ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਸੁਰੱਖਿਆ ਬਲਾਂ ਖ਼ਿਲਾਫ਼ ਦਿੱਤੇ ਗਏ ਬਿਆਨ ਦਾ ਪੱਖ ਪੂਰਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਉਹ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦਾ ਪੂਰਾ ਸਨਮਾਨ ਕਰਦੀ ਹੈ ਪਰ ਉਨ੍ਹਾਂ ’ਤੇ ਗੰਭੀਰ ਦੋਸ਼ ਲੱਗੇ ਹਨ ਕਿ ਉਹ ਵੋਟਰਾਂ ਨੂੰ ਡਰਾ ਕੇ ਕਿਸੇ ਖਾਸ ਸਿਆਸੀ ਪਾਰਟੀ ਦੇ ਹੱਕ ’ਚ ਵੋਟ ਭੁਗਤਣ ਲਈ ਆਖ ਰਹੇ ਹਨ।
ਨੋਟਿਸ ਦਾ ਜਵਾਬ ਦਿੰਦਿਆਂ ਤ੍ਰਿਣਮੂਲ ਕਾਂਗਰਸ ਮੁਖੀ ਨੇ ਚੋਣ ਕਮਿਸ਼ਨ ਵੱਲੋਂ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੀਆਰਪੀਐੱਫ ਦੇ ਇਕ ਜਵਾਨ ਨੇ 6 ਅਪਰੈਲ ਨੂੰ ਰਾਮਨਗਰ ’ਚ ਇਕ ਲੜਕੀ ਨਾਲ ਛੇੜਖਾਨੀ ਕੀਤੀ ਸੀ ਜਿਸ ਦੀ ਐੱਫਆਈਆਰ ਪੁਲੀਸ ਸਟੇਸ਼ਨ ’ਚ ਦਰਜ ਹੈ। ਇਸ ਦੀ ਸ਼ਿਕਾਇਤ ਸੂਬਾ ਚੋਣ ਅਧਿਕਾਰੀ ਕੋਲ ਕੀਤੀ ਗਈ ਸੀ ਪਰ ਅਜੇ ਤੱਕ ਕੇਂਦਰੀ ਸੁਰੱਖਿਆ ਬਲਾਂ ਨੂੰ ਕੋਈ ਨਿਰਦੇਸ਼ ਜਾਰੀ ਨਹੀਂ ਕੀਤੇ ਗਏ ਹਨ।