(ਸਮਾਜ ਵੀਕਲੀ)
ਤੁਸੀਂ ਤਾਂ ਡੇਰਿਆਂ ’ਚ ਬੈਠੇ
ਉਨ੍ਹਾਂ ਪਖੰਡੀ ਬਾਬਿਆਂ ਨੂੰ
ਵੇਖਣ ਦੇ ਆਦੀ ਹੋ ਗਏ ਹੋ
ਜੋ ਹਜ਼ਾਰਾਂ ਔਰਤਾਂ ਤੇ ਮਰਦਾਂ ਨੂੰ
“ਮੌਤ ਪਿਛੋਂ ਤੁਹਾਨੂੰ
ਸਵਰਗ ਮਿਲੇਗਾ”
ਦਾ ਲਾਰਾ ਲਾ ਕੇ
ਉਨ੍ਹਾਂ ਦੇ ਸਾਰੇ ਧਨ
ਅਤੇ ਜਾਇਦਾਦ ਨੂੰ
ਦੋਹੀਂ ਹੱਥੀਂ ਲੁੱਟ ਰਹੇ ਨੇ ।
ਤੁਸੀਂ ਤਾਂ ਹੋਟਲਾਂ ’ਚ
ਕੰਮ ਕਰਕੇ
ਤੇ ਭੀਖ ਮੰਗਦੇ
ਉਨ੍ਹਾਂ ਹਜ਼ਾਰਾਂ ਬੱਚਿਆਂ ਨੂੰ
ਵੇਖਣ ਦੇ ਆਦੀ ਹੋ ਗਏ ਹੋ
ਜਿਨ੍ਹਾਂ ਨੇ ਕਦੇ
ਸਕੂਲ਼ ਦਾ ਮੂੰਹ
ਨਹੀਂ ਵੇਖਿਆ
ਤੇ ਜਿਨ੍ਹਾਂ ਨੂੰ ਦੋ ਵੇਲੇ ਦੀ ਰੋਟੀ
ਤੇ ਤਨ ਢੱਕਣ ਨੂੰ ਕਪੜਾ
ਨਸੀਬ ਨਹੀਂ ਹੁੰਦਾ।
ਤੁਸੀਂ ਤਾਂ ਆੜ੍ਹਤੀਆਂ ਵਲੋਂ
ਮੰਡੀ ’ਚ ਦਿਨ ਦਿਹਾੜੇ
ਕਿਸਾਨਾਂ ਦੀ ਹੁੰਦੀ ਲੁੱਟ ਨੂੰ
ਵੇਖਣ ਦੇ ਆਦੀ ਹੋ ਗਏ ਹੋ।
ਤੁਸੀਂ ਤਾਂ ਠਾਣਿਆਂ ’ਚ
ਅਗਾਂਹ ਵਧੂ ਵਿਚਾਰਾਂ ਵਾਲੇ
ਨੌਜਵਾਨਾਂ ਤੇ ਪੁਲਿਸ ਵਲੋਂ
ਹੁੰਦੇ ਅੰਨੇ੍ਹ ਤਸ਼ੱਦਦ ਨੂੰ
ਵੇਖਣ ਦੇ ਆਦੀ ਹੋ ਗਏ ਹੋ
ਅਤੇ ਤੁਸੀਂ ਮੀਡੀਏੇ ਵਲੋਂ
ਵੱਖ ਵੱਖ ਫਿਰਕਿਆਂ ‘ਚ
ਨਫਰਤ ਫੈਲਾਣ ਨੂੰ
ਵੇਖਣ ਦੇ ਆਦੀ ਹੋ ਗਏ ਹੋ।
ਏਸੇ ਲਈ ਮੈਂ ਕਹਿੰਦਾ ਹਾਂ
ਕਿ ਸ਼ਹੀਦ ਭਗਤ ਸਿੰਘ ਦੇ
ਵਾਰਸ ਕਹਾਣ ਦਾ
ਤੁਹਾਨੂੰ ਕੋਈ ਹੱਕ ਨਹੀਂ ,
ਤੁਹਾਨੂੰ ਕੋਈ ਹੱਕ ਨਹੀਂ ।
ਮਹਿੰਦਰ ਸਿੰਘ ਮਾਨ
ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)