ਆਪਣਾ ਕੰਮ ਆਪ ਕਰੋ

ਮੈਡਮ ਰਜਨੀ ਧਰਮਾਣੀ

(ਸਮਾਜ ਵੀਕਲੀ)

ਪਿਆਰੇ ਬੱਚਿਓ ! ਮੈਨੂੰ ਉਮੀਦ ਹੈ ਕਿ ਕੋਵਿਡ – 19 ਕਰਕੇ ਤੁਸੀਂ ਸਭ ਆਪਣੇ ਘਰਾਂ ਵਿਚ ਸੁਰੱਖਿਅਤ ਹੋਵੋਗੇ। ਬੱਚਿਓ ! ਤੁਸੀਂ ਅਨੇਕਾਂ ਲੋਕਾਂ ਨੂੰ ਜੀਵਨ ਵਿੱਚ ਕਾਮਯਾਬ ਹੁੰਦਿਆਂ , ਉੱਚ – ਅਹੁਦਿਆਂ ‘ਤੇ ਪਹੁੰਚਦਿਆਂ ਤੇ ਮੰਜ਼ਿਲਾਂ ਨੂੰ ਸਰ ਕਰਦਿਆਂ ਹੋਇਆਂ ਦੇਖਿਆ ਸੁਣਿਆ – ਹੋਵੇਗਾ। ਬੱਚਿਓ ! ਉਸ ਕਾਮਯਾਬੀ ਦੇ ਪਿੱਛੇ ਅਨੇਕਾਂ ਰਾਜ਼ ਹੁੰਦੇ ਹਨ। ਕਈ ਇਸ ਨੂੰ ਕਿਸਮਤ ਨਾਲ ਜੋੜ ਕੇ ਦੇਖਦੇ ਹਨ , ਪਰ ਬਿਨਾਂ ਕਰਮ ਤੇ ਸੱਚੀ ਕੋਸ਼ਿਸ਼ ਤੋਂ ਸਫ਼ਲਤਾ ਹਾਸਲ ਨਹੀਂ ਹੁੰਦੀ।

ਬੱਚਿਓ ! ਸਫ਼ਲਤਾ ਤੇ ਕਾਮਯਾਬੀ ਦਾ ਇੱਕ ਅਹਿਮ ਰਾਜ ਹੈ :- ਆਪਣਾ ਕੰਮ ਆਪ ਕਰਨਾ। ਬੱਚਿਓ ! ਕੰਮ ਭਾਵੇਂ ਘਰ ਵਿੱਚ ਹੋਵੇ , ਘਰ ਤੋਂ ਬਾਹਰ ਕਿਸੇ ਵੀ ਸਥਾਨ ਜਾਂ ਸਮੇਂ ‘ਤੇ ਹੋਵੇ ਜਾਂ ਸਕੂਲ ਵਿੱਚ ਤੇ ਸਕੂਲ ਦਾ ਕੋਈ ਵੀ ਕੰਮ ਹੋਵੇ , ਤੁਸੀਂ ਇਸ ਬਾਰੇ ਜੀਵਨ ਵਿੱਚ ਇੱਕ ਅਹਿਮ ਨਿਯਮ ਬਣਾ ਲਓ ਕਿ ਤੁਸੀਂ ਆਪਣਾ ਕੰਮ ਆਪ ਕਰੋਗੇ ; ਕਿਉਂਕਿ ਬੱਚਿਓ ! ਆਪਣਾ ਕੰਮ ਆਪ ਕਰਨ ਨਾਲ ਆਪਣੇ – ਆਪ ਵਿੱਚ ਵਿਸ਼ਵਾਸ ਪੈਦਾ ਹੁੰਦਾ ਹੈ , ਕਾਰਜ ਸਹੀ ਢੰਗ ਨਾਲ ਪੂਰਾ ਹੋ ਜਾਂਦਾ ਹੈ ਤੇ ਸਾਨੂੰ ਸਿੱਖਣ ਲਈ ਬਹੁਤ ਕੁਝ ਨਵਾਂ ਤੇ ਚੰਗਾ ਮਿਲ ਜਾਂਦਾ ਹੈ।

ਜਿਹੜੇ ਬੱਚੇ ਆਪਣਾ ਕੰਮ ਖ਼ੁਦ ਕਰਦੇ ਹਨ , ਉਹ ਵਧੇਰੇ ਕਾਮਯਾਬ ਹੁੰਦੇ ਹਨ , ਜੀਵਨ ਵਿੱਚ ਖੁਸ਼ੀਆਂ – ਖੇੜੇ ਪ੍ਰਾਪਤ ਕਰਦੇ ਹਨ ਤੇ ਗਿਆਨਵਾਨ ਬਣਦੇ ਹਨ। ਆਪਣਾ ਕੰਮ ਆਪ ਕਰਨ ਵਾਲੇ ਬੱਚਿਆਂ ਵਿੱਚ ਸਬਰ , ਸਿਦਕ , ਸਵੈ – ਵਿਸ਼ਵਾਸ ਤੇ ਹੌਂਸਲਾ ਦੂਸਰੇ ਵਿਦਿਆਰਥੀਆਂ ਨਾਲੋਂ ਵਧੇਰੇ ਹੁੰਦਾ ਹੈ। ਇਸ ਲਈ ਮੇਰੀ ਤੁਹਾਨੂੰ ਇਹੋ ਸੱਚੀ ਸਲਾਹ ਹੈ ਕਿ ਤੁਸੀਂ ਅੱਜ ਤੋਂ ਹੀ ਆਪਣਾ ਕੰਮ ਆਪ ਕਰਨ ਦਾ ਪ੍ਰਣ ਕਰ ਲਓ। ਫਿਰ ਦੇਖਣਾ ਖ਼ੁਸ਼ੀਆਂ , ਸਫ਼ਲਤਾ ਤੇ ਮੰਜ਼ਿਲਾਂ ਤੁਹਾਡੇ ਕਦਮਾਂ ਵਿੱਚ ਹੋਣਗੀਆਂ।

ਮੈਡਮ ਰਜਨੀ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ 

Previous articleਗਾਇਕ ਸੁਰਿੰਦਰ ਸ਼ਿੰਦਾ ਨੇ ਮਹਾਨ ਯੋਧੇ ਜੱਸਾ ਸਿੰਘ ਆਹਲੂਵਾਲੀਆ ਨੂੰ ਸਮਰਪਿਤ ਗਾਇਆ ਗੀਤ
Next articleਸਿੱਖੀ ਦੀ ਆਨ ਤੇ ਸ਼ਾਨ ‘ ਦਸਤਾਰ ‘