(ਸਮਾਜ ਵੀਕਲੀ)
ਕਿਸਾਨ ਮੋਰਚਾ ਪੰਜਾਬ ਵਿਚ ਰੇਲ ਰੋਕੋ ਧਰਨਿਆਂ ਤੋਂ ਚਾਲੂ ਹੋਇਆ ਸੀ,ਕੇਂਦਰ ਸਰਕਾਰ ਜਿਸ ਨੇ ਤਿੰਨ ਕਾਲੇ ਕਾਨੂੰਨ ਬਣਾਏ ਸੀ ਉਨ੍ਹਾਂ ਨੂੰ ਕੁਝ ਵਿਖਾਈ ਹੀ ਨਹੀਂ ਦਿੱਤਾ।ਸਾਡੇ ਪੰਜਾਬ ਦੀਆਂ ਤਿੰਨ ਰਾਜਨੀਤਕ ਪਾਰਟੀਆਂ ਨਗਰ ਪਾਲਿਕਾ ਤੇ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਰੁੱਝ ਗਈਆਂ ਤੇ ਅਗਲੀ ਕਾਰਵਾਈ ਆਉਣ ਵਾਲੇ ਸਾਲ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੱਲ ਹੈ।ਵਿਧਾਨ ਸਭਾ ਦਾ ਬਜਟ ਸੰਮੇਲਨ ਚੱਲ ਰਿਹਾ ਹੈ ਪਰ ਰਾਜਨੀਤਕ ਪਾਰਟੀਆਂ ਦਾ ਬਚਕਾਨਾ ਡਰਾਮਾ ਵੇਖਣ ਵਾਲਾ ਹੈ।ਕਦੇ ਸਾਇਕਲਾਂ ਤੇ ਕਦੇ ਗੱਡਿਆਂ ਤੇ ਚੜ੍ਹ ਕੇ ਵਿਧਾਨ ਸਭਾ ਨੂੰ ਜਾਂਦੇ ਹੋਏ ਫੋਟੋਆਂ ਸੋਸ਼ਲ ਮੀਡੀਆ ਤੇ ਖਰੀਦੇ ਹੋਏ ਚੈਨਲਾਂ ਤੇ ਵਿਖਾਉਂਦੇ ਹਨ।
ਪੈਟਰੋਲ ਤੇ ਡੀਜ਼ਲ ਦੀ ਮਹਿੰਗਾਈ ਉਨ੍ਹਾਂ ਨੂੰ ਰੜਕਦੀ ਹੈ ਉਨ੍ਹਾਂ ਦੇ ਕਿਸਾਨ ਮਜ਼ਦੂਰ ਬੀਬੀਆਂ ਭੈਣਾਂ ਬੱਚੇ ਦਿੱਲੀ ਵਿਚ ਸੌ ਦਿਨਾਂ ਤੋਂ ਮੋਰਚਾ ਲਗਾ ਕੇ ਬੈਠੇ ਹਨ ਉਸ ਬਾਰੇ ਕੋਈ ਗੱਲਬਾਤ ਨਹੀਂ,ਸੈਂਕੜੇ ਕਿਸਾਨ ਸ਼ਹੀਦ ਹੋ ਗਏ ਇਨਾਂ ਨੂੰ ਪੈਟਰੋਲ ਤੇ ਡੀਜ਼ਲ ਦੀ ਮਹਿੰਗਾਈ ਚੁੰਭਦੀ ਹੈ ਜਦ ਕਿ ਸਾਰੀ ਜਨਤਾ ਜਾਣਦੀ ਹੈ ਕਿ ਤੁਹਾਨੂੰ ਗੱਡੀਆਂ ਤੇ ਤੇਲ ਮੁਫ਼ਤ ਵਿੱਚ ਮਿਲਦਾ ਹੈ।ਇਹ ਲੋਕਾਂ ਨੂੰ ਨੁੱਕੜ ਨਾਟਕ ਦੀ ਤਰ੍ਹਾਂ ਬਾਹਰੀ ਨਾਟਕ ਵਿਖਾਉਣ ਦਾ ਕੀ ਫ਼ਾਇਦਾ ਹੈ।ਤਹਾਨੂੰ ਐਮਐਲਏ ਬਣਾ ਕੇ ਇਸ ਜਨਤਾ ਨੇ ਭੇਜਿਆ ਹੈ ਵਿਧਾਨ ਸਭਾ ਦੀ ਮੀਟਿੰਗ ਚੱਲ ਰਹੀ ਹੈ ਉਥੇ ਆਵਾਜ਼ ਨਹੀਂ ਰੌਲਾ ਪਾਇਆ ਜਾਂਦਾ ਹੈ ਵੋਟਰ ਦੀ ਤੁਹਾਡੇ ਸਾਹਮਣੇ ਕੋਈ ਕੀਮਤ ਨਹੀਂ ਸਾਫ਼ ਵਿਖਾਈ ਦਿੰਦਾ ਹੈ।
ਰਾਜਨੀਤਕ ਪਾਰਟੀਆਂ ਨੂੰ ਡਰਾਮੇ ਬੰਦ ਕਰ ਦੇਣੇ ਚਾਹੀਦੇ ਹਨ ਕਿਸਾਨ ਮੋਰਚੇ ਦੇ ਵਿੱਚ ਕਿਸੇ ਵੀ ਨੇਤਾ ਨੂੰ ਸਟੇਜ ਉਤੇ ਚੜ੍ਹਨ ਨਹੀਂ ਦਿੱਤਾ ਗਿਆ,”ਹੱਥ ਕੰਗਣ ਨੂੰ ਆਰਸੀ ਕੀ”ਤੁਹਾਨੂੰ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਸੱਚੀ ਤਸਵੀਰ ਵਿਖਾ ਦਿੱਤੀ ਹੈ ਕਿ ਤੁਹਾਡੇ ਨਾਲ ਕੀ ਹੋਵੇਗੀ। ਦਿੱਲੀ ਜਾ ਕੇ ਜਦੋਂ ਦਾ ਮੋਰਚਾ ਲੱਗਿਆ ਹੈ ਤਾਂ ਇਸ ਅੰਦੋਲਨ ਨੂੰ ਕੌਮਾਂਤਰੀ ਪੱਧਰ ਤੇ ਬਹੁਤ ਵੱਡੀ ਹਮਾਇਤ ਪ੍ਰਾਪਤ ਹੋਈ ਹੈ,ਜਿਸ ਕਰਕੇ ਕਿਸਾਨ ਅੰਦੋਲਨ ਤੋਂ ਇਹ ਜਨ ਅੰਦੋਲਨ ਬਣ ਗਿਆ ਹੈ।ਪਿੰਡਾਂ ਸ਼ਹਿਰਾਂ ਵਿਚ ਵੇਖ ਲਓ ਜਦੋਂ ਵੀ ਕੋਈ ਸਮਾਜਿਕ ਪ੍ਰੋਗਰਾਮ ਹੁੰਦਾ ਹੈ ਤਾਂ ਵਿਆਹੁਣ ਲਈ ਜਾਂਦੇ ਮੁੰਡੇ ਦੀ ਗੱਡੀ ਤੇ ਕਿਸਾਨ ਯੂਨੀਅਨ ਦਾ ਝੰਡਾ ਲੱਗਿਆ ਹੁੰਦਾ ਹੈ,ਡੋਲੀ ਵਾਪਸ ਆਉਣ ਤੇ ਵਿਆਹੁਤਾ ਮੁੰਡਾ ਅਤੇ ਕੁੜੀ ਕਿਸਾਨਾਂ ਦੇ ਧਰਨਿਆਂ ਵਿੱਚ ਬਾਕਾਇਦਾ ਹਾਜ਼ਰੀ ਲਵਾ ਕੇ ਜਾਂਦੇ ਹਨ।
ਸਾਡੇ ਕਿਸਾਨ ਬਜ਼ੁਰਗਾਂ ਦੇ ਤਜਰਬਿਆਂ ਵਿੱਚੋਂ ਨਿਕਲੇ ਹੋਏ ਕਿਸਾਨ ਮੋਰਚੇ ਨੇ ਸਾਡੀ ਨੌਜਵਾਨ ਪੀਡ਼੍ਹੀ ਨੂੰ ਜਾਗਰੂਕ ਕਰ ਦਿੱਤਾ ਹੈ।ਇਸ ਕਿਸਾਨ ਅੰਦੋਲਨ ਦੇ ਜਨ ਅੰਦੋਲਨ ਬਣਨ ਦਾ ਵੱਡਾ ਕਾਰਨ ਇੱਕੀਵੀਂ ਸਦੀ ਵਿੱਚ ਹੋਣ ਦੇ ਬਾਵਜੂਦ ਭਾਰਤ ਦੀ ਅੱਧੀ ਆਬਾਦੀ ਖੇਤੀ ਤੇ ਨਿਰਭਰ ਹੋਣਾ ਅਤੇ ਮੁਲਕ ਦੀ 70 ਪ੍ਰਤੀਸ਼ਤ ਵਸੋਂ ਪੇਂਡੂ ਹੋਣਾ ਵੀ ਹੈ।ਕਿਸਾਨ ਅੰਦੋਲਨ ਨੂੰ ਵੱਡੀ ਗਿਣਤੀ ਲੋਕਾਂ ਵੱਲੋਂ ਹਮਾਇਤ ਦੀ ਵਜ੍ਹਾ ਉਨ੍ਹਾਂ ਦਾ ਪਿਛੋਕੜ ਪਿੰਡ ਤੇ ਉੱਥੋਂ ਦਾ ਸੱਭਿਆਚਾਰ ਦੀ ਮੋਹਰ ਲੱਗਿਆ ਹੋਣਾ ਵੀ ਮੁੱਖ ਹੈ,ਭਾਰਤ ਵਿੱਚ ਅਜੇ ਵੀ ਡੁੱਲ੍ਹੇ ਹੋਏ ਅਨਾਜ ਨੂੰ ਮੱਥੇ ਨਾਲ ਲਗਾਇਆ ਜਾਂਦਾ ਹੈ ਤੇ ਕਿਸਾਨ ਨੂੰ ਅੰਨ ਦਾਤੇ ਦੀ ਉਪਾਧੀ ਮਿਲੀ ਹੋਈ ਹੈ।
ਕਿਸਾਨਾਂ ਤੇ ਮਜ਼ਦੂਰਾਂ ਦਾ ਆਪਸ ਵਿੱਚ ਗਹਿਰੀ ਮਿਲਣੀ ਵੀ ਮਜ਼ਬੂਤ ਆਧਾਰ ਹੈ।ਰਾਜਨੀਤਕ ਪਾਰਟੀਆਂ ਨੇ ਧਰਮਾਂ ਤੇ ਜਾਤੀ ਵਾਦ ਦਾ ਭੂਤ ਲੋਕਾਂ ਨੂੰ ਪਾੜਨ ਲਈ ਜੋ ਛੱਡਿਆ ਸੀ ਉਸ ਨੂੰ ਕਾਲੇ ਕਾਨੂੰਨ ਦੇ ਨਜ਼ਰਵੱਟੂ ਨੇ ਖ਼ਤਮ ਕਰ ਦਿੱਤਾ ਹੈ।ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਨੇ ਕਿਵੇਂ ਜਾ ਕੇ ਦਿੱਲੀ ਮੋਰਚਾ ਗੱਡਿਆ ਹੈ ਇਹ ਦੁਨੀਆਂ ਵਿੱਚ ਇੱਕ ਬਹੁਤ ਵੱਡੀ ਮਿਸਾਲ ਹੈ।ਇਸ ਜਲਦੀ ਮਿਸ਼ਾਲ ਵਿੱਚ ਤੇਲ ਪਾਉਣ ਲਈ ਗੁਆਂਢੀ ਰਾਜਾਂ ਦੇ ਕਿਸਾਨ ਤੇ ਮਜ਼ਦੂਰ ਫਟਾਫਟ ਮੋਰਚੇ ਵਿਚ ਆ ਜੁੜੇ।
ਹਰਿਆਣਾ ਦੇ ਕਿਸਾਨਾਂ ਤੇ ਮਜ਼ਦੂਰਾਂ ਨੇ ਹਰ ਪੱਧਰ ਤੇ ਮੋਰਚੇ ਨੂੰ ਸੰਭਾਲਿਆ ਹੋਇਆ ਹੈ।ਛੱਬੀ ਜਨਵਰੀ ਨੂੰ ਜੋ ਰਾਜਨੀਤਕ ਤੇ ਧਾਰਮਿਕ ਪਾਣ ਚਾੜ੍ਹ ਕੇ ਮੋਰਚਾ ਫੇਲ੍ਹ ਕਰਨ ਲਈ ਸਰਕਾਰ ਨੇ ਸਾਜ਼ਿਸ਼ ਰਚੀ ਸੀ,ਜਿਸ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਮੋਰਚਾ ਖ਼ਤਮ ਹੋ ਜਾਵੇਗਾ ਪਰ ਜਨ ਮੋਰਚੇ ਨੂੰ ਟਕੈਤ ਬਾਈ ਜੀ ਨੇ ਜੋ ਹਾਕ ਮਾਰੀ ਉਹ ਇੱਕ ਨਵਾਂ ਇਨਕਲਾਬ ਦਾ ਰੂਪ ਲੈ ਕੇ ਆ ਉੱਘੜੀ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਅੰਨਦਾਤਾ ਕਿਸਾਨਾਂ ਤੇ ਮਜ਼ਦੂਰਾਂ ਨੂੰ ਜੋ ਘਟੀਆ ਸ਼ਬਦਾਵਲੀ ਅੰਦੋਲਨਜੀਵੀ ਪਰਜੀਵੀ ਵਰਗੇ ਲਕਬਾਂ ਦੀ ਵਰਤੋਂ ਕਰਕੇ ਪ੍ਰਧਾਨ ਮੰਤਰੀ ਦੇ ਰੁਤਬੇ ਦੀ ਆਭਾ ਨੂੰ ਸੱਟ ਹੀ ਮਾਰੀ ਹੈ ਖੱਟਿਆ ਕੁਝ ਨਹੀਂ।
ਸਾਡੇ ਬਜ਼ੁਰਗਾਂ ਵੱਲੋਂ ਮੋਰਚੇ ਲਈ ਦਿੱਤੀ ਸੇਧ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਇੰਨੇ ਸੋਹਣੇ ਢੰਗ ਨਾਲ ਜਗਾਇਆ ਹੈ,ਜਿਨ੍ਹਾਂ ਨੂੰ ਨਸ਼ੇੜੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ ਅੱਜ ਉਹ ਸਰਕਾਰ ਵੱਲੋਂ ਦਿੱਤੇ ਜਾ ਰਹੇ ਘਟੀਆ ਰੁਤਬੇ ਵੀ ਪ੍ਰਵਾਨਿਤ ਕਰਨ ਨੂੰ ਤਿਆਰ ਹਨ।ਨੌਜਵਾਨ ਬਿਜਲਈ ਮੀਡੀਆ ਤੇ ਸ਼ਰੇਆਮ ਕਹਿੰਦੇ ਹਨ ਕਿ ਜੇ ਲੋਕ ਸੇਵਾ ਕਰਨ ਵਾਲੇ ਖਾਲਿਸਤਾਨੀ ਹਨ,ਅਸੀਂ ਉਹ ਹੀ ਬਣਨ ਨੂੰ ਤਿਆਰ ਹਾਂ।ਭਾਰਤ ਦੇ ਸਾਰੇ ਰਾਜਾਂ ਦੇ ਕਿਸਾਨ ਮਜ਼ਦੂਰ ਮੋਢੇ ਨਾਲ ਮੋਢਾ ਜੋਡ਼ ਕੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਨ ਜਿਸ ਬਾਰੇ ਵਿਦੇਸ਼ੀ ਮੀਡੀਆ ਬਹੁਤ ਸੋਹਣਾ ਪ੍ਰਚਾਰ ਕਰ ਰਿਹਾ ਹੈ।
ਗੋਦੀ ਮੀਡੀਆ ਕਿਸਾਨ ਮੋਰਚਿਆਂ ਵਿੱਚ ਜਾਣ ਤੋਂ ਡਰਦਾ ਹੈ ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਉਨ੍ਹਾਂ ਦੇ ਝੂਠ ਦੇ ਪ੍ਰਚਾਰ ਲਈ ਜਵਾਬ ਮੰਗਦੀ ਹੈ। ਇੰਗਲੈਂਡ ਆਸਟਰੇਲੀਆ ਕੈਨੇਡਾ ਦੀਆਂ ਪਾਰਲੀਮੈਂਟਾਂ ਵੱਲੋਂ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ।ਅੰਤਰਰਾਸ਼ਟਰੀ “ਟਾਈਮ”ਮੈਗਜ਼ੀਨ ਜੋ ਦੁਨੀਆਂ ਦਾ ਸਭ ਤੋਂ ਖ਼ਰਾ ਤੇ ਸੱਚਾ ਰੁਤਬਾ ਰੱਖਦਾ ਹੈ ਇੱਕ ਸਮੇਂ ਉਨ੍ਹਾਂ ਨੇ ਆਪਣੇ ਮੁੱਖ ਪੰਨੇ ਤੇ ਚੰਗੇ ਕੰਮ ਕਰਨ ਲਈ ਸਾਡੇ ਰਹਿ ਚੁੱਕੇ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਦੀ ਮੁੱਖ ਪੰਨੇ ਤੇ ਫੋਟੋ ਲਗਾਈ ਸੀ।
ਪਰ ਇਸ ਮਹੀਨੇ ਮਾਣ ਹੈ ਸਾਡੀਆਂ ਬੀਬੀਆਂ ਭੈਣਾਂ ਦੇ ਮੋਰਚੇ ਤੇ ਆਪਣੇ ਝੰਡੇ ਲਹਿਰਾਉਂਦੀਆਂ ਦੀ ਫੋਟੋ ਮੁੱਖ ਪੰਨੇ ਤੇ ਲਗਾਈ ਹੈ,ਜੋ ਇਨਕਲਾਬ ਜਿੱਤਣ ਦੀ ਪੱਕੀ ਨਿਸ਼ਾਨੀ ਹੈ ਅਰਬਾਂ ਖਰਬਾਂ ਲੋਕ ਇਸ ਤਸਵੀਰ ਨੂੰ ਵੇਖਣਗੇ,ਜਨ ਮੋਰਚੇ ਬਾਰੇ ਸਾਰਥਿਕ ਸਮੱਗਰੀ ਪੜ੍ਹ ਕੇ ਜਾਗਰੂਕ ਹੁੰਦੇ ਹੋਏ ਮੋਰਚੇ ਦੇ ਨਾਲ ਕਰੋੜਾਂ ਲੋਕ ਜੁੜਨਗੇ।ਇਕ ਪਾਸੇ ਤਾਂ ਸਰਕਾਰ ਕਰੋਨਾ ਫੈਲ ਰਿਹਾ ਹੈ ਇਸ ਦਾ ਰਾਗ ਅਲਾਪ ਰਹੀ ਹੈ,ਪੰਜ ਰਾਜਾਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਕੀ ਜਦੋਂ ਆਪਣੀਆਂ ਇਹ ਰੈਲੀਆਂ ਕਰਨਗੇ ਉਸ ਸਮੇਂ ਕੋਰੋਨਾ ਦਾ ਕੋਈ ਖ਼ਤਰਾ ਨਹੀਂ ਹੋਵੇਗਾ।
ਜਨ ਮੋਰਚੇ ਨੇ ਸੌ ਦਿਨਾਂ ਵਿਚ ਵਿਖਾ ਦਿੱਤਾ ਹੈ ਕਿ ਕਰੋਨਾ ਸਾਨੂੰ ਡਰਾਉਣ ਲਈ ਸਰਕਾਰ ਵੱਲੋਂ ਇੱਕ ਭੂਤ ਛੱਡਿਆ ਜਾ ਰਿਹਾ ਹੈ ਇਕ ਪਾਸੇ ਸਰਕਾਰ ਘਰ ਤੋਂ ਬਾਹਰ ਨਿਕਲਣ ਵੇਲੇ ਮਾਸਕ ਲਗਾ ਕੇ ਨਾ ਨਿਕਲਣ ਤੇ ਜ਼ੁਰਮਾਨੇ ਦਾ ਇੰਤਜ਼ਾਮ ਕੀਤਾ ਹੋਇਆ ਹੈ ਲੱਖਾਂ ਕਰੋੜਾਂ ਕਿਸਾਨ ਇੰਨੇ ਦਿਨਾਂ ਤੋਂ ਬਿਨਾਂ ਮਾਸਕ ਬਿਨਾਂ ਦੂਰੀ ਤੋਂ ਬੈਠੇ ਹਨ ਕੀ ਕੋਰੋਨਾ ਉਨ੍ਹਾਂ ਤੋਂ ਡਰਦਾ ਹੈ। ਪੰਜ ਰਾਜਾਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੀ ਕੇਂਦਰ ਸਰਕਾਰ ਦੇ ਪੈਰ ਹਿਲਾ ਕੇ ਰੱਖ ਦੇਣਗੀਆਂ,ਜਨ ਮੋਰਚੇ ਨੇ ਫ਼ੈਸਲਾ ਕੀਤਾ ਹੈ ਕਿ ਅਸੀਂ ਉਨ੍ਹਾਂ ਰਾਜਾਂ ਵਿੱਚ ਜਾਵਾਂਗੇ ਤੇ ਚੋਣਕਾਰੀਆਂ ਨੂੰ ਦੱਸਾਂਗੇ ਕਿ ਸਾਨੂੰ ਕਿਹੋ ਜਿਹਾ ਉਮੀਦਵਾਰ ਚੁਣਨਾ ਚਾਹੀਦਾ ਹੈ।
ਪੱਛਮੀ ਬੰਗਾਲ ਤਾਮਿਲਨਾਡੂ ਕੇਰਲਾ ਤੇ ਅਸਾਮ ਦੇ ਲੋਕ ਜਨ ਮੋਰਚੇ ਨਾਲ ਜੁੜੇ ਹੋਏ ਹਨ ਜੋ ਕਿ ਸਰਕਾਰ ਦੀਆਂ ਸਾਰੀਆਂ ਘਟੀਆ ਕਾਰਵਾਈਆਂ ਨੂੰ ਵੇਖ ਰਹੇ ਹਨ ਇਕ ਪਿੰਡ ਵਿਚ ਇਕ ਵੀ ਜਨ ਮੋਰਚੇ ਵਾਲ਼ਾ ਵਿਅਕਤੀ ਜਾਵੇਗਾ ਉਹ ਲੋਕਾਂ ਨੂੰ ਜਾਗਰੂਕ ਕਰ ਦੇਵੇਗਾ।ਕੇਂਦਰੀ ਸਰਕਾਰ ਬੁਖਲਾਈ ਹੋਈ ਹੈ ਕੈਬਨਿਟ ਮੰਤਰੀ ਵੀ ਜਨ ਮੋਰਚੇ ਨੂੰ ਸਹੀ ਤੇ ਸੱਚ ਠਹਿਰਾਉਣ ਲਈ ਸ਼ਰ੍ਹੇਆਮ ਮੀਡੀਆ ਤੇ ਬੋਲ ਰਹੇ ਹਨ।ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਪਤਾ ਨ੍ਹੀਂ ਕਾਰਪੋਰੇਟ ਘਰਾਣਿਆਂ ਨੇ ਕਿਹੜੀਆਂ ਘੁੰਗਣੀਆਂ ਪਾਈਆਂ ਹੋਈਆਂ ਹਨ ਜੋ ਮੂੰਹ ਨਹੀਂ ਖੋਲ੍ਹ ਰਹੇ,ਪਰ ਜੋ ਤਸਵੀਰ ਅੱਜ ਜਨ ਮੋਰਚੇ ਵੀ ਪੂਰੇ ਭਾਰਤ ਵਿੱਚ ਵਿਖਾਈ ਦੇ ਰਹੀ ਹੈ ਉਹ ਜਿੱਤ ਦੀ ਪੂਰਨ ਰੂਪ ਵਿੱਚ ਨਿਸ਼ਾਨੀ ਹੈ।
ਜਨ ਮੋਰਚੇ ਨੂੰ ਫੇਲ੍ਹ ਕਰਨ ਲਈ ਪਾਣੀ ਬਿਜਲੀ ਤੇ ਇੰਟਰਨੈੱਟ ਬੰਦ ਕਰਕੇ ਸਰਕਾਰ ਨੇ ਘਟੀਆ ਨੀਤੀਆਂ ਅਪਣਾ ਕੇ ਵੇਖ ਲਈਆਂ ਹਨ ਪਰ ਜਿੱਤਣ ਵਾਲੇ ਜਦੋਂ ਤੁਰ ਪੈਣ ਉਨ੍ਹਾਂ ਦੀ ਨਿਗ੍ਹਾ ਸਿੱਧੀ ਅਰਜੁਨ ਦੀ ਮੱਛੀ ਦੀ ਅੱਖ ਵੱਲ ਹੁੰਦੀ ਹੈ ਅਜਿਹੀਆਂ ਘਟੀਆ ਨੀਤੀਆਂ ਦਾ ਕੋਈ ਅਸਰ ਨਹੀਂ ਪੈਂਦਾ।ਘਣੀ ਸਰਦੀ ਵਿਚ ਜਨ ਮੋਰਚਾ ਹਿੱਲਿਆ ਨਹੀਂ ਹੁਣ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ,ਜੇਠ ਹਾੜ੍ਹ ਵਿੱਚ ਦਾਤੀ ਨਾਲ ਕਣਕਾਂ ਵੱਢਣ ਵਾਲੇ ਯੋਧੇ ਗਰਮੀ ਨੂੰ ਕੀ ਸਮਝਦੇ ਹਨ।ਜਿਵੇਂ ਜਿਵੇਂ ਮੋਰਚਾ ਲੰਮਾ ਹੁੰਦਾ ਜਾ ਰਿਹਾ ਹੈ ਉਸ ਨਾਲ ਮੋਰਚਾਕਾਰੀਆਂ ਨੂੰ ਹੋਰ ਅਗਾਂਹ ਵਧੂ ਸਬਕ ਮਿਲ ਰਹੇ ਹਨ।ਇਸ ਮੋਰਚੇ ਦੀ ਸਾਰਥਿਕ ਰੂਪ ਵਿਚ ਤਸਵੀਰ ਵੇਖ ਕੇ ਵਿਦੇਸੀ ਕਿਸਾਨ ਮਜ਼ਦੂਰ ਵੀ ਜਾਗ ਉੱਠੇ ਹਨ।
ਜਿੱਤ ਦੀਆਂ ਨਿਸ਼ਾਨੀਆਂ- ਪੰਜਾਬ ਸਰਕਾਰ ਨੇ ਨਗਰਪਾਲਿਕਾ ਦੀਆਂ ਚੋਣਾਂ ਦਾ ਸੱਪ ਛੱਡ ਕੇ ਵੇਖ ਲਿਆ,ਹੁਣ ਲਾਕ ਡਾਊਨ ਦਾ ਰਾਗ ਅਲਾਪ ਰਹੀ ਸੀ,ਪਰ ਜਨ ਮੋਰਚੇ ਤੇ ਕੋਈ ਅਸਰ ਨਾ ਹੁੰਦਾ ਵੇਖ ਕੇ ਚੁੱਪ ਧਾਰ ਲਈ ਹੈ।ਗਵਾਂਢੀ ਰਾਜਾਂ ਦੀਆਂ ਖਾਪ ਪੰਚਾਇਤਾਂ ਰਾਜਨੀਤਕ ਨੇਤਾਵਾਂ ਨੂੰ ਕਰੜੇ ਹੱਥੀਂ ਲੈ ਰਹੀਆਂ ਹਨ ਜੋ ਜਿੱਤਦਾ ਮੁੱਖ ਨਿਸਾਨ ਹੈ।ਜਾਨ ਮੋਰਚੇ ਨੇ ਸੌ ਦਿਨਾਂ ਵਿੱਚ ਪੂਰੀ ਦੁਨੀਆਂ ਨੂੰ ਜਗਾ ਕੇ ਰੱਖ ਦਿੱਤਾ ਹੈ ਕੇਂਦਰ ਸਰਕਾਰ ਕਿਹੜੇ ਬਾਗ਼ ਦੀ ਮੂਲੀ ਹੈ।ਉਹ ਦਿਨ ਦੂਰ ਨਹੀਂ ਜਦੋਂ ਜਨ ਮੋਰਚੇ ਦੇ ਸਾਹਮਣੇ ਸਰਕਾਰ ਹਥਿਆਰ ਸੁੱਟ ਕੇ ਕਾਲੇ ਕਾਨੂੰਨ ਵਾਪਸ ਲੈ ਲਵੇਗੀ।
ਪਰ ਆਜ਼ਾਦੀ ਤੋਂ ਬਾਅਦ ਦੀ ਸਾਡੀ ਸੁੱਤੀ ਜਨਤਾ ਨੂੰ ਜਾਗ ਜਾਣਾ ਚਾਹੀਦਾ ਹੈ,ਰਾਜਨੀਤਕ ਪਾਰਟੀਆਂ ਇੱਕੋ ਹੀ ਚੱਟੇ ਵੱਟੇ ਦੇ ਰੂਪ ਹਨ ਬੋਤਲ ਬਦਲ ਜਾਂਦੀ ਹੈ ਸ਼ਰਾਬ ਉਹੋ ਹੀ ਹੁੰਦੀ ਹੈ।ਜਨ ਮੋਰਚੇ ਵਿੱਚ ਰਾਜਨੀਤਕ ਪਾਰਟੀਆਂ ਨੂੰ ਸਾਡੇ ਯੋਧਿਆਂ ਨੇ ਸਟੇਜ ਤੇ ਨਹੀਂ ਚੜ੍ਹਨ ਦਿੱਤਾ ਫਿਰ ਅਗਲੀਆਂ ਆਉਂਦੀਆਂ ਚੋਣਾਂ ਵਿਚ ਕੁਰਸੀ ਤੇ ਆਪਾਂ ਕਿਉਂ ਚਡ਼੍ਹਨ ਦੇਈਏ।ਸਾਡੇ ਤਜਰਬੇਕਾਰ ਜਨ ਮੋਰਚੇ ਦੇ ਮੋਢੀ ਕੀ ਸਰਕਾਰ ਦੀ ਕਮਾਂਡ ਨਹੀਂ ਸੰਭਾਲ ਸਕਦੇ,ਸਾਨੂੰ ਸਾਰਥਕ ਰੂਪ ਵਿਚ ਸੋਚਣਾ ਪਵੇਗਾ ਨਹੀਂ ਤਾਂ ਇਸੇ ਤਰ੍ਹਾਂ ਮੋਰਚੇ ਲਗਾਉਣੇ ਪੈਂਦੇ ਰਿਹਾ ਕਰਨਗੇ।
ਰਮੇਸ਼ਵਰ ਸਿੰਘ
ਸੰਪਰਕ ਨੰਬਰ- 9914880392