ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪੁਲੀਸ ਸਟੇਸ਼ਨ ਆਦਮਪੁਰ ਅਧੀਨ ਪੈਂਦੇ ਪਿੰਡ ਸਾਰੋਵਾਦ ਵਿਚ 32 ਸਾਲਾਂ ਨੌਜਵਾਨ ਵਲੋਂ 13 ਸਾਲਾਂ ਦਲਿਤ ਲੜਕੀ ਨਾਲ ਜਬਰ ਜਿਨਾਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀੜਤ ਲੜਕੀ ਨੇ ਦੱਸਿਆ ਕਿ ਉਹ ਪਿੰਡ ਦੇ ਹੀ ਸਰਕਾਰੀ ਸਕੂਲ ਵਿਚ 8ਵੀਂ ਕਲਾਸ ਵਿਚ ਪੜਦੀ ਹੈ ਤੇ ਦਲਿਤ ਸਮਾਜ ਨਾਲ ਸਬੰਧਤ ਹੈ। ਉਸ ਨੇ ਦੱਸਿਆ ਕਿ 11 ਅਪਰੈਲ ਸ਼ਾਮ 6 ਵਜੇ ਉਹ ਆਪਣੇ ਘਰ ਵਿਚ ਖੇਡ ਰਹੀ ਸੀ ਤਾਂ ਉਨ੍ਹਾਂ ਦੇ ਗੁਆਂਢੀ ਗੁਰਕੀਰਤ ਸਿੰਘ ਉਰਫ ਰਿੱਕੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਸਾਰੋਵਾਦ ਨੇ ਉਸ ਨੂੰ ਅਵਾਜ ਲਗਾਈ ਕਿ ਉਸ ਦੀ ਭਾਬੀ ਉਸ ਨੂੰ ਬੁਲਾ ਰਹੀ ਹੈ।
ਜੱਦ ਉਹ ਉਨ੍ਹਾਂ ਦੇ ਘਰ ਗਈ ਤਾਂ ਗੁਰਕੀਰਤ ਸਿੰਘ ਨੇ ਕਿਹਾ ਉਸਦੀ ਭਾਬੀ ਨੇ ਉਸ ਨੂੰ ਨਹੀਂ ਬੁਲਾਇਆ ਤਾਂ ਉਹ ਘਰ ਦੇ ਪਿੱਛੇ ਕੁੱਤੀ ਦੇ ਕੱਤੁਰੇ ਦੇਖਣ ਚੱਲੀ ਗਈ । ਜਿਥੇ ਗੁਰਕੀਰਤ ਸਿੰਘ ਨੇ ਉਸ ਨਾਲ ਜਬਰਦਸਤੀ ਮੂੰਹ ਕਾਲਾ ਕੀਤਾ। ਜਿਸ ਕਾਰਨ ਉਸ ਦੀਆਂ ਚੀਕਾਂ ਸੁਣ ਕੇ ਗੁਰਕੀਰਤ ਦੀ ਘਰਵਾਲੀ ਜਸਪ੍ਰੀਤ ਕੌਰ ਆ ਗਈ ਤੇ ਜਸਪ੍ਰੀਤ ਕੌਰ ਨੇ ਵੀ ਉਸ ਦੇ ਥਪੜ ਮਾਰੇ ਤੇ ਕਿਸੇ ਨੂੰ ਇਸ ਬਾਰੇ ਨਾ ਦਸਣ ਦੀ ਧਮਕੀ ਦਿੱਤੀ। ਉਸ ਨੇ ਦੱਸਿਆ ਕਿ ਉਸ ਦੇ ਮਾਤਾ ਰਾਤ 8 ਵਜੇ ਘਰ ਆਏ ਤਾਂ ਸਾਰੀ ਗੱਲ ਦੱਸੀ ਤਾਂ ਪਿੰਡ ਦੇ ਮੌਹਤਬਰ ਵਿਅਕਤੀ ਉਸ ਰਾਤ 9 ਵਜੇ ਦੇ ਕਰੀਬ ਸਰਕਾਰੀ ਹਸਪਤਾਲ ਆਦਮਪੁਰ ਲੈ ਕੇ ਆਏ। ਅੱਜ ਸਵੇਰੇ ਐਸਪੀ ਮਨਜੀਤ ਕੌਰ ਵਲੋਂ ਪੀੜਤ ਦਾ ਹਾਲਚਾਲ ਪੁੱਛਿਆ ਗਿਆ। ਏਐਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ’ਤੇ ਗੁਰਕੀਰਤ ਸਿੰਘ ਉਰਫ ਰਿੱਕੀ ਅਤੇ ਉਸਦੀ ਪਤਨੀ ਜਸਪ੍ਰੀਤ ਕੌਰ ਵਾਸੀ ਸਾਰੋਵਾਦ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਮੁਲਜਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।