ਜੀਐੱਸਟੀ: ਜਾਅਲੀ ਬਿੱਲ ’ਤੇ 700 ਕਰੋੜ ਰੁਪਏ ਦਾ ਘਪਲਾ ਬੇਨਕਾਬ

ਚੰਡੀਗੜ੍ਹ/ਖੰਨਾ (ਸਮਾਜ ਵੀਕਲੀ) : ਪੰਜਾਬ ਸਟੇਟ ਜੀਐੱਸਟੀ ਦੇ ਪੜਤਾਲੀਆ ਵਿੰਗ ਨੇ ਅੱਜ ਅੰਤਰਰਾਜੀ ਜਾਅਲੀ ਬਿੱਲਾਂ ਦੇ ਮਾਮਲੇ ’ਚ ਕਰੀਬ 700 ਕਰੋੜ ਦਾ ਘਪਲਾ ਬੇਪਰਦ ਕੀਤਾ ਹੈ। ਪੰਜਾਬ, ਦਿੱਲੀ ਅਤੇ ਹਰਿਆਣਾ ਸਣੇ ਵੱਖ-ਵੱਖ ਸੂਬਿਆਂ ਵਿੱਚ ਜਾਅਲੀ ਬਿੱਲਾਂ ਦਾ ਨੈੱਟਵਰਕ ਬਣਾਉਣ ਤੇ ਚਲਾਉਣ ਅਤੇ ਸਰਕਾਰ ਨੂੰ ਟੈਕਸ ਦੀ ਅਦਾਇਗੀ ਕੀਤੇ ਬਿਨਾਂ ਧੋਖਾਧੜੀ ਨਾਲ ਵੱਖ-ਵੱਖ ਫਰਮਾਂ ਨੂੰ 122 ਕਰੋੜ ਰੁਪਏ ਤੋਂ ਵੱਧ ਦੀ ਆਈਟੀਸੀ ਪਾਸ ਕਰਨ ਤੇ ਫ਼ਾਇਦਾ ਕਮਾਉਣ ਦੇ ਦੋਸ਼ ਵਿੱਚ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਸਟੇਟ ਟੈਕਸ ਕਮਿਸ਼ਨਰ ਨੀਲਕੰਠ ਐੱਸ. ਅਵਹਦ (ਆਈਏਐੱਸ) ਵੱਲੋਂ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਆਗਿਆ ਦਿੱਤੀ ਗਈ। ਟੀਮ ਨੇ ਮੁਲਜ਼ਮਾਂ ਦੀ ਰਿਹਾਇਸ਼ ਸਣੇ ਖੰਨਾ ਸ਼ਹਿਰ ਵਿੱਚ ਕਈ ਥਾਵਾਂ ’ਤੇ ਤਲਾਸ਼ੀ ਤੇ ਬਰਾਮਦਗੀ ਦੀ ਕਾਰਵਾਈ ਕੀਤੀ। ਮੋਬਾਈਲ ਵਿੰਗ ਜਲੰਧਰ ਨੂੰ ਲੰਘੇ ਵਰ੍ਹੇ ਤਾਂਬੇ ਦਾ ਸਕ੍ਰੈਪ ਲਿਜਾ ਰਹੇ ਵਾਹਨ ਨੂੰ ਫੜਨ ਤੋਂ ਬਾਅਦ ਇਸ ਘਪਲੇ ਦਾ ਪਤਾ ਲੱਗਾ ਸੀ। ਇਹ 44 ਫਰਮਾਂ ਦਾ ਨੈੱਟਵਰਕ ਹੈ। ਤਲਾਸ਼ੀ ਮੁਹਿੰਮਾਂ ਦੌਰਾਨ ਵੱਖ-ਵੱਖ ਫਰਮਾਂ ਨਾਲ ਸਬੰਧਤ ਦਸਤਾਵੇਜ਼ ਤੇ ਤਿਆਰ ਕੀਤੇ ਗਏ ਜਾਅਲੀ ਇਨਵੁਆਇਸ ਅਤੇ ਈ-ਵੇਅ ਸ਼ੇਅਰ ਕਰਨ ਲਈ ਵਰਤੇ ਗਏ ਮੋਬਾਈਲ ਫੋਨ ਜ਼ਬਤ ਕਰ ਲਏ ਗਏ। ਨੈੱਟਵਰਕ ਵੱਲੋਂ ਕੁੱਲ ਜਾਅਲੀ ਬਿਲਿੰਗ 700 ਕਰੋੜ ਤੋਂ ਵੱਧ ਹੋਣ ਦੀ ਸੰਭਾਵਨਾ ਹੈ ਜਦੋਂਕਿ ਤਿਆਰ ਕੀਤੀ ਆਈਟੀਸੀ ਤੇ ਟੈਕਸ ਚੋਰੀ 122 ਕਰੋੜ ਤੋਂ ਵੱਧ ਹੈ।

ਸੱਤ ਮੁਲਜ਼ਮਾਂ ਵਿਚੋਂ ਪੰਜ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਨੂੰ ਡਿਊਟੀ ਮੈਜਿਸਟਰੇਟ ਨੇੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਮੁਲਜ਼ਮਾਂ ਵਿਚ ਵਿੱਚ ਵਿਨੋਦ ਕੁਮਾਰ, ਮਨਿੰਦਰ ਸ਼ਰਮਾ, ਸੰਦੀਪ ਸਿੰਘ, ਅਮਰਿੰਦਰ ਸਿੰਘ ਅਤੇ ਸੰਨੀ ਮਹਿਤਾ ਸ਼ਾਮਲ ਹਨ। ਇਸ ਅਪਰੇਸ਼ਨ ਵਿੱਚ ਸ਼ੌਕਤ ਅਹਿਮਦ ਪਾਰੇ (ਆਈ.ਏ.ਐੱਸ.) ਵਧੀਕ ਕਮਿਸ਼ਨਰ (ਇਨਫੋਰਸਮੈਂਟ) ਪੰਜਾਬ ਨੇ ਤਾਲਮੇਲ ਕੀਤਾ। ਮੁਲਜ਼ਮ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਖੰਨਾ ਨਾਲ ਸਬੰਧਿਤ ਹਨ।

Previous articleਸਿੰਘੂ ਬਾਰਡਰ ’ਤੇ ਮਕਾਨ ਬਣਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ
Next articleਕਰੋਨਾ: ਹਵਾਈ ਯਾਤਰੀਆਂ ਲਈ ਸਖ਼ਤ ਹਦਾਇਤਾਂ