(ਸਮਾਜ ਵੀਕਲੀ)- ਯੂ ਕੇ ਦੀ ਬਰਾਡਕਾਸਟਿੰਗ ਅਥਾਰਿਟੀ ਆਫ਼ਕਾਮ ਨੇ ਇੱਥੋਂ ਦੇ ਲਵਬਰਡ ਨਾਮ ਦੇ ਇਕ ਧਾਰਮਿਕ ਚੈਨਲ ਨੂੰ 125000.00 ਪੌਂਡ ਦਾ ਜੁਰਮਾਨਾ ਕੀਤਾ ਹੈ । ਚੈਨਲ ਨੂੰ ਇਹ ਜੁਰਮਾਨਾ ਕੋਰੋਨਾ ਵਾਇਰਸ ਸੰਬੰਧੀ ਇਤਰਾਜਯੋਗ ਪ੍ਰਸਾਰਨ ਕਰਨ ਦੀ ਸਜਾ ਵਜੋਂ ਕੀਤਾ ਗਿਆ ਹੈ । ਅਥਾਰਿਟੀ ਨੇ ਦੱਸਿਆ ਕਿ ਲਵਬਰਡ ਚੈਨਲ ਜਿੱਥੇ ਕੋਰੋਨਾ ਸੰਬੰਧੀ ਆਪਣੇ ਪਰੋਗਰਾਮਾਂ ਵਿੱਚ ਬਹੁਤ ਹੀ ਗੁਮਰਾਹਕੁਨ ਪ੍ਰਚਾਰ ਕਰ ਰਿਹਾ ਸੀ ਉਥੇ ਕੋਰੋਨਾ ਵੈਕਸੀਨ ਨਾ ਲਗਵਾਉਣ ਵਾਸਤੇ ਵੀ ਲੋਕਾਂ ਨੂੰ ਉਕਸਾ ਰਿਹਾ ਸੀ । ਆਫਕਾਮ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਚੈਨਲ ਨੇ ਇਕ ਸਾਲ ਵਿਚ ਦੂਜੀ ਵਾਰ ਪ੍ਰਸਾਰਨ ਸੰਬੰਧੀ ਨਿਰਧਾਰਤ ਨਿਯਮਾਂ ਦਾ ਉਲ਼ੰਘਣ ਕੀਤਾ ਹੈ । ਉਹਨਾਂ ਦੱਸਿਆ ਕਿ ਚੈਨਲ ਉੱਤੇ 1 ਦਸੰਬਰ 2020 ਨੂੰ Global day for prayer ਸੰਬੰਧੀ ਪ੍ਰਸਾਰਿਤ ਕੀਤੇ ਗਏ 29 ਘੰਟੇ ਦੇ ਪ੍ਰੋਗਰਾਮ ਵਿੱਚ ਪੇਸ਼ ਕੀਤੇ ਗਏ ਵੱਖ-ਵੱਖ ਪ੍ਰੋਗਰਾਮ ਤੱਥਾਂ ਬਹੁਤ ਪਰੇ ਸਨ । ਖ਼ਬਰਾਂ ਤੇ ਵਿਚਾਰ ਚਰਚਾਵਾਂ ਵਿੱਚ ਕੋਰੋਨਾ ਮਹਾਂਮਾਰੀ ਨੂੰ ਇਕ ਯੋਜਨਾਬੱਧ ਡਰਾਮਾ ਦੱਸਿਆ ਗਿਆ, ਲੋਕਾਂ ਨੂੰ ਮਹਾਂਮਾਰੀ ਤੋ ਬੇਪ੍ਰਵਾਹ ਹੋ ਵਿਚਰਨ ਲਈ ਉਕਸਾਇਆ ਗਿਆ ਤੇ ਕੋਰੋਨਾ ਵੈਕਸੀਨ ਬਾਰੇ ਇਹ ਭਰਮ ਫੈਲਾਇਆ ਗਿਆ ਕਿ ਇਹ ਵੈਕਸੀਨ ਨਹੀਂ ਸਗੋਂ ਲੋਕਾਂ ਨੂੰ ਕਾਬੂ ਕਰਨ ਵਾਸਤੇ ਸਰਕਾਰਾਂ ਵੱਲੋਂ ਇਕ ਸ਼ਾਜਿਸ ਤਹਿਤ ਹਰ ਮਨੁੱਖ ਦੇ ਸਰੀਰ ਅੰਦਰ ਇਕ ਨੈਨੋ ਚਿਪ ਲਗਾਈ ਜਾ ਰਹੀ ਹੈ । ਕੁਝ ਬਿਆਨਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਅਤੇ ਮਹਾਂਮਾਰੀ ਬਾਰੇ ਭਰਮ ਚ ਰੱਖਣ ਲਈ ਟੈਸਟਾਂ ਦੀ ਜਾਅਸਾਜੀ ਦਾ ਡਰਾਮਾ ਰਚਿਆ ਜਾ ਰਿਹਾ ਹੈ । ਚੈਨਲ ਨੇ ਆਪਣੇ ਪ੍ਰੋਗਰਾਮਾਂ ਵਿੱਚ ਕੋਵਿਡ -19 ਦੇ ਮੁੱਖ ਕਾਰਨ ਨੂੰ 5 ਜੀ ਤਕਨਾਲੋਜੀ ਦੇ ਰੋਲ ਆਉਟ ਨਾਲ ਵੀ ਜੋੜਿਆ ਸੀ ।
ਆਫਕਾਮ ਨੇ ਦੱਸਿਆ ਕਿ ਲਵਬਰਡ ਚੈਨਲ ਨੂੰ ਜੁਰਮਾਨਾ ਲਾਉਣ ਤੋਂ ਪਹਿਲਾਂ ਬਰਾਡਕਾਸਟਿੰਗ ਨਿਯਮਾਂ ਦੀ ਉਲੰਘਣਾ ਨਾ ਕਰਨ ਸੰਬੰਧੀ ਨੋਟਿਸ ਵੀ ਦਿੱਤੇ ਗਏ ਪਰ ਚੈਨਲ ਨੇ ਉਹਨਾਂ ਦੀ ਕੋਈ ਪ੍ਰਵਾਹ ਨਾ ਕਰਦਿਆਂ ਆਪਣੇ ਤੱਥਹੀਣ ਪ੍ਰੋਗਰਾਮ ਜਾਰੀ ਰੱਖੇ ਜਿਸ ਨਾਲ ਲੋਕਾਂ ਨੂੰ ਗਲਤ ਸੂਚਨਾ ਪਹੁੰਚਾ ਕੇ ਉਹਨਾਂ ਨੂੰ ਗੁਮਰਾਹ ਕੀਤਾ ਜਾਂਦਾ ਰਿਹਾ ਤੇ ਇਹ ਗਲਤੀ ਵੀ ਉਸ ਸਮੇਂ ਕੀਤੀ ਜਾਂਦੀ ਰਹੀ ਜਦੋਂ ਬਰਤਾਨੀਆ ਵਿੱਚ ਕੋਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਸਨ, ਕੋਰੋਨਾ ਨਾਲ ਲਗਾਤਾਰ ਮੌਤਾਂ ਹੋ ਰਹੀਆ ਸਨ ਤੇ ਲੋਕ ਮਹਾਂਮਾਰੀ ਤੋਂ ਬਚਣ ਵਾਸਤੇ ਕਿਸੇ ਭਰੋਸੇਯੋਗ ਜਾਣਕਾਰੀ ਦੀ ਭਾਲ ਚ ਭਟਕ ਰਹੇ ਸਨ ।
ਅਧਿਕਾਰੀਆਂ ਨੇ ਦੱਸਿਆ ਕਿ ਪੂਰੀ ਨਿਰਪੱਖ ਜਾਂਚ ਤੋਂ ਬਾਅਦ ਚੈਨਲ ਪ੍ਰਸਾਰਨ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਤੇ ਨਿਯਮ ਉਲੰਘਣਾ ਦੀ ਡਿਗਰੀ ਦੇ ਅਧਾਰ ‘ਤੇ ਚੈਨਲ ਨੂੰ ਜੁਰਮਾਨਾ ਕੀਤਾ ਗਿਆ ਹੈ ਜੋ ਨਿਰਧਾਰਤ ਸਮੇਂ ਦੇ ਅੰਦਰ ਅੰਦਰ ਉਸ ਨੂੰ ਸਰਕਾਰੀ ਖ਼ਜ਼ਾਨੇ ਚ ਜਮ੍ਹਾਂ ਕਰਵਾਉਣਾ ਪਵੇਗਾ । ਇਸ ਦੇ ਨਾਲ ਚੈਨਲ ‘ਤੇ ਕੁੱਜ ਹੋਰ ਸ਼ਰਤਾਂ ਵੀ ਲਗਾਈਆਂ ਜਾਣਗੀਆਂ ਤੇ ਨਾਲ ਹੀ ਚੈਨਲ ਵੱਲੋਂ ਅਥਾਰਿਟੀ ਨੂੰ ਇਹ ਲਿਖ ਕੇ ਦੇਣਾ ਪਵੇਗਾ ਕਿ ਭਵਿੱਖ ਵਿੱਚ ਨਿਯਮਾਂ ਦਾ ਉਲ਼ੰਘਣ ਨਹੀਂ ਕਰੇਗਾ । ਜਿਕਰਯੋਗ ਹੈ ਕਿ ਪ੍ਰਸਾਰਨ ਨਿਯਮਾਂ ਦੀ ਉਲੰਘਣਾ ਵਾਲਾ ਪ੍ਰੋਗਰਾਮ ਲਵਬਰਡ ਚੈਨਲ ‘ਤੇ 1 ਦਸੰਬਰ 2020 ਨੂੰ ਪ੍ਰਸਾਰਿਤ ਹੋਇਆ ਸੀ ਜਿਸ ਵਿੱਚ ਕੋਵਿਡ ਵੈਕਸੀਨ ਕਰਨ ਦਾ ਬਹਾਨਾ ਲਾ ਕੇ ਸਰਕਾਰਾਂ ਵੱਲੋਂ ਲੋਕਾਂ ਦੇ ਸਰੀਰਾਂ ਚ ਨੈਨੋ ਚਿਪ ਲਗਾਉਣ ਨੂੰ ਅਭੱਦਰ ਤੇ ਅਪਰਾਧ ਦੱਸਿਆ ਗਿਆ ਸੀ । ਇਸ ਤੋ ਪਹਿਲਾ ਪ੍ਰਸਾਰਨ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਬਰਤਾਨੀਆ ਚ ਚੱਲਦੇ ਕਈ ਏਸ਼ੀਅਨ ਰੇਡੀਓ ਤੇ ਟੀ ਵੀ ਚੈਨਲਾਂ ਨੂੰ ਵੀ ਹਜ਼ਾਰਾਂ ਪੌਂਡਾਂ ਦੇ ਜੁਰਮਾਨੇ ਹੋ ਚੁੱਕੇ ਹਨ ।