ਜੇ ਲੋਕਾਂ ਤੇ ਭਾਰੂ ਹੈ

(ਸਮਾਜ ਵੀਕਲੀ)

ਜੇ ਲੋਕਾਂ ਤੇ ਭਾਰੂ ਹੈ ਜੋਕਾਂ ਦੀ ਢਾਣੀ ,
ਮੁਕਣੀ ਨਾ ਦੁਨੀਆ ਦੇ ਵਿੱਚੋਂ ਵੰਡ ਕਾਣੀ ।

ਇਸ ਲਈ ਉਹ ਕਿਸ ਨੂੰ ਜ਼ਿੰਮੇਵਾਰ ਸਮਝਣ ,
ਪੀਣ ਵਾਲਾ ਮਿਲਦਾ ਨਾ ਜਿਹਨਾਂ ਨੂੰ ਪਾਣੀ ।

ਆਸ਼ਾ ਦਾ ਲੜ ਫੜਿਆ ਹੋਇਆ ਹੈ ਜਿਨ੍ਹਾਂ ਨੇ ,
ਜਾਣਗੇ ਤਰ ਉਹ ਗ਼ਮਾਂ ਦੇ ਗਹਿਰੇ ਪਾਣੀ ।

ਜਾਂਦੇ ਨੇ ਰਣ ਭੂਮੀ ਵਿੱਚ ਜੋ ਖਾਲੀ ਹੱਥੀਂ ,
ਉੱਥੇ ਪੈਂਦੀ ਹੈ ਉਨ੍ਹਾਂ ਨੂੰ ਮੂੰਹ ਦੀ ਖਾਣੀ ।

ਦੁਨੀਆ ਭਰ ਦੇ ਨੁਕਸ ਨੇ ਜਿਸ ਆਦਮੀ ਵਿਚ ,
ਉਸ ਨੂੰ ਮੈਂ ਕਿੱਦਾਂ ਬਣਾਵਾਂ ਆਪਣਾ ਹਾਣੀ ।

ਉਸ ਲਈ ਅਰਦਾਸ ਕਰਨੇ ਦਾ ਕੀ ਫਾਇਦਾ ,
ਜੋ ਰੋਗੀ ਖਾਵੇ ਨਾ ਕੁਝ , ਨਾ ਪੀਵੇ ਪਾਣੀ ।

ਉਸ ਨੂੰ ਸੁਣਨੇ ਦਾ ਸਮਾਂ ਨਾ ਕੋਲ ਮੇਰੇ ,
ਤੂੰ ਸੁਣਾਉਣੀ ਚਾਹੇਂ ਮੈਨੂੰ ਜੋ ਕਹਾਣੀ ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਦ ਵੀ ਕੋਈ ਮੁਟਿਆਰ
Next articleDr. V.S. Negi, First Professor in Geography at UG Level in Delhi, India