(ਸਮਾਜ ਵੀਕਲੀ)
ਅੱਜ ਪੂਰੇ ਪੰਦਰਾਂ ਸਾਲ ਹੋ ਗਏ ਹਨ ਇਸ ਗੱਲ ਨੂੰ ਪਰ ਹਜੇ ਵੀ ਲੱਗਦਾ ਹੈ ਕਿ ਜਿਵੇਂ ਕੱਲ ਦੀ ਹੀ ਗੱਲ ਹੈ।
ਅਕਸਰ ਬੈਠਿਆਂ ਬੈਠਿਆਂ ਮੈਂ ਪੁਰਾਣੀਆਂ ਯਾਦਾਂ ਵਿੱਚ ਗੁਆਚ ਜਾਂਦੀ ਹਾਂ। ਅੱਜ ਵੀ ਉਹ ਕੌੜੀ ਜਿਹੀ ਯਾਦ ਮੇਰੇ ਅੰਦਰ ਇੱਕ ਚੀਸ ਬਣ ਕੇ ਰਹਿੰਦੀ ਹੈ, ਜਦੋਂ ਮੰਮੀ ਤੇ ਪਾਪਾ ਦੀ ਲੜਾਈ ਹੋਈ ਸੀ। ਵੈਸੇ ਤਾਂ ਉਹ ਅਕਸਰ ਲੜਦੇ ਰਹਿੰਦੇ ਸਨ ਪਰ ਮੁੜ ਕੇ ਪਲਾਂ ਵਿੱਚ ਹੀ ਇੱਕ ਦੂਜੇ ਨੂੰ ਮਨਾਂ ਵੀ ਲੈਂਦੇ ਸਨ।ਮੈਨੂੰ ਤਾਂ ਇੰਝ ਲੱਗਦਾ ਹੁੰਦਾ ਸੀ ਕਿ ਉਹ ਦੋਵੇਂ ਕਦੇ ਅਲੱਗ ਹੋ ਹੀ ਨਹੀਂ ਸਕਦੇ।ਮੰਮਾ ਵਿੱਚ ਗੁੱਸਾ ਬਹੁਤ ਸੀ ਪਰ ਪਾਪਾ ਸ਼ਾਂਤ ਹੋ ਜਾਂਦੇ ਤੇ ਜ਼ਿਆਦਾਤਰ ਉਹ ਹੀ ਮੰਮਾ ਨੂੰ ਮਨਾਂ ਲੈਦੇ ਸਨ।
ਪਰ ਇਸ ਵਾਰ ਕੁੱਝ ਹੋਰ ਹੀ ਵਾਪਰ ਗਿਆ।ਮੈਨੂੰ ਸਕੂਲ ਤੋਂ ਛੁੱਟੀ ਸੀ ਤੇ ਜਦੋਂ ਵੀ ਮੈਨੂੰ ਛੁੱਟੀ ਹੁੰਦੀ ਸੀ ਤਾਂ ਮੰਮਾ ਮੈਨੂੰ ਆਪਣੇ ਨਾਲ਼ ਆਪਣੇ ਸਕੂਲ ਲੈ ਜਾਇਆ ਕਰਦੇ ਸਨ, ਕਿਉਕਿ ਪਾਪਾ ਵੀ ਚਲੇ ਜਾਂਦੇ ਸਨ ਤੇ ਘਰੇ ਹੋਰ ਕੋਈ ਵੀ ਨਹੀਂ ਸੀ। ਅੱਜ ਸਵੇਰੇ ਸਵੇਰੇ ਮੰਮਾ ਦੀ ਆਪਣੇ ਪ੍ਰਿੰਸੀਪਲ ਨਾਲ਼ ਲੜਾਈ ਹੋ ਗਈ, ਮੰਮਾ ਬਹੁਤ ਰੋਏ ਪਰ ਬਾਕੀ ਸਾਰੇ ਅਧਿਆਪਕ ਉਨ੍ਹਾਂ ਦੇ ਨਾਲ ਖੜੇ ਹੋ ਗਏ ਇਸ ਕਰਕੇ ਪ੍ਰਿੰਸੀਪਲ ਸਰ ਨੂੰ ਆਪਣੀ ਗਲਤੀ ਲਈ ਮਾਫ਼ੀ ਮੰਗਣੀ ਪਈ। ਸਕੂਲ ਵਿੱਚ ਅੱਜ ਕੰਮ ਵੀ ਬਹੁਤ ਸੀ, ਇਸ ਕਰਕੇ ਛੁੱਟੀ ਵੀ ਚਾਰ ਵਜੇ ਹੋਈ ਕਿਉਂਕਿ ਪੇਪਰ ਵਗੈਰਾ ਚੈੱਕ ਕਰਕੇ ਰਿਜ਼ਲਟ ਬਣਾਉਣਾ ਸੀ।
ਦੂਸਰਾ ਮੇਰਾ ਵੀ ਅਗਲੇ ਦਿਨ ਪੇਪਰ ਸੀ ਤੇ ਨਾਲ਼ ਦੀ ਨਾਲ਼ ਮੰਮਾ ਮੇਰੀ ਵੀ ਤਿਆਰੀ ਕਰਵਾ ਰਹੇ ਸਨ। ਰੋਟੀ ਵੀ ਸਵੇਰ ਦੀ ਹੀ ਖਾਧੀ ਹੋਈ ਸੀ ਤੇ ਉੱਤੋਂ ਮੰਮਾ ਦੀ ਕਿਸੇ ਸਹੇਲੀ ਦੀ ਕੁੜੀ ਦਾ ਅੱਜ ਜਨਮ ਦਿਨ ਸੀ, ਉਸਦੇ ਮਜ਼ਬੂਰ ਕਰਨ ਤੇ ਸਾਨੂੰ ਉਹਨਾਂ ਦੇ ਘਰ ਜਾਣਾ ਪਿਆ। ਰਾਸਤੇ ‘ਚ ਰੁੱਕ ਕੇ ਨੰਨ੍ਹੀ ਜਿਹੀ ਕੁੜੀ ਲਈ ਤੋਹਫ਼ਾ ਵੀ ਲਿਆ। ਜਦੋਂ ਉੱਥੇ ਪਹੁੰਚੇ ਤਾਂ ਪ੍ਰੋਗਰਾਮ ਬਹੁਤ ਲੇਟ ਸੀ। ਮੰਮਾ ਨੇ ਬਹੁਤ ਕਿਹਾ ਪਰ ਉਹਨਾਂ ਨੇ ਸਾਨੂੰ ਕਾਫ਼ੀ ਦੇਰ ਰੋਕੀ ਰੱਖਿਆ। ਇੰਨੇ ਨੂੰ ਪਾਪਾ ਦਾ ਫ਼ੋਨ ਆ ਗਿਆ ਤੇ ਉਹ ਬਹੁਤ ਗੁੱਸੇ ਵਿੱਚ ਸਨ ਕਿਉਂਕਿ ਉਹਨਾਂ ਨੇ ਮੰਮਾ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜਲਦੀ ਵਾਪਸ ਆ ਜਾਇਓ।
ਮੰਮਾ ਨੇ ਮੈਨੂੰ ਨਾਲ਼ ਲਿਆ ਤੇ ਅਸੀਂ ਪਾਰਟੀ ਵਿਚੇ ਛੱਡ ਵਾਪਿਸ ਚੱਲ ਪਏ। ਮੇਰੇ ਹੱਥ ਵਿੱਚ ਕੁੱਝ ਰੁਪਏ ਸਨ ਜੋ ਮੈਨੂੰ ਨਾਨਾ ਜੀ ਨੇ ਦਿੱਤੇ ਸਨ ਤੇ ਕਾਹਲ਼ੀ ਵਿੱਚ ਉਹ ਪਤਾ ਨਹੀਂ ਕਿੱਥੇ ਡਿੱਗ ਪਏ, ਮੰਮਾ ਬਹੁਤ ਗੁੱਸੇ ਹੋਏ। ਸਕੂਟਰ ਦੀ ਅੱਗੇ ਵਾਲ਼ੀ ਲਾਈਟ ਖ਼ਰਾਬ ਸੀ ਤੇ ਹਾਰਨ ਵੀ। ਦੋ ਤਿੰਨ ਵਾਰ ਐਕਸੀਡੈਂਟ ਹੋਣ ਤੋਂ ਬਚਿਆ।
ਜਦੋਂ ਘਰ ਪਹੁੰਚੇ ਤਾਂ ਪਾਪਾ ਆਪਣੀ ਗੱਡੀ ਧੋ ਰਹੇ ਸਨ, ਮੰਮਾ ਬਹੁਤ ਥੱਕੇ ਹੋਏ ਤੇ ਪਰੇਸ਼ਾਨ ਸਨ ਤੇ ਪਾਪਾ ਨੇ ਸ਼ਰਾਬ ਪੀਤੀ ਹੋਈ ਸੀ। ਮੰਮਾ ਚੁੱਪਚਾਪ ਕਮਰੇ ਵਿੱਚ ਆ ਕੇ ਸੋਫ਼ੇ ਤੇ ਬੈਠ ਗਏ ਕਿ ਜਦੋਂ ਪਾਪਾ ਵਿਹਲੇ ਹੋਣਗੇ ਤਾਂ ਇੱਕਠੇ ਰੋਟੀ ਖਾਵਾਂਗੇ। ਪਰ ਉਹਨਾਂ ਨੂੰ ਪਤਾ ਹੀ ਨਾਂ ਲੱਗਾ ਕਦੋਂ ਬੈਠੇ ਬੈਠੇ ਅੱਖ ਲੱਗ ਗਈ। ਕਾਫ਼ੀ ਦੇਰ ਬਾਅਦ ਪਾਪਾ ਅੰਦਰ ਆਏ ਤਾਂ ਉਹਨਾਂ ਦੀ ਜਾਗ ਖੁੱਲੀ ਤੇ ਉਹ ਰੋਟੀ ਗਰਮ ਕਰ ਲਿਆਏ ਪਰ ਪਾਪਾ ਨੇ ਨਾਂ ਖਾਧੀ ਤੇ ਗੁੱਸੇ ਚ ਪਰਾਂ ਮਾਰੀ।ਉਹ ਵਾਰ ਵਾਰ ਮੰਮਾ ਨੂੰ ਰੋਟੀ ਖਾਣ ਲਈ ਕਹਿ ਰਹੇ ਸਨ ਪਰ ਮੰਮਾ ਦਾ ਢਿੱਡ ਦੁੱਖ ਰਿਹਾ ਸੀ। ਬੱਸ ਏਸੇ ਗੱਲ ਤੋਂ ਕਲੇਸ਼ ਵੱਧ ਗਿਆ। ਰਿਸ਼ਤੇਦਾਰਾਂ ਨੇ ਵੀ ਸਮਝਾਇਆ ਪਰ ਆਪਸੀ ਤਕਰਾਰ ਬਹੁਤ ਵੱਧ ਚੁੱਕੀ ਸੀ।
ਅਖ਼ੀਰ ਉਹ ਦਿਨ ਆਇਆ ਜਦੋਂ ਮੈਨੂੰ ਮੰਮਾ ਨਾਲ਼ ਆਉਣਾ ਪਿਆ ਕਿਉਂਕਿ ਪਾਪਾ ਨੇ ਦੂਜਾ ਵਿਆਹ ਕਰਨਾ ਸੀ ਤੇ ਮੈਂ ਸੌਤੇਲੀ ਮਾਂ ਦੇ ਡਰੋਂ ਮੰਮਾ ਨਾਲ਼ ਚਲੀ ਗਈ। ਅਸੀਂ ਕਿਰਾਏ ਤੇ ਛੋਟਾ ਜਿਹਾ ਕਮਰਾ ਲੈ ਕੇ ਰਹੇ, ਨਾਨਾ ਨਾਨੀ ਨੇ ਬਹੁਤ ਕਿਹਾ ਪਰ ਮੰਮਾ ਉਹਨਾਂ ਨਾਲ਼ ਰਹਿਣ ਲਈ ਨਾਂ ਮੰਨੇ।
ਕਈ ਸਾਲ ਬੀਤ ਗਏ। ਮੇਰਾ ਵਿਆਹ ਹੋ ਗਿਆ ਤੇ ਮੈਂ ਕਨੇਡਾ ਆ ਗਈ। ਪਹਿਲਾਂ ਨਾਨੀ, ਫਿਰ ਨਾਨੂੰ ਜਹਾਨੋਂ ਤੁਰ ਗਏ। ਮੈਂ ਮੰਮਾ ਨੂੰ ਕਿਹਾ ਕਿ ਮੇਰੇ ਨਾਲ਼ ਚੱਲੋ ਪਰ ਉਹ ਜਵਾਈ ਤੇ ਬੋਝ ਨਹੀਂ ਬਣਨਾ ਚਾਹੁੰਦੇ ਸਨ। ਉਹ ਕਹਿੰਦੇ ਕਿ ਜਵਾਈ ਕਦੇ ਪੁੱਤਰ ਨਹੀਂ ਬਣ ਸਕਦੇ। ਨਾਲ਼ੇ ਉਨ੍ਹਾਂ ਨੂੰ ਉਹ ਦਿਨ ਯਾਦ ਆ ਗਿਆ ਕਿ ਪਾਪਾ ਨੇ ਕਿਵੇਂ ਨਾਨਾ ਨਾਨੀ ਨੂੰ ਗਾਲ਼ਾਂ ਕੱਢੀਆਂ ਸਨ। ਇਸ ਕਰਕੇ ਉਹ ਕੱਲੇ ਹੀ ਰਹੇ।ਕੁੱਝ ਸਾਲ ਬਾਦ ਉਹ ਵੀ ਤੁਰ ਗਏ।
ਅੱਜ ਵੀ ਪਾਪਾ ਨੂੰ ਇੰਟਰਨੈੱਟ ਤੇ ਦੇਖ਼ ਲੈਦੀ ਹਾਂ। ਉਹ ਹੁਣ ਬਜ਼ੁਰਗ ਹੋ ਗਏ ਹਨ ਪਰ ਨਵੀਂ ਮਾਂ ਹਜੇ ਜਵਾਨ ਹੈ ਉਹ ਸ਼ਾਇਦ ਡਾਂਸਰ ਸੀ, ਬਹੁਤ ਵਧੀਆ ਨੱਚਦੀ ਸੀ। ਉਹਨਾਂ ਦੇ ਦੋ ਬੱਚੇ ਹਨ, ਇੱਕ ਮੁੰਡਾ ਤੇ ਇੱਕ ਕੁੜੀ, ਬਹੁਤ ਸੋਹਣੇ ਹਨ ਦੋਵੇਂ। ਵੀਰਾ ਬਿਲਕੁਲ ਪਾਪਾ ਵਰਗਾ ਤੇ ਭੈਣ ਬਿਲਕੁਲ ਮਾਂ ਵਰਗੀ ਲੱਗਦੀ ਹੈ।
ਅੱਜ ਵੀ ਜਦੋਂ ਮੇਰੇ ਪਤੀ ਮੈਨੂੰ ਬਹੁਤ ਜਿਆਦਾ ਪਿਆਰ ਕਰਦੇ ਹਨ ਤਾਂ ਮੈਂ ਡਰ ਜਾਂਦੀ ਹਾਂ। ਮੰਮਾ ਪਾਪਾ ਦੀ ਯਾਦ ਆ ਜਾਂਦੀ ਹੈ ਤੇ ਮੈਂ ਉਨ੍ਹਾਂ ਨੂੰ ਹੱਥ ਜੋੜ ਕੇ ਪਿਆਰ ਨਾਂ ਕਰਨ ਲਈ ਕਹਿੰਦੀ ਹਾਂ ਤੇ ਉਹ ਹੈਰਾਨ ਹੋ ਕੇ ਚਲੇ ਜਾਂਦੇ ਹਨ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ।
ਸੰ:9464633059