ਦੋ ਟੀਕਿਆਂ ਬਾਰੇ ਭਰਮ ਨਾ ਪਾਲਣ ਲੋਕ: ਹਰਸ਼ ਵਰਧਨ

ਨਵੀਂ ਦਿੱਲੀ (ਸਮਾਜ ਵੀਕਲੀ):  ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਅੱਜ ਕਿਹਾ ਕਿ ਆਉਂਦੇ ਦਿਨਾਂ ’ਚ ਕੋਵਿਡ-19 ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਦੇ ਘੇਰੇ ਨੂੰ ਹੋਰ ਵਧਾਇਆ ਜਾਵੇਗਾ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਦੇਸ਼ ਵਿੱਚ ਕਰੋਨਾ ਤੋਂ ਬਚਾਅ ਲਈ ਲੱਗ ਰਹੇ ਦੋ ਭਾਰਤੀ ਟੀਕਿਆਂ ਬਾਰੇ ਕਿਸੇ ਤਰ੍ਹਾਂ ਦਾ ਭਰਮ ਨਹੀਂ ਹੋਣਾ ਚਾਹੀਦਾ।

ਇਸ ਦੌਰਾਨ ਪਿਛਲੇ 24 ਘੰਟਿਆਂ ਕਰੋਨਾਵਾਇਰਸ ਲਾਗ ਦੇ 39,726 ਨਵੇਂ ਕੇਸ ਸਾਹਮਣੇ ਆਉਣ ਨਾਲ ਦੇਸ਼ ਵਿੱਚ ਕੋਵਿਡ-19 ਕੇਸਾਂ ਦੀ ਕੁੱਲ ਗਿਣਤੀ 1,15,14,331 ਦੇ ਅੰਕੜੇ ਨੂੰ ਪੁੱਜ ਗਈ ਹੈ। ਮੌਜੂਦਾ ਸਾਲ ਅਤੇ ਪਿਛਲੇ 110 ਦਿਨਾਂ ਦੌਰਾਨ ਇਕ ਦਿਨ ’ਚ ਇਹ ਰਿਕਾਰਡ ਵਾਧਾ ਹੈ। ਉਧਰ 154 ਹੋਰ ਮੌਤਾਂ ਨਾਲ ਕਰੋਨਾ ਕਰ ਕੇ ਮਰਨ ਵਾਲਿਆਂ ਦੀ ਗਿਣਤੀ 1,59,730 ਹੋ ਗਈ ਹੈ। ਕੁੱਲ ਕੇਸਾਂ ’ਚੋਂ ਸਰਗਰਮ ਕੇਸਾਂ ਦੀ ਗਿਣਤੀ 2,71,282 ਹੈ, ਜੋ ਕੁੱਲ ਕੇਸਲੋਡ ਦਾ 2.36 ਫੀਸਦ ਬਣਦਾ ਹੈ। ਇਸ ਦੌਰਾਨ ਚਾਰ ਕਰੋੜ ਲੋਕਾਂ ਨੂੰ ਟੀਕਾ ਲਾਉਣ ਦਾ ਟੀਚਾ ਪੂਰਾ ਹੋ ਗਿਆ ਹੈ।

ਸਿਹਤ ਮੰਤਰੀ ਹਰਸ਼ ਵਰਧਨ ਨੇ ਅੱਜ ਲੋਕ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਦੱਸਿਆ ਕਿ ਭਾਰਤ ਹੁਣ ਤੱਕ ਸਾਢੇ ਤਿੰਨ ਤੋਂ 4 ਕਰੋੜ ਲੋਕਾਂ ਦਾ ਟੀਕਾਕਰਨ ਕਰ ਚੁੱਕਾ ਹੈ ਤੇ ਇਨ੍ਹਾਂ ਵੈਕਸੀਨਾਂ ਦਾ ਸਾਈਡ ਇਫੈਕਟ 0.000432 ਫੀਸਦ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘ਹਰੇਕ ਵੈਕਸੀਨ ਹਰ ਉਮਰ ਵਰਗ (ਯੂਨੀਵਰਸਲ ਇਮਿਊਨਾਈਜ਼ੇਸ਼ਨ) ਨੂੰ ਲਾਉਣ ਦੀ ਲੋੜ ਨਹੀਂ ਹੁੰਦੀ ਤੇ ਸਾਰੇ ਤਰਜੀਹੀ ਸਮੂਹਾਂ, ਜਿਨ੍ਹਾਂ ਵਿੱਚ ਪਹਿਲਾਂ ਸਿਹਤ ਸੰਭਾਲ ’ਚ ਲੱਗਿਆ ਸਟਾਫ਼ ਤੇ ਮਗਰੋਂ ਸੀਨੀਅਰ ਸਿਟੀਜ਼ਨ ਤੇ 45 ਤੋਂ 59 ਸਾਲ ਉਮਰ ਵਰਗ ਦੇ ਲੋਕ ਸ਼ਾਮਲ ਹਨ, ਤੋਂ ਬਾਅਦ ਅਸੀਂ ਆਉਂਦੇ ਦਿਨਾਂ ’ਚ ਟੀਕਾਕਰਨ ਦੇ ਘੇਰੇ ਨੂੰ ਹੋਰ ਵਧਾਵਾਂਗੇ। ਇਹ ਸਭ ਕੁਝ ਮਾਹਿਰਾਂ ਦੀ ਰਾਇ ’ਤੇ ਅਧਾਰਿਤ ਹੈ।’ ਵਰਧਨ ਨੇ ਕਿਹਾ ਕਿ ਉਹ ਟੀਕਾਕਰਨ ਲਈ ਤਰਜੀਹੀ ਸਮੂਹਾਂ ਦੀ ਪਛਾਣ ਲਈ ਨਾ ਸਿਰਫ਼ ਭਾਰਤੀ ਮਾਹਿਰਾਂ ਬਲਕਿ ਆਲਮੀ ਸਿਹਤ ਸੰਸਥਾ ਦੇ ਦਿਸ਼ਾ ਨਿਰਦੇਸ਼ਾਂ ਦੀ ਵੀ ਪਾਲਣਾ ਕਰ ਰਹੇ ਹਨ।

ਦੱੱਸਣਾ ਬਣਦਾ ਹੈ ਕਿ ਐੱਨਸੀਪੀ ਸੰਸਦ ਮੈਂਬਰ ਸੁਪ੍ਰਿਆ ਸੂਲੇ ਨੇ ਸਰਕਾਰ ਨੂੰ ਵਿਆਪਕ ਟੀਕਾਕਰਨ ਬਾਰੇ ਸਵਾਲ ਪੁੱਛਿਆ ਸੀ, ਜਿਸ ਦਾ ਜਵਾਬ ਦਿੰਦਿਆਂ ਹਰਸ਼ ਵਰਧਨ ਨੇ ਕਿਹਾ ਕਿ ਦੇਸ਼ ਦੇ ਹਰੇਕ ਵਿਅਕਤੀ ਨੂੰ ਵੈਕਸੀਨ ਲਾਉਣਾ ਵਿਗਿਆਨਕ ਤੌਰ ’ਤੇ ਜ਼ਰੂਰੀ ਨਹੀਂ ਹੈ। ਉਨ੍ਹਾਂ ਕਿਹਾ, ‘ਜ਼ਰੂਰੀ ਨਹੀਂ ਕਿ ਦੁਨੀਆ ਦੇ ਹਰ ਵਿਅਕਤੀ ਦਾ ਟੀਕਾਕਰਨ ਹੋਵੇ। (ਸਮੂਹਾਂ ਨੂੰ) ਤਰਜੀਹ ਦੇਣ ਦਾ ਅਮਲ ਅਸਰਦਾਰ ਤੇ ਗਤੀਸ਼ੀਲ ਅਮਲ ਹੈ।’ ਇਸ ਦੌਰਾਨ ਕੇਂਦਰੀ ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ ਨੇ ਕਿਹਾ ਕਿ ਭਾਰਤ ’ਚ ਨਿਰਮਿਤ ‘ਕੋਵੈਕਸੀਨ’ ਦੇ ਫਾਰਮੂਲੇ ’ਚ ਫੇਰਬਦਲ ਦੀ ਲੋੜ ਇਸ ਲਈ ਮਹਿਸੂਸ ਨਹੀਂ ਹੋਈ ਕਿਉਂਕਿ ਇਹ ਵਾਇਰਸ ਦੇ ਨਵੇਂ ਰੂਪਾਂ ’ਤੇ ਅਸਰਦਾਰ ਸੀ।

Previous articleਰਾਵਤ ਨੇ ‘ਮੁਆਫ਼ੀ’ ਮੰਗੀ ਪਰ ਫਟੀ ਜੀਨਜ਼ ਪਾਉਣ ਨੂੰ ਗ਼ਲਤ ਦੱਸਿਆ
Next articleAll England Open badminton: Sindhu enters semi-finals