(ਸਮਾਜ ਵੀਕਲੀ)
ਭਾਰਤੀ ਰਾਜਨੀਤੀ ਵਿੱਚ ਕੁੱਜ ਵੀ ਸਥਿਰ ਨਹੀਂ। ਨੇਤਾ ਲੋਕ ਆਪਣੀਆ ਪਾਰਟੀਆਂ ਕੱਪੜਿਆਂ ਵਾਂਗ ਬਦਲਦੇ ਹਨ, ਰੁੱਸਦੇ ਹਨ, ਮੰਨਦੇ ਹਨ, ਇਕ ਦੂਜੇ ਨਾਲ ਸ਼ੌਂਕਣਾਂ ਵਾਂਗ ਲੜਦੇ ਹਨ, ਤਾਅਨੇ ਮਿਹਣੇ ਮਾਰਦੇ ਹਨ, ਨਿੱਤ ਯੂ ਟਰਨਾਂ ਮਾਰਦੇ ਹਨ, ਥੁੱਕ ਕੇ ਵਾਰ ਵਾਰ ਚੱਟਦੇ ਹਨ । ਵੱਡੀ ਗੱਲ ਇਹ ਕਿ ਇਹ ਨੇਤਾ ਲੋਕ ਦੇਸ਼ ਦੇ ਲੋਕਾਂ ਨੂੰ ਵੱਡੇ ਵੱਡੇ ਲਾਰਿਆਂ ਦੇ ਸਬਜਬਾਗ ਦਿਖਾ ਕੇ ਆਪਣੇ ਜਾਲ ਚ ਫਸਾਉਂਦੇ ਹਨ ਤੇ ਲੋਕ ਇਹਨਾਂ ਦੇ ਜਾਲ ਚ ਬੜੀ ਅਸਾਨੀ ਨਾਲ ਫਸਦੇ ਵੀ ਹਨ ਤੇ ਫਿਰ ਕੁੱਜ ਸਮੇਂ ਬਾਦ ਹੀ ਠੱਗੇ ਹੋਏ ਮਹਿਸੂਸ ਕਰਦੇ ਹਨ । ਇਹ ਸਿਲਸਿਲਾ ਚੱਲਦਾ ਰਿਹਾ ਹੈ, ਚੱਲ ਰਿਹਾ ਹੈ ਤੇ ਅੱਗੇ ਵੀ ਇਸੇ ਤਰਾਂ ਚੱਲਦਾ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਇਸ ਦਿਸ਼ਾ ਵਿੱਚ ਸੁਧਾਰ ਦੀ ਆਸ ਦੀ ਕਿਰਨ ਅਜੇ ਦੂਰ ਦੂਰ ਤੱਕ ਵੀ ਕਿਧਰੇ ਨਜ਼ਰ ਨਹੀਂ ਆ ਰਹੀ।
ਪੰਜਾਬ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ ਜਿਸ ਨੂੰ ਮੱਦੇਨਜਰ ਰੱਖਕੇ ਪੰਜਾਬ ਵਿੱਚ ਰਾਜਨੀਤਕ ਸਰਗਰਮੀਆਂ ਕਾਫ਼ੀ ਤੇਜ਼ ਹੋ ਗਈਆ ਹਨ । ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੇ ਰਾਜ ਦੇ ਲੋਕਾਂ ਨੂੰ ਭਰਮਾਉਣ ਲਈ ਹੁਣ ਤੋਂ ਵੱਡੇ ਵੱਡੇ ਝੂਠ ਬੋਲਣੇ ਸ਼ੁਰੂ ਕਰ ਦਿੱਤੇ ਦਿੱਤੇ, ਉਮੀਦਵਾਰਾ ਦਾ ਐਲਾਨ ਕਰਨ ਦੇ ਨਾਲ ਨਾਲ ਸੂਬੇ ਦੇ ਅਹਿਮ ਮੁੱਦਿਆਂ ਉੱਤੇ ਵੀ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਹੈ । ਇਕ ਦੂਸਰੇ ਨੂੰ ਚੋਰ ਤੇ ਧੋਖੇਬਾਜ਼ ਦੱਸਣ ਦੇ ਨਾਲ ਨਾਲ ਹੀ ਆਪਣੇ ਆਪ ਨੂੰ ਦੁੱਧ ਧੋਤੇ ਸਾਬਤ ਕਰਨ ਦੀ ਕੋਸ਼ਿਸ਼ ਤੇ ਵਿਰੋਧੀਆਂ ਨੂੰ ਵਾਅਦਾ ਖ਼ਿਲਾਫ਼ ਵੀ ਦੱਸਿਆ ਜਾ ਰਿਹਾ ਹੈ, ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਦੀ ਗੱਲ ਕੀਤੀ ਜਾ ਰਹੀ ਹੈ, ਬਿਜਲੀ, ਡੀਜ਼ਲ, ਪੈਟਰੋਲ ਤੇ ਗੈਸ ਦੀਆ ਕੀਮਤਾਂ ਪੰਜਾਹ ਪ੍ਰਤੀਸ਼ਤ ਤੱਕ ਘੱਟ ਕਰਨ ਦੇ ਐਲਾਨ ਹੁਣ ਤੋਂ ਹੀ ਕੀਤੇ ਜਾ ਰਹੇ ਹਨ । ਕਿਸਾਨ ਵੋਟ ਬੈਂਕ ਨੂੰ ਕੈਸ਼ ਕਰਨ ਵਾਸਤੇ ਕਿਸਾਨ ਅੰਦੋਲਨ ਦੇ ਨਾਮ ‘ਤੇ ਕਾਨਫਰੰਸਾਂ ਕੀਤੀਆ ਜਾ ਰਹੀਆਂ ਹਨ ਤੇ ਸਰਕਾਰ ਬਣਨ ‘ਤੇ ਤਿੰਨੇ ਖੇਤੀ ਬਿੱਲ ਰੱਦ ਕਰਨ ਦੇ ਐਲਾਨ ਤੇ ਦਾਅਵੇ ਵਾਅਦੇ ਕੀਤੇ ਜਾ ਰਹੇ ਹਨ ।
ਇਸੇ ਦੋਰਾਨ ਜੋੜ ਤੋੜ ਵੀ ਸ਼ੁਰੂ ਹੋ ਗਿਆ ਹੈ । ਇਕ ਦੂਸਰੀ ਸਿਆਸੀ ਪਾਰਟੀ ਦੇ ਕਾਰਕੁਨਾਂ ਨੂੰ ਆਪੋ ਆਪਣੀਆ ਪਾਰਟੀਆਂ ਚ ਸ਼ਾਮਿਲ ਕਰਕੇ ਮੀਡੀਏ ਚ ਪ੍ਰਚਾਰ ਕਰਕੇ ਪਾਰਟੀ ਦੀ ਛਵੀ ਬਣਾਉਣ ਦੀਆ ਕੋਸ਼ਿਸ਼ਾਂ ਹੋ ਰਹੀਆਂ ਹਨ । ਪਾਰਟੀ ਦੇ ਅੰਦਰ ਜੋ ਰੁੱਸੇ ਹੋਏ ਹਨ ਤੇ ਜਿਹਨਾ ਦੀ ਪਿਛਲੇ ਚਾਰ ਸਾਲ ਕਦੇ ਕਿਸੇ ਨੇ ਬਾਤ ਤੱਕ ਨਹੀਂ ਪੁੱਛੀ, ਹੁਣ ਉਹਨਾਂ ਨੂੰ ਦੁਪਹਿਰ ਦੇ ਖਾਣੇ ਤੇ ਕਦੀ ਚਾਹ ਦੇ ਛਾਹਵੇਲ਼ੇ ‘ਤੇ ਬੁਲਾ ਕੇ ਸੁਲ੍ਹਾ ਸਫਾਈ ਕਰਨ ਦੀਆਂ ਕੋਸ਼ਿਸ਼ਾਂ ਕਰਨ ਦਾ ਡਰਾਮਾ ਖੇਡ ਕੇ ਇਕ ਵਾਰ ਫੇਰ ਤੋਂ ਬੁੱਧੂ ਤੇ ਬੇਵਾਕੂਫ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆ ਜਾ ਰਹੀਆ ਹਨ।
ਸੱਤਾਧਾਰੀ ਪਾਰਟੀ ਆਪਣਾ ਪਿਛਲੇ ਚਾਰ ਸਾਲ ਦਾ ਰਿਪੋਰਟ ਕਾਰਡ ਪੇਸ਼ ਕਰਕੇ ਕੀਤੇ ਵਿਕਾਸ ਦੀ ਢੰਡੋਰਾ ਪਿੱਟ ਰਹੀ ਹੈ ਜਦ ਕਿ ਸੂਬੇ ਦਾ ਵਿਕਾਸ ਅਜੇ ਪਿੰਡਾਂ ਤੇ ਸ਼ਹਿਰਾਂ ਦੀਆ ਗਲੀਆ ਨਾਲੀਆਂ ਚ ਹੀ ਫਸਿਆ ਹੋਇਆ ਹੈ, ਟੁੱਟੇ ਰਾਹ ਰਸਤੇ ਤੇ ਸੜਕਾਂ ਤੇ ਪਗ-ਡੰਡੀਆਂ ਵਿਕਾਸ ਦੇ ਫਟੇਹਾਲ ਹੋਣ ਦੀ ਚੀਕ ਚੀਕ ਕੇ ਦੁਹਾਈ ਪਾ ਰਹੇ ਹਨ, ਤਰਾਂ ਤਰਾਂ ਦੇ ਮਾਫ਼ੀਆ ਗੈਂਗ ਚਿੱਟੇ ਦਿਨ ਕੁਦਰਤੀ ਸੋਮਿਆਂ ਦੀ ਲੁੱਟ ਮਚਾ ਰਹੇ ਹਨ, ਔਰਤ ਕਿਧਰੇ ਵੀ ਸੁਰੱਖਿਅਤ ਨਹੀਂ, ਹਰ ਰੋਜ਼ ਬਲਾਤਕਾਰ ਦੀਆ ਖ਼ਬਰਾਂ ਦੇ ਕਾਲੇ ਹਾਸ਼ੀਏ ਨਸ਼ਰ ਹੋ ਰਹੇ ਹਨ, ਨਸ਼ਿਆ ਤੇ ਬੀਮਾਰੀਆਂ ਦੀ ਮਹਾਮਾਰੀ ਨੇ ਸੂਬੇ ਦੇ ਹਰ ਕੋਨੇ ਚ ਕੁਹਰਾਮ ਮਚਾਇਆ ਹੋਇਆ ਹੈ । ਸੂਬੇ ਦਾ ਹਰ ਨਵਜਨਮਿਆ ਬੱਚਾ ਤਿੰਨ ਲੱਖ ਰੁਪਏ ਦਾ ਕਰਜਈ ਹੋ ਕੇ ਜਨਮ ਲੈ ਰਿਹਾ ਹੈ । ਮਹਿੰਗਾਈ ਬੇਲਗਾਮ ਹੈ, ਬੇਰੁਜ਼ਗਾਰੀ ਦਾ ਤਾਂਡਵ ਚੱਲ ਰਿਹਾ ਹੈ, ਨੌਜਵਾਨੀ ਭੁੱਖਮਰੀ ਤੋ ਬਚਣ ਵਾਸਤੇ ਵਿਦੇਸ਼ਾਂ ਵੱਲ ਪਲਾਇਨ ਕਰ ਰਹੀ ਹੈ , ਲੁੱਟ ਪਾਟ, ਗੋਲੀ ਬਾਰੀ ਅਤੇ ਖੋਹ ਦੀਆ ਵਾਰਦਾਤਾਂ ਆਮ ਹੋ ਗਈਆਂ ਹਨ , ਸਰਕਾਰੀਤੰਤਰ ਦੀ ਲਾਲ ਫੀਤਾਸ਼ਾਹੀ ਲੱਕ ਲੱਕ ਭਿ੍ਰਸਟਾਚਾਰ ਦੀ ਦਲ ਦਲ ਵਿੱਚ ਫਸੀ ਹੋਈ ਹੈ । ਏਨਾ ਕੁੱਜ ਹੋ ਜਾਣ ਦੇ ਬਾਵਜੂਦ ਵੀ ਸੂਬੇ ਦੀਆ ਸਿਆਸੀ ਪਾਰਟੀਆਂ ਇਕ ਦੂਜੇ ਤੋ ਵਧਕੇ ਵੱਡੇ ਵੱਡੇ ਦਾਅਵੇ ਪੇਸ਼ ਕਰਕੇ ਅਸਮਾਨ ਦੀ ਧੁੰਨੀ ਨੂੰ ਹੱਥ ਲਗਾ ਰਹੀਆ ਹਨ ।
ਧਨ ਪੰਜਾਬ ਦੇ ਲੋਕ ਹਨ ਜੋ ਪਿਛਲੇ 74 ਸਾਲ ਤੋ ਲਗਾਤਾਰ ਬੁੱਧੂ ਬਣਕੇ ਹਰ ਵਾਰ ਧੋਖਾ ਖਾਂਦੇ ਆ ਰਹੇ ਹਨ ਤੇ ਨੀਲੇ ਚਿੱਟਿਆਂ ਦੀ ਉੱਤਰ ਕਾਟੋ ਹੁਣ ਮੇਰੀ ਵਾਰੀ ਵਾਲੀ ਨੂਰਾ ਖੇਡ ਨੂੰ ਕਾਮਯਾਬ ਕਰਦੇ ਆ ਰਹੇ ਹਨ । ਬੇਸ਼ੱਕ ਪੰਜਾਬ ਚ ਇਕ ਆਮ ਆਦਮੀ ਨਾਮ ਦੀ ਪਾਰਟੀ ਦਾ ਵੀ ਪਿਛਲੀਆਂ ਚੋਣਾਂ ਦੌਰਾਨ ਉਦੇ ਹੋਇਆ ਹੈ, ਪਰ ਕੁੱਕੜ ਕਲੇਸ਼ ਉਸ ਪਾਰਟੀ ਦੇ ਅੰਦਰ ਵੀ ਬਹੁਤ ਵੱਡੇ ਪੱਧਰ ‘ਕੇ ਚੱਲ ਰਿਹਾ ਹੈ, ਪਾਰਟੀ ਦੀ ਪ੍ਰਧਾਨਗੀ, ਮੁੱਖ ਮੰਤਰੀ ਦਾ ਆਹੁਦਾ ਤੇ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਦੀ ਚੋਣ ਦੇ ਮੁੱਦੇ ਨੂੰ ਲੈ ਕੇ ਇਸ ਪਾਰਟੀ ਦੇ ਅੰਦਰੂਨੀ ਕਾਟੋ ਕਲੇਸ਼ ਨੇ ਇਸ ਦੇ ਢੋਲ ਦਾ ਪੋਲ ਪੂਰੀ ਤਰਾਂ ਖੋਹਲ ਦਿੱਤਾ ਹੈ । ਇਸ ਆਮ ਆਦਮੀ ਨਾਮ ਦੀ ਪਾਰਟੀ ਚ ਕੁੱਜ ਵੀ ਆਮ ਨਜ਼ਰ ਨਹੀਂ ਆ ਰਿਹਾ, ਪਾਰਟੀ ਚ ਅੱਜ ਵੀ ਕਿਸੇ ਦਾ ਮੂੰਹ ਕਿਸੇ ਪਾਸੇ ਤੇ ਕਿਸੇ ਦਾ ਕਿਸੇ ਹੋਰ ਪਾਸੇ ਹੈ । ਸਭ ਆਪੋ ਆਪਣੀ ਤੂਤੀ ਵਜਾ ਰਹੇ ਹਨ ।
ਇਹ ਇਕ ਕੌੜਾ ਸੱਚ ਹੈ ਕਿ ਪੰਜਾਬ ਦੇ ਲੋਕਾਂ ਨਾਲ ਸਿਆਸੀ ਲੋਕਾਂ ਨੇ ਅੱਜ ਤੱਕ ਸਿਆਸਤ ਦੇ ਨਾਮ ਧੋਖਾ ਤੇ ਸਿਰਫ ਧੋਖਾ ਹੀ ਕੀਤਾ ਹੈ । ਚੋਣਾ ਸਮੇਂ ਵੋਟਾਂ ਲੈਣ ਵਾਸਤੇ ਵੱਡੇ ਵੱਡੇ ਲਾਰੇ ਲਾਏ, ਐਲਾਨ ਤੇ ਵਾਅਦੇ ਕੀਤੇ ਜੋ ਕਦੇ ਵੀ ਵਫਾ ਨਾ ਹੋਏ । ਸੱਚੀਂ ਗੱਲ ਕਹਾਂ ਤਾਂ ਸਹੀ ਮਾਅਨਿਆਂ ਚ ਗੰਦੀ ਸਿਆਸਤ ਨੇ ਪੰਜਾਬ ਨੂੰ ਪੂਰੀ ਤਰਾਂ ਬਰਬਾਦ ਕਰ ਦਿੱਤਾ । 1947 ਤੋਂ ਬਾਅਦ ਪੰਜਾਬ ਅੱਠ ਟੁਕੜਿਆ ਚ ਵੰਡ ਦਿੱਤਾ, ਪੰਜਾਬ ਦੇ ਕੁਦਰਤੀ ਸੋਮੇ ਲੁੱਟ ਲਏ, ਵਾਰ ਵਾਰ ਜਵਾਨੀ ਦਾ ਘਾਣ ਕੀਤਾ, ਪੰਜਾਬ ਨੂੰ ਤਰਾਂ ਤਰਾਂ ਦੇ ਮਾਫੀਏ ਦੀ ਲੁੱਟ ਦਾ ਸ਼ਿਕਾਰ ਬਣਾਇਆ ਤੇ ਬੇਰੁਜਗਾਰੀ ਦੀ ਭੱਠ ਚ ਝੋਕਿਆ ।
ਪੰਜਾਬ ਦੇ ਦੁੱਖਾਂ ਦੀ ਗਾਥਾ ਬਹੁਤ ਲੰਮੀ ਹੈ । ਇਹ ਤਾਂ ਸਿਰਫ ਇਕ ਝਲਕ ਮਾਤਰ ਹੀ ਪੇਸ਼ ਕੀਤੀ ਗਈ ਹੈ । ਪੰਜਾਬ ਦੇ ਲੋਕਾਂ ਨੂੰ ਆਪਣੀ ਸੋਚ ਬਦਲਣੀ ਪਏਗੀ, ਜਾਗਰੂਕ ਹੋਣਾ ਪਵੇਗਾ, ਭੇਡਾਂ ਬਣਕੇ ਹਰ ਵਾਰ ਉਨ ਲੁਹਾਉਣ ਦਾ ਰੂਝਾਨ ਬਦਲਣਾ ਪਵੇਗਾ । ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇਕਰ ਚੋਣਾਂ ਵੇਲੇ ਉਮੀਦਵਾਰ ਠੋਕ ਵਜਾ ਕੇ ਚੁਣੇ ਜਾਣ ਤੇ ਸਿਰਫ ਚੰਗੇ ਤੇ ਇਮਾਨਦਾਰ ਨੇਤਾ ਚੁਣਕੇ ਹੀ ਵਿਧਾਨ ਸਭਾ ਚ ਭੇਜੇ ਜਾਣ । ਆਸ ਕਰਦਾ ਹਾਂ ਕਿ ਪੰਜਾਬ ਦੇ ਲੋਕ ਅਗਾਮੀ ਚੋਣਾਂ ਚ ਪਰੰਪਰਾਗਤ ਰੂਝਾਨਾਂ ਨੂੰ ਬਦਲਕੇ ਨਵੇਂ ਟਰੈਂਡ ਸੈੱਟ ਕਰਨਗੇ ਤਾਂ ਕਿ ਪੰਜਾਬ ਦਾ ਸਿਤਾਰਾ ਗਰਦਿਸ਼ ਤੋਂ ਬਾਹਰ ਆ ਕੇ ਇਕ ਵਾਰ ਫੇਰ ਟਿਮਟਿਮਾਏ ।
ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
21/03/2021