(ਸਮਾਜ ਵੀਕਲੀ)
ਕਲਮਾਂ ਦੀ ਸੁੱਕੀ ਸਿਆਹੀ
ਂ
ਸੁਣਿਆ ਤੇ ਪੜਿਆ ਕਰਦੇ ਸੀ, ਕਲਮ ਦੀ ਧਾਰ, ਤਲਵਾਰ ਨਾਲੋਂ ਤਿੱਖੀ ਹੁੰਦੀ ਹੈ। ਹੁਣ ਇਹ ਸ਼ਬਦ ਕੋਸ਼ਾਂ ਵਿੱਚ ਪੜ•ਨ ਨੂੰ ਤਾਂ ਮਿਲਦਾ ਹੈ ਪ੍ਰੰਤੂ ਜ਼ਿੰਦਗੀ ਵਿੱਚੋਂ ਇਹ ਸਭ ਕੁਝ ਅਲੋਪ ਹੋ ਗਿਆ ਹੈ। ਹੁਣ ਉਹ ਨਾ ਕਲਮਾਂ ਰਹੀਆਂ ਹਨ ਤੇ ਨਾ ਹੀ ਤਲਵਾਰਾਂ। ਹੁਣ ਤਾਂ ਸਭ ਕੁਝ ਸ਼ੋਹਰਤ, ਪੈਸਾ ਤੇ ਹਵਸ ਰਹਿ ਗਿਆ ਹੈ। ਇਹ ਸਭ ਕੁਝ ਹਾਸਲ ਕਰਨ ਲਈ ਵਸਤਰ ਉਤਾਰਨੇ ਪੈਣ, ਭਾਵੇਂ ਜ਼ਮੀਰ ਮਾਰਨੀ ਪਵੇ, ਪੈਸੇ ਲਈ ਸਭ ਕੁਝ ਕੀਤਾ ਜਾਂਦਾ ਹੈ। ਜ਼ਮੀਰ ਨੂੰ ਹੁਣ ਕੌਣ ਪੁੱਛਦਾ ਹੈ?
“ਅਖੇਂ ਜਿਸ ਦੀ ਕੋਠੀ ਦਾਣੇ, ਉਸਦੇ ਕਮਲੇ ਵੀ ਸਿਆਣੇ”। ਸਿਆਣੀ ਗੱਲਾਂ ਉਸਦੀਆਂ ਹੀ ਸੁਣੀਆਂ ਜਾਂਦੀਆਂ ਹਨ, ਜਿਸ ਦੇ ਕੋਲ ਪੈਸਾ ਹੋਵੇ। ਜੇਬ ਭਰਨ ਲਈ ਹੁਣ ਦੌੜ ਲੱਗੀ ਹੈ। ਇਸ ਦੌੜ ਵਿੱਚ ਹਰ ਕੋਈ ਸ਼ਾਮਿਲ ਹੈ।
ਕਦੇ ਸਰਬੰਸ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਤੇ ਉਨ•ਾਂ ਦੇ ਪਰਿਵਾਰ ਉਤੇ ਹੋਏ ਜ਼ੁਲਮਾਂ ਵਿਰੁੱਧ ਉਸ ਸਮੇਂ ਦੇ ਬਾਦਸ਼ਾਹ ਨੂੰ “ਇੱਕ ਪਾਤਸ਼ਾਹ” ਵੱਲੋਂ ਚਿੱਠੀ ਲਿਖੀ ਗਈ ਸੀ, ਜਿਸਨੂੰ ਜ਼ਫਰਨਾਮਾ ਆਖਿਆ ਜਾਂਦਾ ਹੈ। ਇਤਿਹਾਸ ਦੱਸਦਾ ਹੈ ਕਿ ਉਹ ਜ਼ਫਰਨਾਮਾ ਪੜ ਕੇ ਬਾਦਸ਼ਾਹ ਔਰੰਗਜ਼ੇਬ ਪਾਗਲ ਹੋ ਗਿਆ ਸੀ। ਉਸਦੇ ਅੰਦਰਲਾ ਮਨੁੱਖ ਉਸਨੂੰ ਫਿੱਟ ਲਾਹਨਤਾਂ ਪਾਉਣ ਲੱਗ ਪਿਆ ਸੀ।
ਉਸ ਜ਼ਫਰਨਾਮੇ ਵਿੱਚ ਅਜਿਹੀ ਇੱਕ ਸ਼ਕਤੀ ਸੀ ਜਿਸਨੇ ਉਸ ਸਮੇਂ ਦੇ ਬਾਦਸ਼ਾਹ ਨੂੰ ਧੁਰ ਤੀਕ ਹਿਲਾ ਕੇ ਰੱਖ ਦਿੱਤਾ ਸੀ। ਇਹ ਸਭ ਪੜ•ਦਿਆਂ ਮਨ ਉਸ ਸਮੇਂ ਦੇ ਮਾਹੌਲ ਵਿੱਚ ਚਲੇ ਜਾਂਦਾ ਹੈ। ਇਹ ਸਭ ਗੱਲਾਂ ਵੀ ਸਾਡੇ ਇਤਿਹਾਸ ਦੇ ਪੰਨਿਆਂ ਵਿੱਚ ਰਹਿ ਗਈਆਂ ਹਨ। ਕਿਉਂਕਿ ਹੁਣ ਹੱਕ ਤੇ ਸੱਚ ਦੀ ਕੋਈ ਆਵਾਜ਼ ਹੀ ਨਹੀਂ, ਜਿਹੜੀ ਸਮੇਂ ਦੀ ਹਕੂਮਤ ਨੂੰ ਆਖ ਸਕੇ। ਹੁਣ ਤਾਂ ਹਾਲਤ ਇਹ ਬਣ ਗਈ ਹੈ:-
‘ਕੌਣ ਰਾਣੀ ਨੂੰ ਆਖੇ ਕਿ ਅੱਗਾ ਢੱਕ’
ਕਿਉਂਕਿ ਹੁਣ ਸਾਹਿਬ ਦੇ ਮੂੰਹ ਉਤੇ ਗੱਲ ਕਰਨ ਵਾਲਾ ਨਹੀਂ ਰਿਹਾ, ਹੁਣ ਤਾਂ ਜ਼ੁਲਮ ਕਰਨ ਵਾਲਿਆਂ ਦੇ ਨਾਲ ਕਲਮਾਂ ਵੀ ਚੁੱਪ ਚਾਪ ਰਲ ਗਈਆਂ ਹਨ। ਹੁਣ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਹੋ ਰਹੇ ਜ਼ੁਲਮ ਦੇ ਖਿਲਾਫ ਹਾਅ ਦਾ ਨਾਅਰਾ ਮਾਰਨ ਵਾਲਾ ਵੀ ਕੋਈ ਨਹੀਂ ਰਿਹਾ। ਕਿਉਂਕਿ ਹੁਣ ਤਾਂ ਚਾਰੇ ਪਾਸੇ ਚੋਰ ਤੇ ਕੁੱਤੀ ਦੋਵੇਂ ਰਲੇ ਹੋਏ ਹਨ। ਹੁਣ ਖੇਤ ਨੂੰ ਬਚਾ ਨਹੀਂ ਸਕਦੇ ਕਿਉਂਕਿ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਫਿਰ ਤੁਸੀਂ ਫਸਲ ਦੀ ਆਸ ਕਿੱਥੋਂ ਕਰ ਸਕਦੇ ਹੋ।
ਕਲਮਾਂ ਦਾ ਇੱਕ ਲੰਮਾ ਇਤਿਹਾਸ ਹੈ, ਕਿਉਂਕਿ ਕਲਮ ਨੂੰ ਪਹਿਲਾਂ ਆਪਣਾ ਸੀਸ ਕਟਾਉਣਾ ਪੈਂਦਾ ਹੈ, ਫਿਰ ਉਹ ਕਾਗਜ਼ ਦੀ ਹਿੱਕ ਉਤੇ ਸ਼ਬਦਾਂ ਨਾਲ ਆਪਣੀ ਜੰਗ ਲੜਦੀ ਹੈ। ਪਰ ਹੁਣ ਕਲਮ ਸੀਸ ਨਹੀਂ ਕਟਾਉਂਦੀ ਸਗੋਂ “ਸੀਸ ਭੇਟਾ” ਵਿੱਚ ਲੈਂਦੀ ਤੇ ਦੇਂਦੀ ਹੈ। ਉਸਨੂੰ ਇਹ ਵੀ ਅਹਿਸਾਸ ਹੇ ਜੇ ਉਸਨੇ ਆਪਣੀ ਧੌਣ ਚੱਕ ਕੇ ਰੱਖੀ ਤਾਂ ਇੱਕ ਦਿਨ ਕੋਈ ਹੋਰ ਹੀ ਕੱਟ ਕੇ ਲੈ ਜਾਵੇਗਾ। ਇਸ ਲਈ ਕਲਮ ਹੁਣ ਆਪਣੀ ਧੌਣ ਆਪਣੇ ਸਦਾ ਬੋਝੇ ਵਿੱਚ ਪਾ ਕੇ ਰੱਖਦੀ ਹੈ।
ਜਦੋਂ ਚੋਣਾਂ ਦਾ ਦੌਰ ਹੁੰਦਾ ਹੈ ਤਾਂ ਰਾਜਸੀ ਪਾਰਟੀਆਂ ਨੂੰ ਕਲਮਾਂ ਤੇ ਮੀਡੀਏ ਦੀ ਲੋੜ ਹੁੰਦੀ ਹੈ, ਜਿਹੜੀਆਂ ਉਨਾਂ ਦੇ ਸੋਹਿਲੇ ਗਾਉਣ। ਉਨ•ਾਂ ਦੀਆਂ ਕਾਲੀਆਂ ਕਰਤੂਤਾਂ ਨੂੰ ਢੱਕ ਕੇ ਰੱਖਣ ਤੇ ਉਨਾਂ ਦੇ ਗੁਣਗਾਨ ਕਰਨ। ਇਸੇ ਲਈ ਰਾਜਸੀ ਪਾਰਟੀਆਂ ਨੇ ਇਨਾਂ ਕਲਮਾਂ ਦਾ ਸਰ•ੇਆਮ ਮੁੱਲ ਪਾਉਣਾ ਸ਼ੁਰੂ ਦਿੱਤਾ ਹੈ। ਜਿੰਨੀ ਵੱਡੀ ਕਲਮ ਉਨੀ ਵੱਡੀ ਕੀਮਤ। ਇਸ ਸਮੇਂ ਵੱਡੀਆਂ ਕਲਮਾਂ ਉਹ ਭਾਵੇਂ ਆਪਣੇ ਆਪ ਨੂੰ ਨਿਰਪੱਖ ਤੇ ਸੁਤੰਤਰ ਸੋਚ ਦੀ ਮੁਦਈ ਹੋਣ ਦਾ ਸਬੂਤ ਦੇਣ ਲਈ ਆਪਣੇ ਮੱਥੇ ਉਪਰ ਨੈਤਿਕ ਕਦਰਾਂ ਕੀਮਤਾਂ ਦਾ ਮਖੌਟਾ ਲਾਈ ਫਿਰਨ। ਪਰ ਰਾਜਸੀ ਆਗੂਆਂ ਨੂੰ ਉਨਾਂ ਦੇ ਮੁੱਲ ਦਾ ਪਤਾ ਹੈ। ਚੋਣਾਂ ਵੇਲੇ ਵਿਕ ਕੇ ਅਖਬਾਰਾਂ ਛਪਦੀਆਂ ਹਨ ਤੇ ਟੀਵੀ ਤੇ ਮੁੱਲ ਦੀਆਂ ਖਬਰਾਂ ਚੱਲਦੀਆਂ ਹਨ।
ਕਲਮਾਂ ਲਈ ਹਰ ਤਰਾਂ ਦੀਆਂ ਚੋਣਾਂ ਸਰਾਧ ਹੁੰਦੀਆਂ ਹਨ। ਉਹਨਾਂ ਦਿਨਾਂ ਦੌਰਾਨ ਅਖਬਾਰਾਂ ਤੇ ਕਲਮਕਾਰ ਆਪਣੀਆਂ ਤਜ਼ੌਰੀਆਂ ਭਰਦੇ ਹਨ। ਆਪਣੀ ਕੀਮਤ ਵਸੂਲ ਕਰਦੇ ਹਨ। ਇਨ•ਾਂ ਦਿਨਾਂ ਦੌਰਾਨ ਨਾ ਤਾਂ ਕਲਮਾਂ ਨੂੰ ਤੇ ਨਾ ਹੀ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਇਹ ਫਿਕਰ ਹੁੰਦਾ ਹੈ, ਕਿ ਉਹ ਲੋਕਾਂ ਦੇ ਦੁੱਖਾਂ ਦੀ ਗੱਲ ਕਰਨ। ਉਨਾਂ ਨੂੰ ਗਰੀਬੀ ਦੀ ਦਲਦਲ ਵਿੱਚੋਂ ਕਿਵੇਂ ਕੱਢਿਆ ਜਾ ਸਕਦਾ ਹੈ। ਇਨਾਂ ਦਿਨਾਂ ਦੌਰਾਨ ਤਾਂ ਉਨ•ਾਂ ਦੀ ਹਾਲਤ ਵੱਧ ਤੋਂ ਵੱਧ ਮਾਲ ਇਕੱਠਾ ਕਰਨ ਦੀ ਹੁੰਦੀ ਹੈ। ਚੋਣਾਂ ਤਾਂ ਕਲਮਾਂ ਲਈ ਮੇਲਾ ਹੀ ਹੁੰਦੀਆਂ ਹਨ। ਇਸੇ ਲਈ ਕਲਮਾਂ ਆਪਣਾ ਮੁੱਲ ਪਾਉਂਦੀਆਂ।
ਚੋਣਾਂ ਦੌਰਾਨ ਵੱਡੀਆਂ ਤੇ ਛੋਟੀਆਂ ਕਲਮਾਂ ਦੀ ਜਦੋਂ ਚੋਣ ਲੜ ਰਹੀਆਂ ਪਾਰਟੀਆਂ ਦੇ ਆਗੂਆਂ ਦੇ ਦਫਤਰਾਂ ਵਿੱਚ ਬੋਲੀ ਹੋਣ ਲੱਗਦੀ ਤਾਂ ਹਰ ਵੱਡੀ ਕਲਮ ਤੇ ਅਖਬਾਰ ਦਾ ਵੱਡਾ ਮੁੱਲ ਪੈਂਦਾ ਹੈ। ਭਾਵੇਂ ਚੋਣਾਂ ਦੌਰਾਨ ਚੋਣ ਲੜ• ਰਹੇ ਉਮੀਦਵਾਰ ਨੂੰ ਵੋਟ-ਵੋਟ ਦੀ ਲੋੜ ਹੁੰਦੀ ਹੈ। ਇਹ ਵੋਟਾਂ ਕਿਵੇਂ ਪ੍ਰਾਪਤ ਕਰਨੀਆਂ ਹਨ? ਇਨਾਂ ਲਈ ਕੀ ਯੋਜਨਾ ਉਲੀਕਣੀ ਹੈ, ਕਿਹੜੇ ਕਿਹੜੇ ਸਬਜ਼ਬਾਗ ਵਿਖਾਉਣੇ ਹਨ, ਇਹ ਸਭ ਕਲਮਾਂ ਦੀ ਮਿਹਰਬਾਨੀ ਹੁੰਦੀ ਹੈ। ਇਸੇ ਲਈ ਹੁਣ ਕਲਮਾਂ ਸਿਰਫ ਤੇ ਸਿਰਫ ਉਨਾਂ ਰਾਜਸੀ ਆਗੂਆਂ ਦੇ ਗੀਤ ਗਾਉਂਦੀਆਂ ਹਨ। ਕਲਮਾਂ ਦੀ ਅੱਖ ਪੁਰਸਕਾਰ , ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਰੁਤਬੇ ਲੱਗਣ ਦੀ ਹੋੜ ਹੁੰਦੀ ਹੈ ਤੇ ਜਾਂ ਫਿਰ ਨਕਦ ਨਰੈਣ ‘ਤੇ ਟਿਕੀ ਹੁੰਦੀ ਹੈ। ਇਨਾਂ ਕਲਮਾਂ ਦੀ ਜ਼ਮੀਰ ਕਦੋਂ ਜਾਗੇਗੀ?
ਭਾਵੇਂ ਕਲਮਾਂ ਦੀ ਸ਼ਹਾਦਤਾਂ ਦੇਣ ਦਾ ਇੱਕ ਲੰਮਾ ਇਤਿਹਾਸ ਹੈ। ਹੁਣ ਇਸ ਇਤਿਹਾਸ ਨੂੰ ਕਲਮਾਂ ਕਿਵੇਂ ਕਲੰਕਿਤ ਕਰ ਰਹੀਆਂ ਹਨ। ਇਸ ਦੀ ਤਸਵੀਰ ਇਨਾਂ ਚੋਣਾਂ ਦੌਰਾਨ ਸਭ ਦੇ ਸਾਹਮਣੇ ਆ ਰਹੀ ਹੈ। ਜਦੋਂ ਵੀ ਕਿਸੇ ਵੱਡੇ ਇਨਾਮ ਜਾਂ ਅਹੁੱਦੇ ਲਈ ਸੱਤਾ ਕਿਸੇ ਕਲਮਕਾਰ ਦੀ ਭਾਲ ਕਰਦੀ ਹੈ ਤਾਂ ਉਹ ਉਸਦੀ ਸਾਹਿਤ ਵਿਚ ਕੀ ਦੇਣ ਹੈ? ਇਹ ਨਹੀਂ ਵੇਖਦੀ ਸਗੋਂ ਇਹ ਵੇਖਦੀ ਹੈ ਕਿ ਇਸ ਦੇ ਨਾਂ ‘ਤੇ ਭੀੜ ਕਿਵੇਂ ਕੱਠੀ ਹੋ ਸਕਦੀ ਹੈ। ਹੁਣ ਇਸੇ ਹੀ ਤਰਾਂ ਇੱਕ ਸਰਕਾਰੀ ਅਦਾਰੇ ਵਲੋਂ ਰਲ ਮਿਲ ਕੇ ਰਿਊੜੀਆਂ ਖਾਧੀਆਂ ਜਾ ਰਹੀਆਂ ਹਨ । ਇਹ ਸਭ ਆਮ ਪਾਠਕ ਦੇ ਨੱਕ ਦੇ ਥੱਲੇ ਹੋ ਰਿਹਾ ਹੈ ਪਰ ਕੋਈ ਇਹ ਪੁੱਛ ਕੇ ਰਾਜੀ ਨਹੀਂ ਕਿ ਇਹ ਕੀ ਹੋ ਰਿਹਾ ਹੈ।
ਸਾਰੇ ਦੇ ਸਾਰ ਗਾਂਧੀ ਦੇ ਤਿੰਨ ਬਾਂਦਰ ਬਣੇ ਬੈਠੇ ਹਨ। ਸਰਕਾ੍ਰੀ ਤੇ ਗੈਰ ਸਰਕਾਰੀ ਸਾਹਿਤਕ ਸੰਸਥਾ ਕੀ ਕਰ ਰਹੀਆਂ ? ਕਿਤਾਬਾਂ ਦੇ ਰਲੀਜ਼ ਸਮਾਗਮ ਕਰ ਕੇ ਆਖਦੀਆਂ ਨੇ ਕਲਮ ਦੇ ਨਾਲ ਇਨਕਲਾਬ ਲਿਆਂਵਾਗੇ! ਇਹਨਾਂ ਦੇ ਚੌਧਰੀਆਂ ਦਾ ਆ ਗਿਆ ਬਾਕੀਆੰ ਨੂੰ ਥਾਪੜਾ ਦੇ ਰਹੇ ਹਨ!
ਵੋਟਾਂ ਬਣਾ ਰਹੇ ਨੇ ਪਰ ਇਹ ਨੀ ਦੱਸਦੇ ਕੀ, ਕਿਉ, ਕਿਸ ਲਈ, ਕਿਵੇਂ ਲਿਖਣਾ ਤੇ ਕਿਹੋ ਜਿਹਾ ਲਿਖਣਾ ਹੈ ? ਉਹ ਨੀ ਦੱਸਦੇ! ਇਸੇ ਕਰਕੇ ਘਰਾਂ ਵਿੱਚੋਂ ਊੜਾ ਤੇ ਜੂੜਾ ਗਾਇਬ ਹੋ ਗਿਆ ਤੇ ਬੌਧਿਕ ਕੂੜਾ ਵੱਧ ਗਿਆ ਹੈ!
ਕੀ ਪੰਜਾਬ ਤੇਰਾ ਬੌਧਿਕ ਤੇ ਸਰਮਾਇਆ ਵਿਦੇਸ਼ਾਂ ਵੱਲ ਭਜਾਇਆ ਜਾ ਰਿਹਾ ਹੈ! ਇਸ ਦੇ ਨਾਲ ਅਗਲੇ ਸਮੇਂ ਚ ਪੰਜਾਬ ਨੂੰ ਛੇ ਜੋਨਾਂ ਚ ਮਲਟੀਆਂ ਕੰਪਨੀਆਂ ਵੇਚਣਾ ਹੈ ਤਿਆਰੀ ਹੈ ਪਰ ਕਲਮਾਂ ਚੁਪ ਹਨ ! ਕੀ ਤੁਸੀਂ ਵੀ ਚੁਪ ਹੋ?
ਬੁੱਧ ਸਿੰਘ ਨੀਲੋਂ
94643-70823