164 ਸਾਲ ਹੈ ਪੁਰਾਣੀ ਸੰਸਥਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵਲੋਂ ਅੱਜ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤਾ ਗਿਆ ਬਜਟ (2021-22 ) ਸੂਬੇ ਦੀਆਂ ਇਤਿਹਾਸਕ ਸਿੱਖਿਆ ਸੰਸਥਾਵਾਂ ਵਿਚੋਂ ਇਕ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ , ਕਪੂਰਥਲਾ ਲਈ ਵੱਡੀ ਖੁਸ਼ ਖਬਰੀ ਲੈ ਕੇ ਆਇਆ ਹੈ। ਪੰਜਾਬ ਸਰਕਾਰ ਵਲੋਂ 6 ਇਤਿਹਾਸਕ ਸਰਕਾਰੀ ਕਾਲਜਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਬਜਟ ਵਿਚ ਵਿਸ਼ੇਸ਼ ਉਪਬੰਧ ਕੀਤੇ ਗਏ ਹਨ, ਜਿਸ ਤਹਿਤ ਕਪੂਰਥਲਾ ਦੇ ਕਾਲਜ ਲਈ 7 ਕਰੋੜ ਰੁਪੈ ਰਾਖਵੇਂ ਰੱਖੇ ਗਏ ਹਨ।
ਬਜਟ ਭਾਸ਼ਣ ਦੌਰਾਨ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵਲੋਂ ਇਸਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਗਿਆ ਅਤੇ ਉਨ੍ਹਾਂ ਇਸ ਲਈ ਸਥਾਨਕ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਨਿਰੰਤਰ ਕੀਤੇ ਯਤਨਾਂ ਦਾ ਵੀ ਹਵਾਲਾ ਦਿੱਤਾ। ਕਾਲਜ ਪਿ੍ਸੀਪਲ ਸ੍ਰੀਮਤੀ ਜਤਿੰਦਰ ਕੌਰ ਧੀਰ ਨੇ ਦੱਸਿਆ ਕਿ 1856 ਦੇ ਇਸ ਕਾਲਜ ਦੇ ਬੁਨਿਆਦੀ ਢਾਂਚੇ ਦਾ ਵਿਸਥਾਰ ਇਸ ਰਕਮ ਨਾਲ ਕੀਤਾ ਜਾਵੇਗਾ।
ਉਨ੍ਹਾਂ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਵਿਖੇ ਹੋਮ ਸਾਇੰਸ ਲੈਬ, ਨਵੇਂ ਕੰਪਿਊਟਰ ਤੇ ਵਾਈ-ਫਾਈ ਵਿਵਸਥਾ, ਸੋਲਰ ਪੈਨਲ ਰਾਹੀਂ ਊਰਜਾ ਦਾ ਪ੍ਰਬੰਧ, ਅੰਦਰੂਨੀ ਸੜਕਾਂ ਦੀ ਮੁਰੰਮਤ, ਪਖਾਨਿਆਂ ਦੀ ਉਸਾਰੀ ਜਿਸ ਵਿਚ ਅੰਗਹੀਣ ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰਬੰਧ, ਰੇਨ ਵਾਟਰ ਹਾਰਵੈਸਟਿੰਗ ਵਿਵਸਥਾ, ਸਮਾਰਟ ਕਲਾਸ ਰੂਮ, ਪ੍ਰਾਜੈਕਟਰ, ਸਟਾਫ ਤੇ ਵਿਦਿਆਰਥੀਆਂ ਲਈ ਪਾਰਕਿੰਗ, ਸਟੂਡੈਂਟ ਹੋਮ, ਲਾਇਬ੍ਰੇਰੀ ਦੀ ਨਵੀਂ ਇਮਾਰਤ ਜਿਸਨੂੰ ਈ-ਰਿਸੋਰਸ ਦੁਆਰਾ ਚਲਾਇਆ ਜਾਵੇਗਾ ਮੁੱਖ ਰੂਪ ਵਿਚ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੀ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ 250 ਵਿਦਿਆਰਥੀਆਂ ਦੀ ਸਮੱਰਥਾ ਵਾਲੇ ਕਾਨਫਰੰਸ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ ਸੀ , ਜਿਸ ਉੱਪਰ 1.40 ਕਰੋੜ ਰੁਪੈ ਖਰਚ ਹੋਣਗੇ।