ਟੈਲੀਵਿਜ਼ਨ

ਅਸਿ. ਪ੍ਰੋ. ਗੁਰਮੀਤ ਸਿੰਘ

(ਸਮਾਜ ਵੀਕਲੀ)

ਅੱਜ ਸਾਰਾ ਪਰਿਵਾਰ ਬੇਬੇ-ਬਾਪੂ, ਭੈਣਾਂ, ਭਰਾ, ਤਾਇਆ ਜਾਗਰ ਵੀ 10-10 ਦੇ ਨੋਟਾਂ ਦਾ ਹਾਰ ਲੈ ਕੇ ਆਇਆ ਕਹਿੰਦਾ ” ਹਰਜੀਤ ਪੁੱਤ ਦਾ ਸਵਾਗਤ ਕਰਨਾ ਮੈਂ ” ।ਇਸ ਤਰ੍ਹਾਂ ਹਰਜੀਤ ਦੀ ਉਡੀਕ ਨੇ ਘਰ ਵਿੱਚ ਵਿਆਹ ਵਾਲਾ ਮੌਹਲ ਬਣਾ ਦਿੱਤਾ, ਉਡੀਕਦੇ ਵੀ ਕਿਉਂ ਨਾ ਤਿੰਨ ਭੈਣਾਂ ਦਾ ਇੱਕਲਾ-ਇੱਕਲਾ ਵੀਰ ਉਹ ਵੀ ਦੇਸ਼ ਦੀ ਸੇਵਾ ਲਈ ਫ਼ੌਜ ਵਿੱਚ ਭਰਤੀ ਹੋ ਗਿਆ। ਉਡੀਕਾਂ ਖਤਮ ਹੋਈਆਂ ਪੂਰੇ ਡੇਢ ਸਾਲ ਬਾਅਦ ਹਰਜੀਤ ਛੁੱਟੀ ਆਇਆ ਤੇ ਇਹ ਉਸ ਦੀ ਪਹਿਲੀ ਛੁੱਟੀ ਹੋਣ ਕਰਕੇ ਪਿੰਡ ਦੇ ਲੋਕਾਂ ਨੇ ਵੀ ਉਸ ਦਾ ਸਵਾਗਤ ਕੀਤਾ ।

ਹਰਜੀਤ ਦਾ ਪਿੰਡ, ਸ਼ਹਿਰ ਤੇ ਜ਼ਿਲ੍ਹੇ ਵਿੱਚ ਇੱਕ ਚੰਗੇ ਦੌੜਾਕ ਦੇ ਤੌਰ ਤੇ ਕੁੱਝ ਹੀ ਸਮੇਂ ਵਿੱਚ ਚੰਗਾ ਨਾਮ ਬਣ ਗਿਆ ਸੀ ਚਾਹੇ ਇਸ ਪਿੱਛੇ ਉਸ ਦੀ ਮੇਹਨਤ ਤੇ ਕੋਚ ਦਾ ਬਹੁਤ ਯੋਗਦਾਨ ਹੈ , ਜਿੰਨਾਂ ਸਦਕੇ ਉਹ ਫੌਜ ਦੇ ਖੇਡ ਵਿੰਗ ਵਿੱਚ ਭਰਤੀ ਹੋਇਆ। ਪਰ ਕਿਤੇ -ਨਾ-ਕਿਤੇ ਉਸ ਦੇ ਤਾਏ ਦਾ ਵੀ ਹੱਥ ਹੈ ਜਿਸ ਕਰਕੇ ਉਸ ਨੂੰ ਇਹ ਰਾਹ ਮਿਲਿਆ ।

ਹਰਜੀਤ ਦੇ ਘਰ ਦੀ ਹਾਲਤ ਪਹਿਲਾਂ ਬਹੁਤ ਮਾੜੀ ਸੀ। ਪਿਤਾ ਦੀ ਦਿਹਾੜੀ ਨਾਲ ਗੁਜ਼ਾਰਾ ਚਾਹੇ ਮੁਸ਼ਕਿਲ ਨਾਲ ਹੁੰਦਾ ਸੀ ਪਰ  ਤਿੰਨ ਧੀਆਂ ਤੇ ਚੌਥਾ ਹਰਜੀਤ ਦੀ ਪੜ੍ਹਾਉਣ ਲਈ ਹਰ ਯਤਨ ਕੀਤਾ ਪਰ ਗਰੀਬੀ ਦੀਆਂ ਜ਼ੰਜੀਰਾਂ ਵਿੱਚ ਹੀ ਜਕੜਿਆ ਰਿਹਾ। ਹਰਜੀਤ ਦਸਵੀਂ ਜਮਾਤ ਵਿੱਚ ਪੜ੍ਹਦਾ ਸੀ, ਉਸ ਸਮੇਂ ਉਹਨਾਂ ਦੇ ਘਰ ਟੈਲੀਵਿਜ਼ਨ ਨਹੀਂ ਸੀ, ਉਹ ਟੈਲੀਵਿਜ਼ਨ ਵੇਖਣ ਆਪਣੇ ਤਾਏ ਕੇ ਘਰ ਚਲਾ ਜਾਂਦਾ ਕੁੱਝ ਦਿਨ ਤਾਂ ਜਾਗਰ ਚੁੱਪ ਚਾਪ ਵੇਖਦਾ ਰਿਹਾ ਕਿ ਜੀਤਾ ਹਰ ਰੋਜ਼ ਉਹਨਾਂ ਦੇ ਘਰ ਆਉਣ ਲੱਗਾ ਪਰ ਜਾਗਰ ਨੂੰ ਇਹ ਪਸੰਦ ਨਹੀਂ ਸੀ, ਹੁਣ ਜਦੋਂ ਵੀ ਜੀਤਾ ਟੈਲੀਵਿਜ਼ਨ ਵੇਖਣ ਆਉਂਦਾ ਤਾਂ ਜਾਗਰ ਬਿਜਲੀ ਵਾਲੇ ਮੀਟਰ ਕੋਲੋਂ ਬਿਜਲੀ ਬੰਦ ਕਰ ਦਿੰਦਾ । ਇੱਕ ਦਿਨ ਜੀਤੇ ਨੇ ਤਾਏ ਨੂੰ ਮੀਟਰ ਤੋਂ ਬਿਜਲੀ ਬੰਦ ਕਰਦੇ ਵੇਖਿਆ ਤੇ ਮਨ ਬਹੁਤ ਦੁਖੀ ਹੋਇਆ ਤੇ ਘਰ ਜਾ ਰੌਣ ਲੱਗਾ।

” ਕੀ ਹੋ ਗਿਆ ਮੇਰੇ ਪੁੱਤ ਨੂੰ ” ਜੀਤੇ ਦੀ ਮਾਂ ਨੇ ਜੀਤੇ ਨੂੰ ਬੁੱਕਲ ਵਿੱਚ ਲੈਂਦਿਆਂ ਕਿਹਾ।

” ਕੁੱਝ ਨੀ ਮਾਂ, ਆਪਾਂ ਟੈਲੀਵਿਜ਼ਨ ਕਦੋਂ ਲਿਆਵਾਂਗੇ, ” ਕੋਈ ਨਾ ਪੁੱਤ ਰੋਈਦਾ ਨਹੀਂ ਹੁੰਦਾ, ਲੈਣ ਆਵਾਂਗੇ, ਰੱਬ ਘਰ ਦੇਰ ਹੈ ਹਨੇਰ ਨਹੀਂ,   ਤੈਨੂੰ ਤਾਂ ਪਤਾ ਹੀ ਹੈ ਪੁੱਤ ਤੇਰੇ ਬਾਪੂ ਦੀ ਦਿਹਾੜੀ ਨਾਲ ਤਾਂ ਦੋ ਡੰਗ ਰੋਟੀ ਮਿਲ ਜੇ ਇਹੀ ਬਹੁਤ ਐ,  ਟੈਲੀਵਿਜ਼ਨ ਤਾਂ ਬਹੁਤ ਦੂਰ ਦੀ ਗੱਲ ਐ” ਗੱਲ ਕਰਦੇ ਕਰਦੇ ਜੀਤੇ ਦੀ ਮਾਂ ਗੁਜਰੀ ਦੇ ਅੱਖੀਆਂ ਹੁੰਝੂ ਨਾਲ ਭਰ ਗੲੀਆਂ।

ਹਰਜੀਤ ਨੇ ਆਪਣੇ ਮਨ ਨੂੰ ਸਮਝਾਇਆ ਤੇ ਉਸ ਦਿਨ ਤੋਂ ਬਾਅਦ ਆਪਣੇ ਤਾਏ ਘਰ ਕਦੇ ਟੀਵੀ ਦੇਖਣ ਨਹੀਂ ਗਿਆ । ਹਰਜੀਤ ਆਪਣੀ ਦਸਵੀਂ  ਦੇ ਪੇਪਰ ਦੇ ਚੁੱਕਾ ਸੀ ਤੇ ਉਹ ਪਿੰਡੋਂ ਸ਼ਹਿਰ ਬੱਸ ਤੇ ਜਾਂਦੇ  ਹੋਏ ਆਪਣੇ ਮਿੱਤਰ ਨੂੰ ਕਿਹਾ ਉਸ ਨੂੰ ਕੋਈ ਕੰਮ ਹੀ ਲੱਭ ਦੇ ਦੋ ਮਹੀਨੇ ਵਿਹਲਾ ਹਾਂ, ਉਸਦੇ ਦੋਸਤ ਮੀਤੇ ਨੇ ਉਸ ਨੂੰ ਬੱਸ ਅੱਡੇ ਤੇ ਲੱਗਿਆ ਕੰਧ ਤੇ ਖੇਡਾਂ ਦਾ ਪੋਸਟਰ ਪੜਾਇਆ ਜਿਸ ਵਿਚ ਦੌੜਾਂ ਵਿਚ ਭਾਗ ਲੈਣ ਵਾਲਿਆਂ ਨੂੰ ਇਨਾਮ ਦਾ ਵੇਰਵਾ ਦਿੱਤਾ ਹੋਇਆ ਸੀ  ਹਰਜੀਤ ਨੇ ਦੋੜਾਂ ਵਿਚ ਭੱਜਣ ਦਾ  ਮਨ ਬਣਾ ਲਿਆ ।

ਹਰਜੀਤ ਕੰਮ ਦੀ ਭਾਲ ਦੀ ਥਾਂ ਪਿੰਡ ਦੇ ਖੇਡ ਮੇਲੇ ਵਿੱਚ ਜਾ ਆਪਣਾਂ ਨਾਮ ਦਰਜ ਕਰਵਾ ਲਿਆਂ ਤੇ  ਦੋੜਾਂ  ਵਿੱਚ ਪਹਿਲੇ ਨੰਬਰ ਤੇ ਨਾ ਆਕੇ ਨਗਦ ਇਨਾਮ ਰਾਸ਼ੀ ਪ੍ਰਾਪਤ ਕੀਤੀ। ਇਨਾਮ ਦੀ ਰਾਸ਼ੀ ਪ੍ਰਾਪਤ ਕਰਕੇ ਹਰਜੀਤ ਦਾ ਮਨ ਬਹੁਤ ਖੁਸ਼ ਹੋਇਆ, ਤੇ ਸੋਚਣ ਲੱਗਾ ਕਿ ਇਹ ਪੈਸੇ ਬੇਬੇ ਨੂੰ ਜਾ ਦੇਣੇ ਹਨ ਕਹਿਣਾ ਹੈ ਟੈਲੀਵਿਜ਼ਨ ਲਈ ਜੋੜ ਲੈ ਮਾਂ। ਇਸ ਖੇਡ ਮੇਲੇ ਵਿੱਚ ਕੋਚ ਹਰਮਨ ਮੋਜੂਦ ਹੋਣ ਕਰਕੇ ਜਦੋਂ ਉਸ ਨੇ ਹਰਜੀਤ ਨੂੰ ਟਰੈਕ ਤੇ ਦੋੜਦਾ ਵੇਖਿਆ ਤਾਂ ਉਸ ਨੂੰ ਉਹ ਹਵਾ ਨੂੰ ਚੀਰਦਾ ਮਿਲਖਾ ਸਿੰਘ ਵਾਂਗ ਨਜ਼ਰ ਆਇਆ।

ਖੇਡਾਂ ਦੀ ਸਮਾਪਤੀ ਤੇ ਕੋਚ ਹਰਮਨ ਨੇ ਹਰਜੀਤ ਨੂੰ ਕੋਚਿੰਗ ਲੈਣ ਲਈ ਸਵੇਰੇ-ਸ਼ਾਮ ਸਟੇਡੀਅਮ ਆਉਣ ਲਈ ਕਿਹਾ। ਹਰਜੀਤ ਹਰ ਰੋਜ਼ ਪਿੰਡੋਂ ਸ਼ਹਿਰ ਜੋ ਪੰਜ ਛੇ ਕਿਲੋਮੀਟਰ ਦੂਰ ਹੈ ਦੋੜ ਕਿ ਆਉਣ ਲੱਗਾ । ਫਿਰ ਉਹ ਖੇਡਾਂ ਵਿਚ ਭਾਗ ਲੈਦਾਂ ਲੈਂਦਾਂ ਕਾਫੀ ਪ੍ਰਸਿੱਧ ਹੋ ਗਿਆ। ਇਕ ਦਿਨ ਫੋਜ ਨੇ ਸਟੇਡੀਅਮ ਚ’ 17 ਸਾਲਾਂ ਤੋਂ ਘੱਟ ਉਮਰ ਵਾਲੇ ਖਿਡਾਰੀਆਂ ਦੇ ਕੈਂਪ ਲੲੀ ਦੌੜਾਂ ਦਾ ਪ੍ਰੰਬਧ ਕੀਤਾ । ਹਰਜੀਤ ਕੋਚ ਸਾਹਿਬ ਦੇ ਕਹਿਣ ਤੇ ਭਾਗ ਲੈਣ ਪਹੁੰਚ ਗਿਆ। ਦੌੜਾਂ ਵਿੱਚ ਹਰਜੀਤ ਨੂੰ ਦੌੜਦਾ ਵੇਖ ਕੈਂਪ ਕੰਮਡਰ ਨੇ ਹਰਜੀਤ ਦੀ ਚੋਣ ਕਰ ਲੲੀ ਤੇ ਹਰਜੀਤ ਨੂੰ ਫੌਜ ਦੇ ਖੇਡ ਵਿੰਗ ਚ ਭਰਤੀ ਕਰ ਦੇਸ਼ ਲਈ ਖੇਡਣ ਨੂੰ ਕਿਹਾ।

ਇਹ ਸਭ ਕੁੱਝ ਸੁਣ ਹਰਜੀਤ ਦੇ ਪੈਰਾਂ ਥੱਲੋਂ ਜ਼ਮੀਨ ਹੀ ਨਿੱਕਲ ਗਈ ਹੋਵੇ ਉਸ ਇੰਝ ਜਾਪਿਆ ਉਸ ਨੇ ਨਾਲ ਆਏ ਆਪਣੇ ਦੋਸਤ ਮੀਤੇ ਨੂੰ ਕਿਹਾ ਕਿ ਘਰੇ ਦੱਸ ਦੇਣਾ। ਬੱਸ ਫਿਰ ਫੌਜ ਦੀ ਟ੍ਰੇਨਿੰਗ ਕਰਨ ਉਪਰੰਤ ਜਦੋਂ ਉਹ ਪੂਰੇ ਡੇਢ ਸਾਲ ਬਾਅਦ ਘਰ ਵਾਪਿਸ ਆਇਆ ਤਾਂ ਆਪਣੀ ਤਨਖਾਹ ਵਿਚੋਂ ਉਸ ਨੇ ਦੋ ਰੰਗਦਾਰ ਟੈਲੀਵਿਜ਼ਨ ਖਰੀਦੇ ਜੋ ਉਸਨੇ ਆ ਕੇ ਇਕ ਆਪਣੀ ਮਾਂ ਨੂੰ ਤੇ ਇੱਕ ਤਾਏ ਜਾਗਰ ਨੂੰ ਗਿਫਟ  ਕੀਤਾ। ਤਾਇਆ ਰੰਗਦਾਰ ਟੈਲੀਵਿਜ਼ਨ ਵੇਖ ਸ਼ਰਮਿੰਦਾ ਜਿਹਾ ਹੋਇਆ ਤੇ  ਹਰਜੀਤ ਨੂੰ ਕਹਿਣ ਲੱਗਾ ” ਜੀਤੇ ਪੁੱਤ ਇਹਦੀ ਕੀ ਲੋੜ ਸੀ……..”

” ਨਹੀਂ ਤਾਇਆ, ਜੇ ਤੂੰ ਮੈਨੂੰ ਉਦੋਂ ਨਾ ਰੋਕਦਾ ਤਾਂ ਮੇਰੀ ਜਿੰਦਗੀ ਰੰਗੀਨ ਨਹੀਂ ਹੋਣੀ ਸੀ, ਇਹ ਤੇਰੇ ਕਰਕੇ ਹੀ ਸੰਭਵ ਹੋਇਆ ” ……. ਹਰਜੀਤ ਨੇ ਤਾਇਆ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਕਿਹਾ।

ਇਹ ਗੱਲ ਸੁਣ ਤਾਏ ਨੇ ਜੀਤੇ ਨੂੰ ਘੁੱਟ ਜੱਫੀ ਪਾਈ ਤੇ ਅੱਖੀਆਂ ਭਰ ਆਈਆਂ ਤੇ ਬੋਲਿਆ ” ਜਿਉਂਦਾ ਰਹਿ ਲੰਮੀਆਂ ਉਮਰਾਂ ਮਾਣੇ ਮੇਰਾ ਪੁੱਤ “।

ਦੋਹਾਂ ਪਰਿਵਾਰਾਂ ਵਿਚ ਅੱਜ ਖੁਸ਼ੀ ਵਾਲਾ ਮਾਹੌਲ ਬਣਿਆ ਹੋਇਆ ਤੇ  ਸਾਰੇ ਆਂਡੀ ਗੁਆਢੀ ਫੌਜ ਦੀ ਨੋਕਰੀ ਤੇ ਨਵੇਂ  ਟੈਲੀਵਿਜ਼ਨ ਦੀਆਂ ਵਧਾਈਆਂ ਦੇ ਰਹੇ ਸਨ। ਤੇ ਹਰਜੀਤ ਕੋਠੇ ਚੱੜ ਕੇ ਐਨਟੀਨਾ ਘੁੰਮਾ ਕੇ ਸਿੰਗਲ ਠੀਕ ਕਰ ਰਿਹਾ ਸੀ ਨਾਲ ਖ਼ੁਸ਼ੀਆਂ ਵੰਡਦਾ ਜਾਪਦਾ ਹੈ ।

ਅਸਿ. ਪ੍ਰੋ. ਗੁਰਮੀਤ ਸਿੰਘ
ਸਰਕਾਰੀ ਕਾਲਜ ਮਾਲੇਰਕੋਟਲਾ
94175-45100

Previous articleਰੈੱਡ ਸਕਾਈ ਮਿਸ਼ਨ ਤਹਿਤ ਓਟ ਕਲੀਨਿਕ ਟਿੱਬਾ ਵਿਖੇ ਮਰੀਜ਼ਾਂ ਦੀ ਕੀਤੀ ਕਾਉਂਸਲਿੰਗ
Next articleਯਸ਼ਵੰਤ ਸਿਨਹਾ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ