ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਿਹਾ ਕਿ ‘ਮੁਕਤ ਤੇ ਖੁੱਲ੍ਹਾ ਹਿੰਦ ਪ੍ਰਸ਼ਾਂਤ ਖੇਤਰ’ ਸਾਰਿਆਂ ਲਈ ਜ਼ਰੂਰੀ ਹੈ ਅਤੇ ਅਮਰੀਕਾ ਆਪਣੇ ਭਾਈਵਾਲਾਂ ਤੇ ਸਹਿਯੋਗੀਆਂ ਨਾਲ ਖੇਤਰ ’ਚ ਸਥਿਰਤਾ ਲਿਆਉਣ ਲਈ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਹਿੰਦ-ਪ੍ਰਸ਼ਾਂਤ ਖੇਤਰ ’ਚ ਸਹਿਯੋਗ ਲਈ ‘ਕੁਆਡ’ ਨੂੰ ਅਹਿਮ ਮੰਚ ਕਰਾਰ ਦਿੱਤਾ।
ਬਾਇਡਨ ਨੇ ਸਿਖਰ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਹਿਯੋਗ ਵਧਾਉਣ ਲਈ ਕੁਆਡ ਇਕ ਨਵਾਂ ਤੰਤਰ ਬਣ ਕੇ ਉੱਭਰਿਆ ਹੈ। ਉਨ੍ਹਾਂ ਚੀਨ ਦੇ ਸਪੱਸ਼ਟ ਸੰਦਰਭ ’ਚ ਕਿਹਾ, ‘ਅਸੀਂ ਆਪਣੀਆਂ ਪ੍ਰਤੀਬੱਧਤਾਵਾਂ ਨੂੰ ਜਾਣਦੇ ਹਾਂ। ਸਾਡਾ ਖੇਤਰ ਕੌਮਾਂਤਰੀ ਕਾਨੂੰਨ ਰਾਹੀਂ ਚੱਲਦਾ ਹੈ। ਅਸੀਂ ਸਾਰੇ ਸਰਬ ਪ੍ਰਵਾਨਿਤ ਮੁੱਲਾਂ ਤੇ ਕਦਰਾਂ-ਕੀਮਤਾਂ ਨੂੰ ਲੈ ਕੇ ਪ੍ਰਤੀਬੱਧ ਹਾਂ ਅਤੇ ਕਿਸੇ ਵੀ ਦਬਾਅ ਤੋਂ ਮੁਕਤ ਹਾਂ ਪਰ ਮੈਂ ਸਾਡੀ ਸੰਭਾਵਨਾ ਬਾਰੇ ਆਸ਼ਾਵਾਦੀ ਹਾਂ।’
ਉਨ੍ਹਾਂ ਕੁਆਡ ਗੱਠਜੋੜ ਦੇ ਆਗੂਆਂ ਨੂੰ ਕਿਹਾ, ‘ਮੁਕਤ ਤੇ ਖੁੱਲ੍ਹਾ ਹਿੰਦ-ਪ੍ਰਸ਼ਾਂਤ ਖੇਤਰ ਸਾਡੇ ਅਤੇ ਸਾਡੇ ਮੁਲਕਾਂ ਦੇ ਭਵਿੱਖ ਲਈ ਲਾਜ਼ਮੀ ਹੈ।’ ਚੀਨ ਦੇ ਸਰਕਾਰੀ ਮੀਡੀਆ ਵੱਲੋਂ ਕੁਆਡ ਨੂੰ ਚੀਨ ਦੇ ਉਭਾਰ ਖ਼ਿਲਾਫ਼ ਗੱਠਜੋੜ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ਬਾਇਡਨ ਨੇ ਕਿਹਾ ਕਿ ਇਹ ਗਰੁੱਪ ਇਸ ਕਰਕੇ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਮਸਲਿਆਂ ਦੇ ਅਮਲੀ ਹੱਲ ਅਤੇ ਠੋਸ ਨਤੀਜਿਆਂ ਨੂੰ ਲੈ ਕੇ ਪ੍ਰਤੀਬੱਧ ਹੈ। ਬਾਇਡਨ ਨੇ ਕਿਹਾ, ‘ਕੁਆਡ ਹਿੰਦ-ਪ੍ਰਸ਼ਾਂਤ ਖੇਤਰ ’ਚ ਇੱਕ ਅਹਿਮ ਮੰਚ ਸਾਬਤ ਹੋਣ ਜਾ ਰਿਹਾ ਹੈ ਅਤੇ ਮੈਂ ਆਉਣ ਵਾਲੇ ਸਾਲਾਂ ’ਚ ਤੁਹਾਡੇ ਸਾਰਿਆਂ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹਾਂ।’
ਬਾਇਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ, ‘ਤੁਹਾਨੂੰ ਦੇਖ ਕੇ ਬਹੁਤ ਚੰਗਾ ਲੱਗਿਆ।’ ਡਿਜੀਟਲ ਢੰਗ ਨਾਲ ਹੋ ਰਹੇ ਇਸ ਸੰਮੇਲਨ ’ਚ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਅਤੇ ਜਪਾਨ ਦੇ ਪ੍ਰਧਾਨ ਮੰਰੀ ਯੋਸ਼ੀਹਿਦੇ ਸੁਗਾ ਵੀ ਸ਼ਾਮਲ ਹੋ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਚਾਰ ਮੁਲਕਾਂ ਦੀ ਯੋਜਨਾ ਕਾਰਜਕਾਰੀ ਸਮੂਹਾਂ ਦੀ ਇੱਕ ਲੜੀ ਸਥਾਪਤ ਕਰਨ ਦੀ ਹੈ ਜੋ ਵਾਤਾਵਰਨ ਤਬਦੀਲੀ, ਮਹੱਤਵਪੂਰਨ ਤੇ ਉੱਭਰਦੀ ਹੋਈ ਤਕਨੀਕ ’ਤੇ ਧਿਆਨ ਕੇਂਦਰਿਤ ਕਰੇਗੀ।