੈ ਤਾਂ ਜੋ ਮਹਾਮਾਰੀ ਖ਼ਿਲਾਫ਼ ਮਜ਼ਬੂਤੀ ਨਾਲ ਜੰਗ ਲੜੀ ਜਾ ਸਕੇ। ਉਨ੍ਹਾਂ ਦੀ ਅਪੀਲ ਦਾ ਇਹ ਅਸਰ ਹੋਇਆ ਕਿ ਜੂਨਾ ਅਖਾੜੇ ਦੇ ਸਵਾਮੀ ਅਵਧੇਸ਼ਾਨੰਦ ਗਿਰੀ ਨੇ ਕੁੰਭ ’ਚ ਆਪਣੀ ਸ਼ਮੂਲੀਅਤ ਦੀ ਸਮਾਪਤੀ ਦਾ ਐਲਾਨ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਦੇਸ਼ ’ਚ ਪਿਛਲੇ ਤਿੰਨ ਦਿਨਾਂ ਦੌਰਾਨ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਦੋ ਲੱਖ ਤੋਂ ਜ਼ਿਆਦਾ ਸਾਹਮਣੇ ਆ ਰਹੀ ਹੈ। ਕਈ ਸੂਬਿਆਂ ਦੇ ਹਸਪਤਾਲਾਂ ’ਚ ਆਈਸੀਯੂ ਬੈੱਡਾਂ ਦੀ ਕਮੀ ਨੂੰ ਪੂਰਾ ਕਰਨ ਲਈ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਬੈਠਕ ਦੌਰਾਨ ਫ਼ੈਸਲਾ ਲਿਆ ਗਿਆ ਕਿ ਹਸਪਤਾਲਾਂ ’ਚ ਬੈੱਡਾਂ ਦੀ ਆ ਰਹੀ ਕਮੀ ਨੂੰ ਪੂਰਾ ਕਰਨ ਲਈ ਲੋੜੀਂਦੇ ਕਦਮ ਉਠਾਏ ਜਾਣਗੇ। ਪ੍ਰਧਾਨ ਮੰਤਰੀ ਨੇ ਸੂਬਿਆਂ ਨੂੰ ਕਰੋਨਾ ਤੋਂ ਨਜਿੱਠਣ ਲਈ ਹਰ ਸੰਭਵ ਮਦਦ ਦੇਣ ਦਾ ਵੀ ਭਰੋਸਾ ਦਿੱਤਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਕੌਮੀ ਰਾਜਧਾਨੀ ’ਚ ਹਾਲਾਤ ਬਹੁਤ ਮਾੜੇ ਹਨ।  ਟੀਕਾਕਰਨ ਤੇ ਵੈਂਟੀਲੇਟਰਾਂ ਦੀ ਉਪਲਬਧਤਾ ਨਾਲ ਜੁੜੇ ਵੱਖ-ਵੱਖ ਪੱਖ ਵੀ ਇਸ ਮੌਕੇ ਵਿਚਾਰੇ ਗਏ।

ਪ੍ਰਧਾਨ ਮੰਤਰੀ ਮੋਦੀ ਨੇ ਰੇਮਡੇਸਿਵਰ ਦੀ ਸਪਲਾਈ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਮਨਜ਼ੂਰਸ਼ੁਦਾ ਮੈਡੀਕਲ ਆਕਸੀਜਨ ਪਲਾਂਟ ਤੇਜ਼ੀ ਨਾਲ ਸਥਾਪਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵੈਕਸੀਨ ਉਤਪਾਦਨ ਲਈ ਪੂਰੀ ਕੌਮੀ ਸਮਰੱਥਾ ਦਾ ਇਸਤੇਮਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਵਿਚ ਸਰਕਾਰੀ ਤੇ ਪ੍ਰਾਈਵੇਟ ਸੈਕਟਰ ਨੂੰ ਸ਼ਾਮਲ ਕੀਤਾ ਜਾਵੇ। ਇਸੇ ਦੇ ਨਾਲ ਹੀ ਉਨ੍ਹਾਂ ਸਥਾਨਕ ਪ੍ਰਸ਼ਾਸਨ ਵੱਲੋਂ ਲੋਕਾਂ ਦੀਆਂ ਚਿੰਤਾਵਾਂ ਬਾਰੇ ਸੰਵੇਦਨਸ਼ੀਲ ਹੋਣ ਤੇ ਸਰਗਰਮੀ ਨਾਲ ਕਦਮ ਚੁੱਕਣ ਦੀ ਲੋੜ ਉਤੇ ਜ਼ੋਰ ਦਿੱਤਾ।

ਮੋਦੀ ਨੇ ਕਿਹਾ ਕਿ ਟੈਸਟ, ਸ਼ਨਾਖ਼ਤ ਤੇ ਉਸ ਤੋਂ ਬਾਅਦ ਇਲਾਜ, ਇਸ ਪ੍ਰਕਿਰਿਆ ਦਾ ਕੋਈ ਤੋੜ ਨਹੀਂ ਹੈ। ਉਨ੍ਹਾਂ ਸਥਿਤੀ ਦੀ ਬਿਲਕੁਲ ਨਾਲੋ-ਨਾਲ ਨਿਗਰਾਨੀ ਉਤੇ ਵੀ ਜ਼ੋਰ ਦਿੱਤਾ। ਮੋਦੀ ਨੇ ਕਿਹਾ ਕਿ ਰੇਮਡੇਸਿਵਰ ਤੇ ਹੋਰ ਦਵਾਈਆਂ ਦੀ ਵਰਤੋਂ ਹਦਾਇਤਾਂ ਮੁਤਾਬਕ ਹੀ ਕੀਤੀ ਜਾਵੇ। ਇਨ੍ਹਾਂ ਦੀ ਦੁਰਵਰਤੋਂ, ਕਾਲਾਬਾਜ਼ਾਰੀ ਸਖ਼ਤੀ ਨਾਲ ਰੋਕੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਵੱਖ-ਵੱਖ ਦਵਾਈਆਂ ਦੀ ਮੰਗ ਪੂਰਨ ਲਈ ਭਾਰਤ ਦੀ ਫਾਰਮਾ ਸਨਅਤ ਦੀ ਸਾਰੀ ਸਮਰੱਥਾ ਨੂੰ ਵਰਤਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਸੂਬਿਆਂ ਨਾਲ ਨੇੜਿਓਂ ਤਾਲਮੇਲ ਯਕੀਨੀ ਬਣਾਇਆ ਜਾਵੇ।

Previous articleਪੰਜਾਬੀ ਲੇਖਿਕਾ ਸਿਮਰਨ ਧੁੱਗਾ ਦੀ ਪਲੇਠੀ ਪੁਸਤਕ,ਰੂਹ ਦੀਆਂ ਚੀਸਾਂ, ਰਿਲੀਜ
Next articleਮੇਰਾ ਫੋਨ ਟੈਪ ਕੀਤਾ ਜਾ ਰਿਹੈ: ਮਮਤਾ