(ਸਮਾਜ ਵੀਕਲੀ)
ਕਿਤਾਬ:’ਅਲਵਿਦਾ ਤੋਂ ਪਹਿਲਾਂ’
ਲੇਖਿਕਾ: ਕਮਲਗੀਤ ਸਰਹਿੰਦ
ਪ੍ਰਕਾਸ਼ਕ:ਅਜ਼ੀਜ਼ ਬੁੱਕ ਹਾਊਸ ਰਾਮਨਗਰ(ਜਿਲ੍ਹਾ ਬਠਿੰਡਾ)
ਪੰਨੇ:165
ਮੁੱਲ 250/-
ਸੰਪਰਕ: 9914883112
ਪੰਜਾਬੀ ਸਾਹਿਤ ਦੇ ਵਿਹੜੇ ਵਿੱਚ ਕਮਲਗੀਤ ਸਰਹਿੰਦ ਸੰਦਲੀ ਪੈੜ ਹੈ। ਪੰਜਾਬੀ ਕਵਿਤਾ ਵਿੱਚ ਉਹ ਆਪਣੀ ਪਲੇਠੀ ਕਿਤਾਬ “ਅਲਵਿਦਾ ਤੋਂ ਪਹਿਲਾਂ” ਰਾਹੀਂ ਪ੍ਰਵੇਸ਼ ਕਰਦੀ ਹੈ। ਉਸ ਨੇ ਇਸ ਕਿਤਾਬ ਦੀ ਰਚਨਾ ਖੁੱਲ੍ਹੀ ਕਵਿਤਾ ਵਿੱਚ ਕੀਤੀ ਹੈ ।ਖੁੱਲ੍ਹੀ ਕਵਿਤਾ ਦੇ ਬਾਨੀ ਪ੍ਰੋਫ਼ੈਸਰ ਪੂਰਨ ਸਿੰਘ ਨੇ ਕਵਿਤਾ ਨੂੰ ‘ਸਾਧ ਬੋਲ’ ਆਖਿਆ ਹੈ।ਕਮਲਗੀਤ ਸਰਹਿੰਦ ਨੇ ਇਨ੍ਹਾਂ ਪੈੜਾਂ ਉੱਤੇ ਚੱਲਦੇ ਹੋਏ ਆਮ ਰੋਜ਼ਾਨਾ ਜੀਵਨ ਵਿੱਚ ਵਰਤੇ ਜਾਣ ਵਾਲੇ ਪੰਜਾਬੀ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਕੀਤੀ ਹੈ।ਸਾਧਾਰਨ ਬੋਲ ਹੀ ਓਹਦੀ ਕਵਿਤਾ ਦੇ ਸਾਥੀ ਹੋ ਨਿਬੜ੍ਹੇ ਹਨ।
ਕਮਲਗੀਤ ਨੇ ਸਾਧਾਰਨ ਅਤੇ ਸੌਖੇ ਸ਼ਬਦਾਂ ਵਿੱਚ ਸਹਿਜੇ ਹੀ ਏਨੀ ਗਹਿਰੀ ਕਵਿਤਾ ਦੀ ਰਚਨਾ ਕਰ ਦਿੱਤੀ ਹੈ।
ਜਿਵੇਂ ਕਿ ਉਹ ਲਿਖਦੀ ਹੈ
“ਮੁਹੱਬਤ ਕਰਨਾ ਦਾਨ ਦੇਣ ਵਰਗਾ ਹੁੰਦਾ ਹੈ ਤੇ ਦਾਨ ਦੇਣਾ ਜਣੇ ਖਣੇ ਦੇ ਵੱਸ ਨਹੀਂ ਹੁੰਦਾ|”
ਉਸਦੀ ਕਵਿਤਾ ਬਾਰੇ ਵੀ ਇਹੀ ਕਿਹਾ ਜਾ ਸਕਦਾ ਹੈ ਕਿ ਸਹਿਜੇ ਹੀ ਏਨੀ ਗੁੰਝਲਦਾਰ ਕਵਿਤਾ ਦੀ ਰਚਨਾ ਕਰਨਾ ਜਣੇ ਖਣੇ ਦੇ ਵਸ ਨਹੀਂ ਹੁੰਦਾ।
ਉਸਦੀ ਸ਼ਾਇਰੀ ਸ਼ਬਦਾਂ ਅਤੇ ਅਰਥਾਂ ਦੋਵਾਂ ਪੱਖਾਂ ਤੋਂ ਅਮੀਰ ਹੈ।
ਜਾਣੇ-ਅਣਜਾਣੇ ਵਿੱਚ ਕਵਿੱਤਰੀ ਨੇ ਲੁਪਤ ਹੋ ਰਹੇ ਪੰਜਾਬੀ ਸ਼ਬਦਾਂ ਦਾ ਕੋਸ਼ ਤਿਆਰ ਕਰ ਦਿੱਤਾ ਹੈ। ਜਿਵੇਂ ਕਿ ਬਾਹਲਾ, ਥੋਡਾ, ਬਾਪ ਬਾਹਰੀ,ਆਲ਼ੇ, ਸਕੀਰੀਆਂ, ਪਾਣੀ ਦਾ ਛਿੱਟਾ, ਆੜੀ ਆਦਿ।
ਕਮਲਗੀਤ ਦੀ ਸ਼ੈਲੀ ਦੀ ਵਿਲੱਖਣਤਾ ਹੈ ਕਿ ਉਸਦੇ ਦੁਆਰਾ ਲਿਖੇ ਗਏ ਸ਼ਬਦ ਦ੍ਰਿਸ਼ ਬਣ ਸਾਡੀਆਂ ਅੱਖਾਂ ਸਾਹਮਣੇ ਘੁੰਮਣ ਲੱਗਦੇ ਹਨ। ਭਾਵੇਂ ਉਹ ‘ਬਿਰਖ ਕਥਾ’ ਦੀ ਗੱਲ ਹੋਵੇ ਜਾਂ ‘ਸੁਪਨਿਆਂ ਦੇ ਸਫ਼ਰ’ ਦੀ। ਉਸ ਦਾ ਇੱਕ-ਇੱਕ ਲਫ਼ਜ਼ ਚਿੱਤਰ ਬਣ ਕੇ ਸਾਡੇ ਜ਼ਿਹਨ ਵਿੱਚ ਦੌੜਨ ਲੱਗਦਾ ਹੈ। ਕਮਲਗੀਤ ਨੇ ਆਪਣੀ ਕਿਤਾਬ “ਅਲਵਿਦਾ ਤੋਂ ਪਹਿਲਾਂ” ਰਾਹੀਂ ਸਾਡੀ ਪ੍ਰਚਲਿਤ ਲੋਕ ਭਾਸ਼ਾ, ਪੇਂਡੂ ਸਮਾਜ ਨੂੰ ਦਰਪਣ ਵਾਂਗ ਪੇਸ਼ ਕਰ ਦਿੱਤਾ ਹੈ।
ਕਿਤਾਬ ਦਾ ਆਰੰਭ ‘ਨਾਨਕ ਦੇ ਗੀਤ’ ਤੋਂ ਹੁੰਦਾ ਹੈ ਅਤੇ ਇਹ ਗੀਤ ਗਾਉਂਦੀ ਹੋਈ ਕਵਿੱਤਰੀ ਸਿਰਫ਼ ਨਾਨਕ ਦੀ ਮਹਿਮਾ ਹੀ ਨਹੀਂ ਗਾਉਂਦੀ ਸਗੋਂ ਉਸ ਨੂੰ ਸੋਚ, ਵਿਚਾਰਧਾਰਾ ਜਾਂ ਫਿਲਾਫਸੀ ਦੇ ਵਜੋਂ ਸਵੀਕਾਰ ਕਰਦੀ ਹੈ। ‘ਬਿਰਖ ਕਥਾ’ ਵਿਚ ਜਿੱਥੇ ਇਕ ਪਾਸੇ ਬਿਰਖਾਂ ਦੀ ਮਹੱਤਤਾ ਤੇ ਰੋਸ਼ਨੀ ਪਾਈ ਹੈ ਉਥੇ ਨਾਲ ਹੀ ਇਸ ਗੱਲ ਦੀ ਵੀ ਤਾਕੀਦ ਕੀਤੀ ਹੈ ਕਿ ਅਸਲ ਵਿੱਚ ਵੱਢਣ ਦੀ ਲੋਡ਼ ਕਿਸ ਨੂੰ ਸੀ ਤੇ ਅਸੀਂ ਆਪਣੀਆਂ ਹੀ ਜੜ੍ਹਾਂ ਨੂੰ ਵੱਢ ਰਹੇ ਹਾਂ:-
“ਐਵੇਂ ਬਿਰਖਾਂ ਤੇ ਨਾ ਚਲਾ ਆਰਾ
ਵਾਧੂ ਨੇ ਮਨੁੱਖਾਂ ਅੰਦਰ ਜ਼ਹਿਰਾਂ ਧਰਮਾਂ-ਮਜ਼੍ਹਬਾਂ ਦੀਆਂ
ਕਿਤੇ ਉਨ੍ਹਾਂ ਤੇ ਜਾ ਕੇ ਚਲਾ ਕੁਹਾੜਾ।”
ਕਵਿਤਾ ‘ਤੇਰੇ ਖਿਆਲਾਂ ਵਿਚ’ ਉਹ ਲਿਖਦੀ ਹੈ:-
“ਚੁੱਪ ਜਦੋਂ ਆਰਾਮ ਬਣਦੀ ਹੈ
ਤਾਂ ਪੁਰਸ਼ ਦੇਵ ਬਣਨ ਲਗਦੇ ਹਨ
ਅਤੇ ਔਰਤਾਂ
ਔਰਤਾਂ ਬੁੱਧ ਹੋ ਜਾਂਦੀਆਂ ਹਨ।”
ਚੁੱਪ ਦੀ ਸਮਾਧੀ ਵਿਚ ਲੀਨ ਕਿਸੇ ਪੁਰਸ਼ ਦੇ ਦੇਵ, ਰਿਸ਼ੀ ਜਾਂ ਗਿਆਨੀ ਹੋਣ ਦੀ ਗੱਲ ਅਸੀਂ ਕਿਤੇ ਵੀ ਦੇਖ ਪੜ੍ਹ ਸਕਦੇ ਹਾਂ ਪਰ ਔਰਤਾਂ ਦੇ ਬੁੱਧ ਹੋਣ ਦੀ ਗੱਲ ਕੋਈ ਵਿਰਲਾ ਹੀ ਕਰਦਾ ਹੈ।ਔਰਤਾਂ ਵੀ ਬੁੱਧ ਹੋ ਸਕਦੀਆਂ ਨੇ, ਮੁਕਤ ਹੋ ਸਕਦੀਆਂ ਨੇ, ਕਮਾਲ ਦਾ ਖ਼ਿਆਲ ਹੈ। ਜਦੋਂ ਅਸੀਂ ਕਮਲਗੀਤ ਦੀ ਕਵਿਤਾ ‘ਅਸੀਂ ਔਰਤਾਂ’ ਪੜ੍ਹਦੇ ਹਾਂ ਤਾਂ ਇੱਕ ਵਾਰੀ ਦੇਖਣ ਨੂੰ ਤਾਂ ਲੱਗਦਾ ਹੈ ਕਿ ਕਵਿੱਤਰੀ ਨੇ ਇਸ ਵਿੱਚ ਕੇਵਲ ਔਰਤਾਂ ਦੇ ਸੰਘਰਸ਼ਮਈ ਜੀਵਨ ਦੀ ਹੀ ਗੱਲ ਕੀਤੀ ਹੈ ਪ੍ਰੰਤੂ ਕਵਿੱਤਰੀ ਸਾਨੂੰ ਹੈਰਾਨ ਉਦੋਂ ਕਰ ਦਿੰਦੀ ਹੈ ਜਦੋਂ ਉਹ ਆਪਣੇ ਵਿਚਾਰਾਂ ਨੂੰ ਇੱਥੇ ਹੀ ਨਹੀਂ ਬੰਦ ਕਰ ਦਿੰਦੀ ਸਗੋਂ ਅੱਗੇ ਲਿਖਦੀ ਹੈ:-
“ਤੇ ਅਸੀਂ ਔਰਤਾਂ ਅੱਜ ਵਾਅਦਾ ਕਰਦੀਆਂ
ਯੁੱਗ ਪਲਟਾਉਣ ਦਾ ਉਡਾਣ ਭਰਨ ਦਾ
ਆਜ਼ਾਦ ਪਰਵਾਜ਼ ਸਮੇਤ ਆਜ਼ਾਦ ਅੰਬਰ ਦਾ ਵਾਅਦਾ।”
ਚੁੱਪ ਦੀ ਮਨੁੱਖੀ ਜੀਵਨ ਵਿਚ ਆਪਣੀ ਮਹੱਤਤਾ ਹੈ। ਕਮਲਗੀਤ ਚੁੱਪ ਨੂੰ ਅਲੱਗ ਅਲੱਗ ਅਰਥਾਂ ਵਿੱਚ ਪਰਿਭਾਸ਼ਿਤ ਕਰਦੀ ਹੈ। ਕਦੇ ਚੁੱਪ ਆਰਾਮ ਹੈ ,ਕਦੇ ਸ਼ੋਰ, ਕਦੇ ਨਾਰਾਜ਼ਗੀ ਹੈ, ਤੇ ਕਦੇ ਸਮਾਧੀ ਹੈ। ਕਵਿਤਾ ‘ਪਾਕ ਪਵਿੱਤਰ’ ਵਿਚ ਉਹ ਲਿਖਦੀ ਹੈ:-
“ਤੂੰ ਮਹਿਫ਼ਿਲ ਦੇ ਸੰਗੀਤ ਜਿਹਾ
ਤੇ ਜੰਗਲ ਵਿਚਲੀ ਚੁੱਪ ਵਰਗਾ।”
ਮਹਿਫ਼ਿਲ ਦਾ ਸੰਗੀਤ ਅਤੇ ਜੰਗਲ ਦੀ ਚੁੱਪ ਦੋਵੇਂ ਇੱਕ ਵਾਰ ਵੇਖਣ ਤੇ ਵਿਰੋਧੀ ਮਹਿਸੂਸ ਹੁੰਦੇ ਹਨ। ਮੈਨੂੰ ਇਨ੍ਹਾਂ ਦਾ ਅਰਥ ਕੁਝ ਇਸ ਤਰ੍ਹਾਂ ਮਹਿਸੂਸ ਹੋਇਆ ਹੈ। ਮੁਹੱਬਤ ਨੇ ਇਸ ਹੱਦ ਤਕ ਉਸ ਨੂੰ ਤ੍ਰਿਪਤ ਕਰ ਦਿੱਤਾ ਹੈ, ਸ਼ਾਂਤ ਕਰ ਦਿੱਤਾ ਹੈ ਕਿ ਜੇਕਰ ਉਹ ਮਹਿਫ਼ਿਲ ਵਿੱਚ ਬੈਠਾ ਹੈ ਤਾਂ ਵੀ ਉਸ ਲਈ ਪਰਮ ਆਨੰਦ ਅਤੇ ਜੇਕਰ ਜੰਗਲ ਵਿੱਚ ਹੈ ਭਾਵ ਇਕੱਲਾ ਹੈ ਤਾਂ ਵੀ ਉਹ ਤ੍ਰਿਪਤ ਹੈ, ਸ਼ਾਂਤ ਹੈ।
ਉਹਦੇ ਮਨ ਅੰਦਰ ਉਹੀ ਭਾਵ ਸਥਾਈ ਰੂਪ ਵਿੱਚ ਟਿਕੇ ਹੋਏ ਹਨ। ਇਸ ਕਰਕੇ ਉਸ ਲਈ ਮਹਿਫਲ ਦਾ ਸੰਗੀਤ ਅਤੇ ਜੰਗਲ ਦੀ ਚੁੱਪ ਇੱਕ ਹੋ ਨਿਬੜੇ ਹਨ।
‘ਸੁਪਨੇ’ ਕਵਿਤਾ ਵਿਚ ਕਵਿੱਤਰੀ ਸਮਾਜਿਕ ਤਣਾਅ ਕਾਰਨ ਅਵਚੇਤਨ ਮਨ ਵਿੱਚ ਉਪਜੇ ਡਰਾਵਣੇ ਸੁਫ਼ਨਿਆਂ ਨੂੰ ਪੇਸ਼ ਕਰਦੀ ਹੈ। ਕਮਲਗੀਤ ਕਵਿਤਾ ਲਿਖਦੇ ਲਿਖਦੇ ਆਪਣੇ ਮਰਦ ਜਾ ਔਰਤ ਹੋਣ ਦੀ ਹੋਂਦ ਤੋਂ ਮਨਫ਼ੀ ਹੋ ਲਿੰਗ ਭੇਦ ਨੂੰ ਭੁਲਾ ਕੇ ਕਵਿਤਾ ਦੀ ਰਚਨਾ ਕਰਦੀ ਹੈ
” ਮੈਂ ਮੁਹੱਬਤ ਦਾ ਕਵੀ ਹਾਂ” ਕਵਿਤਾ ਵਿੱਚ ਉਹ ਲਿਖਦੀ ਹੈ:-
“ਮੈਂ ਰੱਬ ਦਾ ਬੰਦਾ ਹਾਂ
ਮੈਨੂੰ ਕਿਸੇ ਵਾਦ ਵਿੱਚ ਨਾ ਵਾੜੀਓ
ਮੈਂ ਤਾਂ ਬਸ ਜੋ ਮਹਿਸੂਸ ਕਰਦਾਂ
ਥੋਡੀ ਝੋਲ਼ੀ ਪਾ ਦਿੰਨਾ
ਤੇ ਮੁਕਤ ਹੋ ਜਾਨਾ ਪਸੰਦ ਨਾਪਸੰਦ ਦੇ ਮੋਹ ਜਾਲ ਤੋਂ।”
ਸਮਾਜ ਵਿੱਚ ਚੱਲ ਰਹੀਆਂ ਅਣਸੁਖਾਵੀਆਂ ਘਟਨਾਵਾਂ ਲੋਕਾਈ ਦੇ ਦਰਦ ਨੂੰ ਉਹ “ਮੈਨੂੰ ਤਕਲੀਫ਼ ਹੁੰਦੀ ਹੈ” ਕਵਿਤਾ ਵਿੱਚ ਪੇਸ਼ ਕਰਦੀ ਹੈ ਤੇ ਕਟਾਕਸ਼ ਕਰਦੀ ਹੋਈ ਆਖਦੀ ਹੈ:-
“ਸੱਚ ਜਾਣਿਓ ਹੁਣ ਤਾਂ ਇਹ ਆਲਮ ਹੈ
ਕਿ ਮੈਨੂੰ ਆਪਣੀ ਤਕਲੀਫ਼ ਮਹਿਸੂਸ ਨਹੀਂ ਹੁੰਦੀ।”
ਇਸ ਤਰ੍ਹਾਂ ਉਹ ਨਾਨਕ ਦੇ ਗੀਤ ਤੋਂ ਕਿਤਾਬ ਦਾ ਆਰੰਭ ਕਰਕੇ ਨਾਨਕ ਦੇ ਸਿਧਾਂਤ ‘ਨਾਨਕ ਦੁਖੀਆ ਸਭ ਸੰਸਾਰ’ ਤੱਕ ਪਹੁੰਚਦੀ ਹੈ।
ਇਸ ਕਿਤਾਬ ਦਾ ਨਾਮ ਹੀ ‘ਅਲਵਿਦਾ ਤੋਂ ਪਹਿਲਾਂ ਹੈ’ ਅਤੇ ਅਲਵਿਦਾ ਦਾ ਆਲਮ ਇਸ ਵਿਚ ਕੁਝ ਇਸ ਤਰ੍ਹਾਂ ਸਮੋਇਆ ਹੋਇਆ ਹੈ:-
“ਇਹ ਮੇਰੀ ਉਸ ਨਾਲ ਆਖ਼ਰੀ ਮੁਲਾਕਾਤ ਸੀ ਇਸ ਤੋਂ ਬਾਅਦ ਸ਼ਾਇਦ ਮੈਂ ਕਦੇ ਆਪਣੇ ਆਪ ਨੂੰ ਵੀ ਨਹੀਂ ਮਿਲਾਂਗਾ।”
ਇੱਥੇ ਅਲਵਿਦਾ ਨਾਲ ਜੁਦਾਈ ਹੈ, ਖ਼ੁਦ ਨਾਲ ਵੀ ਤੇ ਆਪਣੇ ਪਿਆਰੇ ਨਾਲ ਵੀ।
ਦੂਸਰੀ ਜਗ੍ਹਾ ਅਲਵਿਦਾ ਦਾ ਜ਼ਿਕਰ ਕੁਝ ਇਸ ਤਰ੍ਹਾਂ ਆਉਂਦਾ ਹੈ:-
“ਆ ਆਪਾਂ ਮਿੱਥਾਂ ਨੂੰ ਤੋੜੀਏ
ਸ਼ਬਦ ਬਣੀਏ
ਲਫ਼ਜ਼ ਹੋਈਏ
ਬੋਲ ਸਿਰਜੀਏ
ਗੱਲ ਕਰੀਏ ਤੋੜੀਏ
ਚੁੱਪ ਦੇ ਖਲਾਅ ਨੂੰ ਭਰੀਏ
ਆ ਆਪਾਂ ਵੀ ਹੁਣ ਅਲਵਿਦਾ ਕਹੀਏ।”
ਇੱਥੇ ਕਵਿੱਤਰੀ ਦੇ ਅਲਵਿਦਾ ਕਹਿਣ ਤੋਂ ਭਾਵ ਜੁਦਾਈ ਜਾਂ ਵਿਛੋੜੇ ਤੋਂ ਨਹੀਂ ਹੈ ਸਗੋਂ ਚੁੱਪ ਦੇ ਖਲਾਅ ਨੂੰ ਭਰ ਕੇ ਰਿਸ਼ਤੇ ਨੂੰ ਮੁੜ ਸੁਰਜੀਤ ਕਰਨ ਤੋਂ ਹੈ।
“ਅਲਵਿਦਾ ਕਹਿਣ ਦਾ ਰਿਵਾਜ ਹੁਣ ਖ਼ਤਮ ਹੋ ਗਿਆ ਲੱਗਦੈ
ਹੁਣ ਪਤਾ ਨਹੀਂ ਲੱਗਦਾ
ਕਦੋਂ ਚੁੱਪ ਚੁਪੀਤੇ ਲੋਕ
ਹੱਥ ਅੱਧ ਵਿਚਕਾਰ ਛੱਡ।”
ਇੱਥੇ ਅਲਵਿਦਾ ਤੋਂ ਭਾਵ ਜਾਂਦੀ ਵਾਰ ਤੇ ਸਲਾਮ ਤੋਂ ਹੈ। ਇਸ ਤਰਾਂ ਅਲਵਿਦਾ ਸ਼ਬਦ ਦੀ ਵਰਤੋਂ ਕਈ ਰੂਪਾਂ ਵਿੱਚ ਕੀਤੀ ਗਈ ਹੈ।
“ਮਜ਼ਦੂਰ” ਕਵਿਤਾ ਵਿਚ ਪੇਟ ਦੀ ਭੁੱਖ ਦੇ ਅੱਗੇ ਬੇਵੱਸ ਹੋਈ ਅਣਖ ਤੇ ਗੈਰਤ ਦਾ ਚਿੱਤਰਣ ਕਵਿੱਤਰੀ ਨੇ ਬਾਖੂਬੀ ਕੀਤਾ ਹੈ:-
“ਮੈਂ ਆਵਾਂਗਾ
ਜ਼ਰੂਰ ਆਵਾਂਗਾ
ਤੁਹਾਡੀ ਗੋਲ ਗੁਲਾਮੀ ਵਾਸਤੇ
ਕਿਉਂਕਿ ਮੇਰੇ ਬੱਚਿਆਂ ਦੀ ਭੁੱਖ ਨੇ
ਮੇਰੀ ਗ਼ੈਰਤ ਨੂੰ ਨਿਗਲ ਲਿਆ ਹੈ।”
“ਔਰਤਾਂ ਅਤੇ ਆਜ਼ਾਦੀ” ਕਵਿਤਾ ਵਿੱਚ
ਔਰਤਾਂ ਲਈ ਮੁਲਕ ਦੀ ਆਜ਼ਾਦੀ ਦੇ ਅਸਲ ਮਤਲਬ ਨੂੰ ਬਾਖ਼ੂਬੀ ਪੇਸ਼ ਕਰਦੀ ਉਹ ਲਿਖਦੀ ਹੈ।
“ਪਿਓ ਭਰਾ ਅਤੇ ਪਤੀ ਦੀ ਸੋਚ
ਜੇਕਰ ਆਜ਼ਾਦ ਹੈ
ਤਾਂ ਸਮਝੋ ਅੌਰਤ ਲਈ ਮੁਲਕ ਆਜ਼ਾਦ ਹੈ।”
ਕਮਲਗੀਤ ਦੀ ਕਿਸੇ ਇੱਕ ਕਵਿਤਾ ਦੇ ਵਿਚਾਰ ਅਗਲੀਆਂ ਕਈ ਕਵਿਤਾਵਾਂ ਦੇ ਵਿਚ ਜਾ ਕੇ ਸੰਪੂਰਨਤਾ ਹਾਸਿਲ ਕਰਦੇ ਹਨ।
‘ਖ਼ੂਬਸੂਰਤ ਗੀਤ ਹਾਂ ਮੈਂ’ ਕਵਿਤਾ ਵਿਚ ਕਵਿੱਤਰੀ ਲਿਖਦੀ ਹੈ:-
“ਨਾ ਪੜ੍ਹੀ ਮੈਨੂੰ
ਅਖ਼ਬਾਰ ਦੀ ਹੈੱਡ ਲਾਈਨ ਵਾਂਗੂ
ਇਕ ਖੂਬਸੂਰਤ ਗੀਤ ਹਾਂ ਮੈਂ।”
ਇੱਥੇ ਕਵਿੱਤਰੀ ਹੋਰ ਵੀ ਸ਼ਬਦ ਵਰਤ ਸਕਦੀ ਸੀ ਪਰ ਉਸ ਨੇ ਅਖ਼ਬਾਰ ਦੀ ਹੈੱਡਲਾਈਨ ਨੂੰ ਹੀ ਕਿਉਂ ਵਰਤਿਆ ਤਾਂ ਇਸ ਦਾ ਕਾਰਨ ਮੈਨੂੰ ਇਹ ਲੱਗਦਾ ਹੈ ਕਿ ਖੂਬਸੂਰਤ ਗੀਤ ਨੂੰ ਅਸੀਂ ਵਾਰ ਵਾਰ ਸੁਣਦੇ ਹਾਂ ਬਹੁਤ ਧਿਆਨ ਨਾਲ ਸੁਣਦੇ ਹਾਂ ਅਤੇ ਅਖ਼ਬਾਰ ਦੀ ਹੈੱਡਲਾਈਨ ਨੂੰ ਪੜ੍ਹ ਕੇ ਅਖ਼ਬਾਰ ਅਗਲੇ ਦਿਨ ਰੱਦੀ ਵਿੱਚ ਸੁੱਟ ਦਿੱਤਾ ਜਾਂਦਾ ਹੈ| ਇਸੇ ਕਰਕੇ ਕਵਿੱਤਰੀ ਗੀਤ ਹੋਣਾ ਲੋਚਦੀ ਹੈ।
ਵਿਸ਼ਾ ਪੱਖ ਤੋਂ ਉਸ ਨੇ ਸਮਾਜਵਾਦ, ਪਿਆਰ, ਮੁਹੱਬਤ ,ਅਤੇ ਔਰਤ ਮਨ ਦਾ ਮਨੋਵਿਗਿਆਨਕ ਵਿਸ਼ਲੇਸ਼ਣ ਕੀਤਾ ਹੈ
ਇਸ ਤਰਾਂ ਕਮਲਗੀਤ ਦੀ ਕਵਿਤਾ ਜੀਵਨ ਦੇ ਹਰ ਪੱਖ ਹਰ ਵਰਗ ਨੂੰ ਛੁੰਹਦੀ ਹੈ। ਪੰਜਾਬੀ ਕਵਿਤਾ ਦੇ ਵਿਹੜੇ ਵਿੱਚ ਮੈਂ ਉਸਦਾ ਸਵਾਗਤ ਕਰਦੀ ਹਾਂ।
ਦੁਆ ਕਰਦੀ ਹਾਂ ਕਿ ਉਹ ਆਪਣੀ ਕਲਮ ਦੀ ਨੋਕ ਤੋਂ ਇਸੇ ਤਰਾਂ ਵਡਮੁੱਲੀ ਸਾਹਿਤ ਸਿਰਜਣਾ ਕਰਦੀ ਰਹੇਗੀ।
ਆਮੀਨ
ਗੁਲਾਫਸ਼ਾਂ ਬੇਗਮ
98148-26006