ਸੋਨੀਪਤ (ਸਮਾਜ ਵੀਕਲੀ) : ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਅੱਜ ਕੇਐਮਪੀ ’ਤੇ ਜਾਮ ਲਾ ਦਿੱਤਾ। ਕਿਸਾਨ ਕੇਜੀਪੀ-ਕੇਐਮਪੀ ਦੇ ਜ਼ੀਰੋ ਪੁਆਇੰਟ ਤੇ ਕੇਐਮਪੀ ਦੇ ਟੌਲ ’ਤੇ ਡਟੇ ਹੋਏ ਹਨ। ਕਿਸਾਨਾਂ ਨੇ ਐਕਸਪ੍ਰੈਸ ਵੇਅ ਦੇ ਦੋਹਾਂ ਰਸਤਿਆਂ ਨੂੰ ਬੰਦ ਕਰ ਦਿੱਤਾ ਤੇ ਕਿਸੇ ਵੀ ਵਾਹਨ ਨੂੰ ਲੰਘਣ ਨਹੀਂ ਦਿੱਤਾ। ਕਿਸਾਨਾਂ ਸਵੇਰੇ ਅੱਠ ਵਜੇ ਇਕੱਠੇ ਹੋਣੇ ਸ਼ੁਰੂ ਹੋਏ।
ਇਸ ਤੋਂ ਬਾਅਦ ਮੂਰਥਲ ਤੇ ਗਨੌਰ ਵਿਚ ਭਾਰੀ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਕਿਸਾਨਾਂ ਨੇ ਅੱਜ ਤੋਂ ਐਤਵਾਰ ਸਵੇਰੇ ਅੱਠ ਵਜੇ ਤਕ ਮਾਰਗ ਬੰਦ ਕਰਨ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਹਰਿਆਣਾ ਪੁਲੀਸ ਨੇ ਕੁੰਡਲੀ-ਮੇਵਾਤ-ਪਲਵਲ ਹਾਈਵੇਅ ’ਤੇ ਕਈ ਥਾਈਂ ਕਿਸਾਨਾਂ ਨੂੰ ਧਰਨਾ ਸਥਾਨ ਤੋਂ ਜ਼ਬਰਦਸਤੀ ਹਟਾ ਦਿੱਤਾ ਤੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ।