ਰਾਏਡਿਗੀ (ਸਮਾਜ ਵੀਕਲੀ) : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ’ਤੇ ਦੋਸ਼ ਲਾਇਆ ਹੈ ਕਿ ਉਹ ਸੂਬੇ ’ਚ ਵਿਧਾਨ ਸਭਾ ਚੋਣਾਂ ਜਿੱਤਣ ਲਈ ਫਿਰਕੂ ਵੰਡੀਆਂ ਪੈਦਾ ਕਰ ਰਹੀ ਹੈ। ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਰਾਏਡਿਗੀ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਤ੍ਰਿਣਮੂਲ ਕਾਂਗਰਸ ਮੁਖੀ ਨੇ ਮੁਸਲਮਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਭਾਜਪਾ ਸਮਰਥਿਤ ਹੈਦਰਾਬਾਦ ਦੀ ਪਾਰਟੀ ਅਤੇ ਸੀਪੀਐੱਮ ਤੇ ਕਾਂਗਰਸ ਦੀ ਭਾਈਵਾਲ ਪਾਰਟੀ ਦੀਆਂ ਗੱਲਾਂ ’ਚ ਨਾ ਆਉਣ ਜੋ ਵੋਟਾਂ ਵੰਡਣ ਦਾ ਕੰਮ ਕਰ ਰਹੀਆਂ ਹਨ। ਉਨ੍ਹਾਂ ਦਾ ਸਿੱਧਾ ਇਸ਼ਾਰਾ ਅਸਦੂਦੀਨ ਓਵਾਇਸੀ ਦੀ ਅਗਵਾਈ ਹੇਠਲੀ ਪਾਰਟੀ ਏਆਈਐੱਮਆਈਐੱਮ ਅਤੇ ਅੱਬਾਸ ਸਿੱਦੀਕੀ ਦੀ ਆਈਐੱਸਐੱਫ ਵੱਲ ਸੀ। ਉਂਜ ਓਵਾਇਸੀ ਅਤੇ ਸਿੱਦੀਕੀ ਤ੍ਰਿਣਮੂਲ ਕਾਂਗਰਸ ਵੱਲੋਂ ਲਾਏ ਗਏ ਦੋਸ਼ਾਂ ਨੂੰ ਪਹਿਲਾਂ ਹੀ ਨਕਾਰ ਚੁੱਕੇ ਹਨ। ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਹਿੰਦੂਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਭਾਜਪਾ ਵੱਲੋਂ ਫਿਰਕੂ ਦੰਗੇ ਭੜਕਾਉਣ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਚੌਕਸ ਰਹਿਣ। ਉਨ੍ਹਾਂ ਲੋਕਾਂ ਨੂੰ ਕਿਹਾ ਹੈ ਕਿ ਉਹ ਆਪਣੇ ਇਲਾਕਿਆਂ ’ਚ ਬਾਹਰੋਂ ਆ ਕੇ ਗੜਬੜ ਫੈਲਾਉਣ ਵਾਲਿਆਂ ਨੂੰ ਖਦੇੜ ਦੇਣ।
ਘੱਟ ਗਿਣਤੀਆਂ ਦਾ ਪੱਖ ਪੂਰਨ ਦੇ ਲੱਗ ਰਹੇ ਦੋਸ਼ਾਂ ਨੂੰ ਨਕਾਰਦਿਆਂ ਮਮਤਾ ਬੈਨਰਜੀ ਨੇ ਕਿਹਾ,‘‘ਮੈਂ ਪੱਕੀ ਹਿੰਦੂ ਹਾਂ ਅਤੇ ਰੋਜ਼ਾਨਾ ਘਰੋਂ ਤੁਰਨ ਤੋਂ ਪਹਿਲਾਂ ਚੰਡੀ ਮੰਤਰ ਦਾ ਜਾਪ ਕਰਦੀ ਹਾਂ। ਪਰ ਮੈਂ ਹਰੇਕ ਧਰਮ ਨੂੰ ਸਤਿਕਾਰ ਦੇਣ ਦੀ ਆਪਣੀ ਰਵਾਇਤ ’ਚ ਯਕੀਨ ਰਖਦੀ ਹਾਂ।’’ ਭਾਜਪਾ ਆਗੂਆਂ ਵੱਲੋਂ ਦਲਿਤਾਂ ਦੇ ਘਰਾਂ ’ਚ ਭੋਜਨ ਖਾਣ ਦੀ ਨੁਕਤਾਚੀਨੀ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਬ੍ਰਾਹਮਣ ਮਹਿਲਾ ਹੈ ਪਰ ਉਸ ਨਾਲ ਹਮੇਸ਼ਾ ਅਨੁਸੂਚਿਤ ਜਾਤੀ ਦੀ ਮਹਿਲਾ ਰਹਿੰਦੀ ਹੈ ਜੋ ਭੋਜਨ ਤਿਆਰ ਕਰਨ ਤੋਂ ਇਲਾਵਾ ਉਸ ਦੀਆਂ ਸਾਰੀਆਂ ਜ਼ਰੂਰਤਾਂ ਦਾ ਧਿਆਨ ਰੱਖਦੀ ਹੈ। ‘ਮੈਨੂੰ ਇਹ ਸਾਰਾ ਕੁਝ ਪ੍ਰਚਾਰਨ ਦੀ ਲੋੜ ਨਹੀਂ ਹੈ ਕਿਉਂਕਿ ਜਿਹੜੇ ਪੰਜ ਸਿਤਾਰਾ ਹੋਟਲ ’ਚੋਂ ਲੰਚ ਮੰਗਵਾ ਕੇ ਦਲਿਤਾਂ ਦੇ ਘਰਾਂ ’ਚ ਖਾਂਦੇ ਹਨ, ਉਹ ਦਲਿਤ, ਪੱਛੜੀਆਂ ਜਾਤਾਂ ਅਤੇ ਘੱਟ ਗਿਣਤੀ ਵਿਰੋਧੀ ਹਨ।’ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਜੇਕਰ ਭਾਜਪਾ ਪੱਛਮੀ ਬੰਗਾਲ ’ਚ ਸਰਕਾਰ ਬਣਾਉਣ ’ਚ ਕਾਮਯਾਬ ਰਹੀ ਤਾਂ ਉਹ ਨਾਗਰਿਕਤਾ ਸੋਧ ਐਕਟ (ਸੀਏਏ) ਅਤੇ ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਲਾਗੂ ਕਰੇਗੀ ਜਿਸ ਨਾਲ ਕਈ ਨਾਗਰਿਕਾਂ ਨੂੰ ਜਬਰੀ ਬਾਹਰ ਕੱਢ ਦਿੱਤਾ ਜਾਵੇਗਾ। ‘ਉਹ (ਭਾਜਪਾ) ਪੱਛਮੀ ਬੰਗਾਲ ਅਤੇ ਇਸ ਦੇ ਲੋਕਾਂ ਨੂੰ ਵੰਡ ਦੇਣਗੇ। ਚੇਤੇ ਕਰੋ ਕਿਵੇਂ ਉਨ੍ਹਾਂ ਅਸਾਮ ’ਚ ਐੱਨਆਰਸੀ ਲਾਗੂ ਕਰਦਿਆਂ 14 ਲੱਖ ਬੰਗਾਲੀਆਂ ਅਤੇ ਦੋ ਲੱਖ ਬਿਹਾਰੀਆਂ ਦੇ ਨਾਮ ਕੱਟ ਦਿੱਤੇ ਸਨ।’
ਉਨ੍ਹਾਂ ਦੋਸ਼ ਲਾਇਆ ਕਿ ਕੇਂਦਰੀ ਸੁਰੱਖਿਆ ਬਲ ਵੋਟਾਂ ਤੋਂ 48 ਘੰਟੇ ਪਹਿਲਾਂ ਹਰ ਘਰ ’ਚ ਜਾ ਕੇ ਲੋਕਾਂ ਨੂੰ ਡਰਾ ਰਹੇ ਹਨ ਅਤੇ ਉਨ੍ਹਾਂ ਨੂੰ ਭਾਜਪਾ ਦੇ ਪੱਖ ’ਚ ਵੋਟ ਪਾਉਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਮਾਵਾਂ ਅਤੇ ਭੈਣਾਂ ਉਨ੍ਹਾਂ ਦਾ ਡਟ ਕੇ ਮੁਕਾਬਲਾ ਕਰਨਗੀਆਂ। ‘ਜੇਕਰ ਸੁਰੱਖਿਆ ਬਲ ਚੋਣਾਂ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨਾ ਯਕੀਨੀ ਬਣਾਉਣਗੇ ਤਾਂ ਕੋਈ ਸਮੱਸਿਆ ਨਹੀਂ ਹੈ ਪਰ ਜੇਕਰ ਉਨ੍ਹਾਂ ਕਿਸੇ ਖਾਸ ਪਾਰਟੀ ਦੇ ਪੱਖ ’ਚ ਭੁਗਤਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਉਨ੍ਹਾਂ ਦਾ ਵਿਰੋਧ ਕਰਾਂਗੇ।’ ਉਨ੍ਹਾਂ ਕਿਹਾ ਕਿ ਨੰਦੀਗ੍ਰਾਮ ’ਚ ਬਾਹਰੋਂ ਆਏ ਲੋਕਾਂ ਨੇ ਪੋਲਿੰਗ ਤੋਂ ਪਹਿਲਾਂ ਹਰ ਘਰ ਦਾ ਦੌਰਾ ਕਰਕੇ ਚੋਣਾਂ ’ਚ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਵੱਡੇ ਫਰਕ ਨਾਲ ਚੋਣ ਜਿੱਤਣਗੇ।