ਮਲਚਿੰਗ ਤਕਨੀਕ ਨਾਲ ਇੱਕ ਮਹੀਨਾ ਪਹਿਲਾਂ ਤਿਆਰ ਕੀਤੀ ਖਰਬੂਜੇ ਦੀ ਫ਼ਸਲ
ਕਪੂਰਥਲਾ/ਸੁਲਤਾਨਪੁਰ (ਸਮਾਜ ਵੀਕਲੀ) (ਕੌੜਾ)- ਸਲਤਾਨਪੁਰ ਲੋਧੀ ਦੇ ਪਿੰਡ ਫੌਜੀ ਕਲੋਨੀ ਦੇ ਕਿਸਾਨ ਅਜੀਤ ਸਿੰਘ ਔਜਲਾ ਵੱਲੋਂ ਪਲਾਸਟਿਕ ਮਲਚ ਅਤੇ ਪੌਲੀ ਟਨਲ ਉੱਪਰ ਬੌਬੀ ਖਰਬੂਜੇ ਦੀ ਫਸਲ ਦੀ ਸਫਲ ਕਾਸ਼ਤ ਨੂੰ ਹੋਰਨਾ ਕਿਸਾਨਾਂ ਤੱਕ ਪਹੁੰਚਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸੁਲਤਾਨਪੁਰ ਲੋਧੀ ਵੱਲੋਂ ਟਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ।
ਅਜੀਤ ਸਿੰਘ ਔਜਲਾ ਦੇ ਦੱਸਿਆ ਕਿ ਓਹ 12 ਏਕੜ ਵਿੱਚ ਖੇਤੀ ਕਰਦੇ ਹਨ ਜਿਸ ਵਿੱਚ ਕਣਕ , ਆਲੂ ਤੋਂ ਇਲਾਵਾ 1.5 ਏਕੜ ਖੇਤਰ ਵਿੱਚ ਬੌਬੀ ਖਰਬੂਜੇ ਦੀ ਕਾਸ਼ਤ ਕੀਤੀ ਹੈ।
ਇਸ ਦੀ ਪਨੀਰੀ ਟਰੇਆਂ ਵਿੱਚ ਨਾਰੀਅਲ ਦਾ ਬੂਰਾ ਪਾ ਕੇ ਤਿਆਰ ਕੀਤਾ ਗਿਆ ਸੀ ਜਿਸ ਨੂੰ ਜਨਵਰੀ ਮਹੀਨੇ ਵਿੱਚ ਹੀ ਲਗਾ ਦਿੱਤਾ ਗਿਆ ਸੀ ਜਦਕਿ ਖਰਬੂਜੇ ਦੀ ਆਮ ਕਾਸ਼ਤ ਮਾਰਚ ਵਿੱਚ ਸ਼ੁਰੂ ਹੁੰਦੀ ਹੈ।
ਠੰਡ ਤੋਂ ਬਚਾਉਣ ਲਈ ਪਲਾਸਟਿਕ ਸ਼ੀਟਾਂ ਦੀ ਵਰਤੋਂ ਕੀਤੀ ਗਈ ਸੀ। ਇਸਦੀ ਸਿੰਚਾਈ ਦਾ ਸਮੁਚਾ ਪ੍ਰਬੰਧ ਤੁਪਕਾ ਸਿੰਚਾਈ ਨਾਲ ਕੀਤਾ ਗਿਆ ਸੀ। ਇਹ ਫ਼ਸਲ ਕੁਝ ਦਿਨਾਂ ਵਿੱਚ ਬਾਜਾਰ ਵਿੱਚ ਵਿਕਣ ਲਈ ਆ ਜਾਵੇਗੀ।
ਇਸ ਤੋਂ ਇਲਾਵਾ ਉਹ ਮਿਰਚ, ਕੱਦੂ, ਟਮਾਟਰ ਅਤੇ ਪਿਆਜ ਦੀ ਪਨੀਰੀ ਵੀ ਤਿਆਰ ਕਰਕੇ ਵੇਚਦੇ ਹਨ ਜਿਸ ਦੀ ਸਿੰਚਾਈ ਫੁਆਰੇ ਅਤੇ ਤੁਪਕਾ ਸਿੰਚਾਈ ਨਾਲ ਕਰਕੇ ਪਾਣੀ ਦੀ ਬਚਤ ਕੀਤੀ ਜਾਂਦੀ ਹੈ।
ਓੁਹਨਾ ਨੇ ਦੱਸਿਆ ਕਿ ਬੌਬੀ ਖਰਬੂਜੇ ਦਾ ਬੀਜ 80000 ਰੁਪਏ ਪ੍ਰਤੀ ਕਿੱਲੋ ਤੱਕ ਹੁੰਦਾ ਹੈ ਅਤੇ ਇਸਦੀ ਜਿਆਦਾ ਮੰਗ ਜੰਮੂ ਕਸ਼ਮੀਰ ਵਿੱਚ ਰਮਜਾਨ ਵਿੱਚ ਹੁੰਦੀ ਹੈ ਜਦਕਿ ਪੰਜਾਬ ਵਿੱਚ ਲੱਗਣ ਵਾਲੀ ਆਮ ਖਰਬੂਜੇ ਦੀ ਫਸਲ ਮਈ ਦੇ ਅੱਧ ਵਿੱਚ ਤਿਆਰ ਹੁਦੀ ਹੈ, ਇਸ ਕਰਕੇ ਉਹਨਾਂ ਮਲਚਿੰਗ ਤਕਨੀਕ ਨਾਲ ਆਮ ਕਿਸਾਨਾਂ ਤੋਂ ਤਕਰੀਬਨ ਇੱਕ ਮਹੀਨਾ ਪਹਿਲਾ ਫ਼ਸਲ ਤਿਆਰ ਕਰ ਲੈਈ ਹੈ।
ਇਸ ਮੌਕੇ ਡਾ. ਜਸਪਾਲ ਸਿੰਘ ਧੰਜੂ ਖੇਤੀਬਾੜੀ ਵਿਕਾਸ ਅਫਸਰ ਨੇ ਦੱਸਿਆ ਕਿ ਅਜੀਤ ਸਿੰਘ ਲੰਬੇ ਸਮੇਂ ਤੋਂ ਮਹਿਕਮੇ ਨਾਲ ਜੁੜੇ ਹੋਏ ਹਨ ਅਤੇ ਆਤਮਾ ਸਕੀਮ ਦੇ ਫਾਊਂਡਿੰਗ ਚੇਅਰਮੇਨ ਰਹਿਣ ਦੇ ਨਾਲ ਨਾਲ ਕਿਸਾਨ ਮਿੱਤਰ( ਫਾਰਮਰ ਫਰੈਂਡ) ਵੀ ਹਨ ਅਤੇ ਪੀ ਏ ਯੂ ਕਿਸਾਨ ਕਲੱਬ ਦੇ ਪ੍ਰਧਾਨ ਵੀ ਰਹੇ ਹਨ।
ਵਿਭਾਗ ਵਲੋਂ ਇਲਾਕੇ ਦੇ ਕਿਸਾਨਾਂ ਨੂੰ ਉਨਾਂ ਦੇ ਖੇਤਾਂ ਵਿੱਚ ਸਿਖਲਾਈ ਕੈਂਪ ਲਗਾ ਰਹੇ ਤਾਂ ਕਿ ਹੋਰ ਕਿਸਾਨ ਵੀ ਫਸਲੀ ਵਿਭੰਨਤਾ ਅਪਣਾਉਣ ।