(ਸਮਾਜ ਵੀਕਲੀ)
ਪਿਛਲੇ ਕਈ ਦਿਨਾਂ ਤੋਂ ਮਹਾਮਾਰੀ ਸਦਕਾ ਲਾੱਕਡਾਊਨ ਚੱਲ ਰਿਹਾ ਹੈ।
ਇੱਕ ਮਜ਼ਦੂਰ ਆਪਣੇ ਘਰ ਦੀ ਕੰਧ ‘ਤੇ ਲੱਗੀ ਰੱਬ ਜੀ ਦੀ ਫੋਟੋ ਅੱਗੇ ਨਮਸਤਕ ਹੋਇਆ ਅਰਦਾਸ ਕਰ ਰਿਹਾ ਹੈ। ਪੱਖੇ ਦੀ ਤੇਜ਼ ਹਵਾ ਕਾਰਨ ”ਰੱਬ ਜੀ ਦਾ ਕਲੰਡਰ” ਇੱਕ ਥਾਏਂ ਸਥਿਰ ਨਹੀਂ ਹੈ, ਲਗਾਤਾਰ ਡੋਲ ਰਿਹਾ ਹੈ, ਮਜ਼ਦੂਰ ਦੇ ਮਨ ਦੀ ਅਵਸਥਾ ਵਾਂਗ।
ਮਜ਼ਦੂਰ ਨੇ ਹੱਥ ਜੋੜ ਕੇ ਅਰਜ਼ ਗੁਜ਼ਾਰੀ, “ਹੇ ਮੇਰਿਆ ਰੱਬਾ, ਹੁਣ ਤਾਂ ਛੇਤੀ ਛੇਤੀ ਆਹ ਬਮਾਰੀ ਜੀ ਮਕਾਦੇ…. ਡੂਢ ਮਹੀਨਾ ਹੋ ਗਿਆ ਦਿਹਾੜੀ ‘ਤੇ ਨ੍ਹੀ ਗਿਆ।
ਪਹਿਲਾਂ ਈ ਤਿੰਨ ਡੰਗ ਦੀ ਰੋਟੀ ਮਸਾਂ ਜੁੜਦੀ ਸੀ, ਹੁਣ ਤਾਂ ਰੋਜ਼ ਇੱਕ ਡੰਗ ਦੀ ਖਾ ਕੇ ਮਸਾਂ ਈ ਦਿਨ–ਕਟੀਆਂ ਕਰੀ ਜਾਨੇ ਆਂ। ਮੈਂ ਤੇ ਮੇਰੀ ਘਰਆਲ਼ੀ ਤਾਂ ਔਖੇ–ਸੌਖੇ ਕੱਟ ਵੀ ਲਾਂਗੇ ਪਰ ਆਹ ਜੁਆਕ ਵਿਲਕਦੇ ਨ੍ਹੀ ਦੇਖੇ ਜਾਂਦੇ ਮੈਥੋਂ ਰੋਟੀ ਖੁਣੋਂ। ਸਾਡੇ ਕੰਨੀਂ ਵੀ ਦੇਖੋ ਜੀ…. ਵੱਡਿਆਂ ਦਾ ਤਾਂ ਸਰੀ ਜਾਂਦੈ, ਭਾਮੇ ਸਾਲ ਹੋਰ ਬੰਦ ਰਹਿਜੇ, ਪਰ ਸਾਡਾ ਨ੍ਹੀ ਸਰਦਾ… ਤੈਥੋਂ ਕਾਹਦਾ ਓਹਲੈ…. ਚੱਲ ਸਾਡੇ ਤੋਂ ਕੋਈ ਪਾਪ ਹੋ ਗਿਆ ਹੋਊ…. ਮਾਫੀ ਦੇ ਦੇ…. ਤੇਰੇ ਬੱਚੇ ਆਂ ਭੁੱਲਣਹਾਰ ਆਂ…. ਮਾਫੀ ਦੇ ਦੇ…. ਹੁਣ ਤਾਂ ਘਰੇ ਕੁਛ ਨ੍ਹੀ ਬਚਿਆ…. ਏਦੂੰ ਬਾਦ ਜਾਂ ਤਾਂ ਮਰਨਾ ਪਊ ਜਾਂ ਕਿਸੇ ਨੂੰ ਮਾਰਨਾ ਪਊ…. ਹੋਰ ਪਰੀਖਿਆ ਨਾ ਲੈ ਭਗਤਾਂ ਦੀ…. ਲਾਦੇ ਬੇੜੀ ਪਾਰ…. ਮੈਂ ਪਹਿਲੀ ਦਿਹਾੜੀ ਚੋਂ 21 ਰੁਪਈਆਂ ਦਾ ਮੱਥਾ ਟੇਕੂੰ…. ਖੋਲ੍ਹ ਦੇ ਸਾਰਾ ਕੁਛ…. ਦਿਹਾੜੀਆਂ ਲਵਾਦੇ ਰੱਬਾ….।” ਮਜ਼ਦੂਰ ਨੇ ਕਾਫ਼ੀ ਜ਼ਬਤ ਰੱਖਿਆ ਹੋਇਆ ਸੀ ਪਰ ਅਖ਼ੀਰ ਰੋਣਾ ਨਿਕਲ ਹੀ ਗਿਆ।
ਦੁਕਾਨਦਾਰ ਨੇ ਆਪਣੀ ਦੁਕਾਨ ਦੇ ਵਿੱਚ ”ਭਗਵਾਨ ਜੀ” ਦੀ ਛੋਟੀ ਜੀ ਮੂਰਤੀ ਸਾਹਮਣੇ ਧੂਫ ਬਾਲ਼ੀ। ਭਗਵਾਨ ਜੀ ਦੀ ਮੂਰਤੀ ਸਾਹਵੇਂ ਬਲ਼ਦੇ ਜ਼ੀਰੋ ਵਾਟ ਦੇ ਬਲਬ ਵਿੱਚ ਇੱਕ ਤਾਰ ਜਿਹੀ ਫਿਰ ਰਹੀ ਸੀ, ਜਿਹੜੀ ਕਿਸੇ ਬਲ਼ਦੀ ਜੋਤ ਦਾ ਭੁਲੇਖਾ ਸਿਰਜ ਰਹੀ ਸੀ।
ਦੁਕਾਨਦਾਰ ਨੇ ਹੱਥ ਜੋੜ ਕੇ ਅਰਜ਼ੋਈ ਕੀਤੀ, “ਭਗਵਾਨ ਜੀ, ਆਹ ‘ਬੰਦ ਜਾ’ ਡੂਢ ਕੁ ਮਹੀਨਾ ਹੋਰ ਵਧਾਦੋ…. ਪਿਛਲੇ ਡੂਢ ਮਹੀਨੇ ‘ਚ ਸਾਰਾ ਚੰਗਾ–ਮਾੜਾ ਸਟਾੱਕ ਕੱਢਤਾ, ਉਹ ਵੀ ਡੂਢੇ ਰੇਟ ‘ਤੇ…. ਬੱਸ ਡੂਢ ਕੁ ਮਹੀਨਾ ਹੋਰ ਕਿਰਪਾ–ਦ੍ਰਿਸ਼ਟੀ ਬਣਾਈ ਰੱਖਿਓ…. ਥੋਨੂੰ ਵੀ ਪਤਾ ਈ ਐ ਬਈ ਖ਼ਰਚੇ ਦਿਨੋ–ਦਿਨ ਵਧਦੇ ਜਾ ਰਹੇ ਐਂ…. ਦੋ ਕੁੜੀਆਂ ਵਿਆਹੁਣ ਕੰਨੀਓਂ ਬੈਠੀਆਂ ਨੇ…
ਮੁੰਡਾ ਵੀ ਕਿਸੇ ਤਣ–ਪੱਤਣ ਨ੍ਹੀਂ ਲੱਗਿਆ ਹਜੇ…. ਬੱਸ ਡੂਢ ਕੁ ਮਹੀਨਾ ਹੋਰ ਰੰਗ ਦਖਾਦੋ ਆਪਣੇ, ਮੁੜਕੇ ਮੈਂ ਆਪਣੇ ਪੁੱਤ ਮੇਸ਼ੀ ਨੂੰ ਦਕਾਨ ਸੰਭਾ ਦੇਣੀ ਐ ਤੇ ਆਪ ਮੈਂ ਬੱਸ ਤੁਹਾਡੀ ਤੀਮਾਰਦਾਰੀ ‘ਤੇ ਈ ਹੋ ਜਾਣੈ…. ਥੋਡੇ ਤੋਂ ਕਿਹੜਾ ਕੁਛ ਲੁਕਿਐ… ਆਹ ਤੁਹਾਡੀ ਪਵਿੱਤਰ ਇਮਾਰਤ ਬਣਾਉਣ ਲਈ ਸਾਰੀ ਭੱਜ–ਨੱਠ ਮੈਂ ਈ ਕਰੀ ਸੀ। ਰੋਜ ਦਸਵੰਧ ਵੀ ਕਢਦਾਂ, ਥੋਡਾ ਕੋਈ ਵੀ ਕਾਰਜ ਹੋਵੇ ਪਿੱਛੇ ਨਹੀਂ ਹਟਦਾ….. ਬੱਸ ਮੇਰੀ ਇੱਕੋ ਅਰਜ ਮੰਨਿਓ…. ਆਹ ਡੂਢ ਕੁ ਮਹੀਨਾ ”ਬੰਦ” ਹੋਰ ਰਹਿਣ ਦਿਓ… ਬਾਕੀ ਉਹਤੋਂ ਗਾਂਹ ਥੋਡੀ ਮਰਜੀ…. ਬੱਸ ਜੀ ਹੋਰ ਨਹੀਂ ਮੰਗਦਾ ਕੁਛ ਥੋਡੇ ਤੋਂ….।”
ਮਨੋ–ਮਨੀਂ ਖ਼ੁਸ਼ ਦੁਕਾਨਦਾਰ ਨੇ ਜੇਬ ਵਿੱਚੋਂ 100 ਰੁਪਈਏ ਦਾ ਨਵਾਂ ਨੋਟ ਭਗਵਾਨ ਜੀ ਦੀ ਮੂਰਤੀ ਮੂਹਰੇ ਪਈ ਛੋਟੀ ਜਿਹੀ ਗੋਲਕ ਵਿੱਚ ਤੁੰਨ ਦਿੱਤਾ ਤੇ ਦੁਕਾਨ ਦਾ ਅੱਧਾ ਕੁ ਸ਼ਟਰ ਚੁੱਕ ਕੇ ”ਗ੍ਰਾਹਕ ਰੂਪੀ ਭਗਵਾਨਾਂ” ਦਾ ਇੰਤਜ਼ਾਰ ਕਰਨ ਲੱਗ ਪਿਆ।
ਪੱਖੇ ਦੀ ਤੇਜ਼ ਹਵਾ ਨਾਲ਼ ਕੰਧ ‘ਤੇ ਸੱਜੇ–ਖੱਬੇ ਨੂੰ ਘਿਸਰ ਰਹੀ ”ਰੱਬ ਜੀ ਦੇ ਕਲੰਡਰ ਵਾਲ਼ੀ ਫ਼ੋਟੋ ” ਤੇ ਗੋਲਕ ਅਤੇ ਬਿਜਲਈ ਜੋਤ ਵਾਲ਼ੀ ”ਭਗਵਾਨ ਜੀ ਦੀ ਮੂਰਤੀ” ਦੋਵੇਂ ਹੀ ਦੁਬਿਧਾ ਭਰੀ ਦ੍ਰਿਸ਼ਟੀ ਨਾਲ਼ ਆਪਣੇ ਭਗਤਾਂ ਨੂੰ ਨਿਹਾਰ ਰਹੀਆਂ ਹਨ। ਕਲਯੁਗ ਦੇ ਰਥ ਦਾ ਪਹੀਆ ”ਡਰਾਅ” ਕੱਢਣ ਲਈ ਘੁੰਮ ਪਿਆ ਹੈ।
ਸਵਾਮੀ ਸਰਬਜੀਤ
9888401328