(ਸਮਾਜ ਵੀਕਲੀ)
ਸਾਡੀ ਜ਼ਿੰਦਗੀ ‘ਚ ਅਨੇਕਾਂ ਹੀ ਤਰਾਂ ਦੀਆਂ ਖੁਸ਼ੀਆਂ ਗਮੀਆਂ,ਉਤਾਰ ਤੇ ਚੜ੍ਹਾਅ ਆਉਂਦੇ ਹਨ। ਜਦੋ ਕੀਤੇ ਸਾਡੀ ਜ਼ਿੰਦਗੀ ਵਿਚ ਖੁਸ਼ੀਆਂ ਆਉਂਦੀਆਂ ਹਨ ਤਾਂ ਸਾਡੇ ਚਿਹਰੇ ਵੀ ਖਿੱਲ ਉਠਦੇ ਨੇ ਅਗਰ ਇਸ ਤੋਂ ਉਲਟ ਸਾਡੀ ਜ਼ਿੰਦਗੀ ‘ਚ ਕਿੱਧਰੇ ਗਮੀਆਂ ਆ ਜਾਣ ਤੇ ਸਾਡੇ ਚਿਹਰੇ ਵੀ ਮੁਰਝਾ ਜਾਂਦੇ ਹਨ। ਜਿਸ ਕਾਰਨ ਅਸੀਂ ਤਣਾਅ ਵਿਚ ਰਹਿਣ ਲੱਗ ਜਾਂਦੇ ਹਾਂ ਨਤੀਜਾ ਵਜੋਂ ਅਸੀਂ ਫੇਰ ਖੁਦ ਹੀ ਕਈ ਬਿਮਾਰੀਆਂ ਨੂੰ ਸੱਦਾ ਦੇਂਦੇ ਹਾਂ।
ਇਹੀ ਅਗਰ ਅਸੀਂ ਖੁਸ਼ ਰਹੀਏ ਤਾਂ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਵੀ ਆਪਣਾ ਛੁਟਕਾਰਾ ਪਾ ਸਕਦੇ ਹਾਂ ਜਿਹਦੇ ਲਈ ਸਾਨੂੰ ਸਿਰਫ ਆਪਣੇ ਚਿਹਰੇ ਤੇ ਸਿਰਫ ਹਾਸਾ ਹੀ ਲਿਆਉਣਾ ਪਊਗਾ। ਇਹਦੇ ਲਈ ਸਾਨੂੰ ਹਰ ਨਿੱਕੀ ਵੱਡੀ ਗੱਲ ਵਿਚੋਂ ਖੁਸ਼ੀਆਂ ਲੱਭਣ ਦੀ ਜਰੂਰਤ ਹੈ ਜਿਸ ਨਾਲ ਸਾਡੇ ਚਿਹਰੇ ਤੇ ਹਾਸਾ ਤੇ ਖੁਸ਼ੀ ਦੋਵੇਂ ਹੀ ਨਜਰ ਆਉਣਗੇ। ਹਸਣ ਹਸਾਉਣ ਲਈ ਅਨੇਕ ਤਰ੍ਹਾਂ ਦੇ ਚੁਟਕੁਲੇ ਕਾਮੇਡੀ ਸ਼ੋ ਵੀ ਚਲ ਰਹੇ ਹਨ ਇਸ ਤੋਂ ਇਲਾਵਾ ਸਾਡੀਆਂ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਵਿਚ ਵੀ ਹਾਸਾ ਮਿਲ ਜਾਂਦਾ ਹੈ।
ਆਪਣੀ ਜ਼ਿੰਦਗੀ ‘ਚ ਹਾਸਾ ਅਪਣਾਉਣਾ ਨਾਲ ਅਸੀਂ ਹਰ ਕਿਸੇ ਲਈ ਇਕ ਖਾਸ ਇੰਸਾਨ ਬਣ ਜਾਵਾਂਗੇ। ਹਾਸੇ ਨਾਲ ਅਸੀਂ ਕਿਸੇ ਨੂੰ ਵੀ ਆਪਣਾ ਦੋਸਤ ਬਣਾ ਸਕਦੇ ਹਾਂ ਅਤੇ ਕਿਸੇ ਰੋਂਦੇ ਹੋਏ ਨੂੰ ਹਸਾ ਵੀ ਸਕਦੇ ਹੋ। ਗਮ ਜਾਂ ਕਈ ਰੋਗਾਂ ਨੂੰ ਦੂਰ ਕਰਨਾ ਹੋਵੇ ਤਾਂ ਵੀ ਹਾਸਾ ਹੀ ਬਹੁਤ ਕੰਮ ਆਉਂਦਾ ਹੈ। ਹਾਸੇ ਨੇ ਤਾਂ ਯੋਗ ਅਤੇ ਮੈਡੀਕਲ ਖੇਤਰ ਨਾਲ ਵੀ ਆਪਣਾ ਹੱਥ ਮਿਲਾਇਆ ਹੋਇਆ ਹੈ। ਜਿਸ ਦੀ ਅਹਿਮੀਅਤ ਸਾਡੇ ਜੀਵਨ ‘ਚ ਹਮੇਸ਼ਾ ਬਣੀ ਰਹਿੰਦੀ ਹੈ। ਗਲੀ ਮੁਹੱਲਿਆਂ ਜਾ ਪਿੰਡਾਂ ਦੇ ਬਗੀਚੇ ‘ਚ ਸਵੇਰੇ ਸਵੇਰੇ ਜ਼ੋਰ-ਜ਼ੋਰ ਨਾਲ ਠਹਾਕੇ ਲਗਾ ਕੇ ਹੱਸਣ ਵਾਲਿਆਂ ਦੀ ਅੱਜਕਲ ਕੋਈ ਕਮੀ ਨਹੀਂ ਹੈ।
ਹਾਸੇ ਨਾਲ ਤਣਾਅ ਦੂਰ ਹੁੰਦਾ ਹੈ ਅਤੇ ਤਣਾਅ ਦੀ ਵਜ਼ਾ ਨਾਲ ਹੋਣ ਵਾਲੇ ਰੋਗ ਵੀ ਦੂਰ ਹੋ ਜਾਂਦੇ ਹਨ। ਅੱਜਕਲ ਤਾਂ ਕਈ ਸ਼ਹਿਰਾਂ ‘ਚ ਹਾਸਾ ਕਲੱਬ ਵੀ ਚੱਲ ਰਹੇ ਹਨ। ਹਾਸੇ ਨਾਲ ਵਿਅਕਤੀ ਨਾ ਸਿਰਫ ਸਿਹਤਮੰਦ ਰਹਿੰਦਾ ਹੈ ਬਲਕਿ ਉਸਦੀ ਉਮਰ ‘ਚ ਵੀ ਵਾਧਾ ਹੁੰਦਾ ਹੈ ਅਤੇ ਨਾਲ ਹੀ ਉਸ ਜਿੰਦਗੀ ਵਿਚ ਵੀ ਤਬਦੀਲੀ ਆਉਂਦੀ ਹੈ। ਇਨਸਾਨ ਹੱਸਣ ਨਾਲ ਚੁਸਤ ਤੇ ਸਕਾਰਾਤਮਕ ਸੋਚ ਵਾਲਾ ਹੋ ਜਾਂਦਾ ਹੈ। ਹਾਸਾ ਤਾਂ ਕੁਦਰਤ ਵੱਲੋਂ ਮਨੁੱਖ ਨੂੰ ਦਿੱਤੀ ਗਈ ਸਭ ਤੋਂ ਵੱਡੀ ਅਣਮੋਲ ਦਾਤ ਹੈ। ਹੱਸਣ ਨਾਲ ਜਿਥੇ ਸਾਡਾ ਸ਼ਰੀਰ ਫਿੱਟ ਰਿਹੰਦਾ ਹੈ ਉਥੇ ਹੀ ਅਸੀਂ ਆਪਣੇ ਮੁਸਕਾਨ ਵਾਲ਼ੇ ਚਿਹਰੇ ਤੋਂ ਕਈਆਂ ਦੇ ਦਿਲ ਵੀ ਜਿੱਤ ਲੈਂਦੇ ਹਾਂ।
ਇਥੋਂ ਤਕ ਕਿ ਹਸਣ ਵਾਲਾ ਚਿਹਰਾ ਤਾਂ ਕਿਸੇ ਤੋਂ ਵੀ ਆਪਣਾ ਕੋਈ ਵੀ ਕੰਮ ਕਰਵਾ ਸਕਦਾ ਹੈ। ਹਸਣ ਹਸਾਉਣ ਨਾਲ ਜਿਥੇ ਅਸੀਂ ਖੁੱਦ ਵੀ ਖੁਸ਼ ਰਹਿੰਦੇ ਹਾਂ ਉਥੇ ਹੀ ਸਾਡੇ ਸਕੇ ਸੰਬੰਧੀ, ਘਰ ਬਾਰ ਰਿਸ਼ਤੇਦਾਰ ਤੇ ਵੀ ਸਾਡਾ ਬਹੁਤ ਚੰਗਾ ਪ੍ਰਭਾਵ ਪੈਂਦਾ ਹੈ। ਹਸਿਆ ਵੀ ਤਾਹੀਂ ਜਾਂਦਾ ਹੈ ਜਦੋ ਅਸੀਂ ਅੰਦਰੋਂ ਖੁਸ਼ ਹੁੰਦੇ ਹਾਂ ਤੇ ਸਾਡੀ ਖੁਸ਼ੀ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਪ੍ਰਤੀ ਕਿਹੋ ਜਿਹਾ ਰਵੱਈਆ ਅਖਤਿਆਰ ਕੀਤਾ ਹੋਇਆ ਹੈ। ਜਿਹੜੇ ਇਨਸਾਨ ਜ਼ਿੰਦਗੀ ਨੂੰ ਹੱਸ ਕੇ ਜਿਊਂਦੇ ਹਨ, ਉਨ੍ਹਾਂ ਦੀ ਜ਼ਿੰਦਗੀ ਆਪਣੇ ਆਪ ਹੀ ਲੀਹ ‘ਤੇ ਆ ਜਾਂਦੀ ਹੈ ।
ਹਰ ਵੇਲੇ ਖ਼ੁਸ਼ ਰਹਿਣਾ ਤੇ ਖੁਸ਼ੀ-ਖੁਸ਼ੀ ਆਪਣੇ ਕੰਮ ਨੂੰ ਕਰਨ ਵਾਲਾ ਇਨਸਾਨ ਕਦੇ ਵੀ ਉਦਾਸ ਨਹੀਂ ਹੋ ਸਕਦਾ। ਕਈ ਵਾਰ ਖੁਸ਼ ਰਹਿਣ ਵਾਲੇ ਇਨਸਾਨ ਦੇ ਜੀਵਨ ਵਿੱਚ ਕਦੇ ਮੁਸ਼ਕਲਾਂ ਆ ਵੀ ਜਾਣ ਤੇ ਉਹ ਉਨ੍ਹਾਂ ਸਭ ਮੁਸ਼ਕਲਾਂ ਤੋਂ ਵੀ ਖੁਸ਼ੀ ਖੁਸ਼ੀ ਪਾਰ ਹੋ ਜਾਂਦਾ ਹੈ। ਇਨ੍ਹਾਂ ਮੁਸ਼ਕਲਾਂ ਤੋਂ ਪਾਰ ਹੋ ਜਾਣ ਲਈ ਦ੍ਰਿੜ੍ਹ ਇਰਾਦੇ ਤੇ ਅੰਦਰਲੀ ਸੂਝ ਬੂਝ ਦੀ ਜ਼ਰੂਰਤ ਪੈਂਦੀ ਹੈ। ਕੋਈ ਵੀ ਮੁਸ਼ਕਲ ਅਜਿਹੀ ਨਹੀਂ ਹੁੰਦੀ ਜਿਸ ਨੂੰ ਤੁਸੀਂ ਕਦੇ ਹੱਲ ਨਾ ਕਰ ਸਕੋ। ਮੁਸ਼ਕਲਾਂ ਪ੍ਰਤੀ ਤੁਹਾਡਾ ਰਵੱਈਆ ਹੀ ਤੁਹਾਡੀ ਮੁਸ਼ਕਲ ਨੂੰ ਹੱਲ ਕਰਦਾ ਹੈ। ਕਿਸੇ ਵੀ ਮੁਸ਼ਕਲ ਤੋਂ ਪਾਰ ਜਾਣ ਲਈ ਇਹ ਜ਼ਰੂਰੀ ਹੈ ਉਸ ਮੁਸ਼ਕਲ ਨੂੰ ਹੱਲ ਕਰਨ ਲਈ ਅਸੀਂ ਪਹਿਲਾਂ ਆਪਣੇ ਮਨ ਨੂੰ ਖੁਸ਼ ਰਖੀਏ ਤਾਂ ਹੱਲ ਆਪਣੇ ਆਪ ਹੀ ਨਿਕਲ ਆਉਂਦਾ ਹੈ।
ਕਈ ਵਾਰ ਜ਼ਿੰਦਗੀ ਇਨਸਾਨ ਦੀ ਪ੍ਰੀਖਿਆ ਲੈਂਦੀ ਹੈ। ਜਦੋਂ ਇਨਸਾਨ ਦਾ ਮਨ ਅੰਦਰੋਂ ਗੁਲਾਬ ਦੇ ਫੁੱਲ ਵਾਂਗ ਖਿੜਿਆ ਹੋਵੇ ਤਾਂ ਮਨ ਦੀਆਂ ਸਭ ਗੁੰਝਲਾਂ ਵੀ ਆਪੇ ਹੀ ਖੁੱਲ੍ਹ ਜਾਂਦੀਆਂ ਹਨ। ਜ਼ਿੰਦਗੀ ਦਾ ਅਸਲ ਰਾਹ, ਹੰਸਣਾ, ਮੁਸਕਰਾਉਣਾ ਤੇ ਖੁਸ਼ ਰਹਿਣਾ ਹੈ। ਜਿਹੜਾ ਇਨਸਾਨ ਹੱਸਣਾ, ਮੁਸਕਰਾਉਣਾ ਤੇ ਖੁਸ਼ ਰਹਿਣਾ ਸਿੱਖ ਲੈਂਦਾ ਹੈ ਉਹ ਜ਼ਿੰਦਗੀ ਜਿਊਣ ਦਾ ਹੁਨਰ ਵੀ ਸਿੱਖ ਲੈਂਦਾ ਹੈ। ਧੁੱਪਾਂ ਤੇ ਛਾਵਾਂ ਮਾਣਦੀ ਇਹ ਜ਼ਿੰਦਗੀ ਆਪਣੀ ਰਫ਼ਤਾਰ ਨਾਲ ਤੁਰੀ ਜਾਂਦੀ ਹੈ। ਬਸ ਵੇਖਣਾ ਹੈ ਕਿ ਤੁਸੀਂ ਇਸ ਜ਼ਿੰਦਗੀ ਦੀ ਰਫ਼ਤਾਰ ਨੂੰ ਕਿਵੇਂ ਕਾਇਮ ਰੱਖ ਸਕਦੇ ਹੋ। ਹੱਸਦੇ, ਮੁਸਕਰਾਉਂਦੇ ਤੇ ਗਾਉਂਦੇ ਜ਼ਿੰਦਗੀ ਦਾ ਸਵਰ ਜਾਰੀ ਰੱਖ। ਮੰਜ਼ਿਲ ਤੁਹਾਡੇ ਪੈਰ ਚੁੰਮ ਲਵੇਗੀ।
ਇਸ ਲਈ ਆਪਣੇ ਅੰਦਰ ਹਮੇਸ਼ਾ ਨਿਮਰਤਾ, ਸਹਿਣਸ਼ੀਲਤਾ ਤੇ ਹਉਮੈ ਤੋਂ ਮੁਕਤ ਹੋ ਕੇ ਮਿੱਠੇ ਖੁਸ਼ ਨੁਮਾਂ ਬੋਲਾਂ ਨਾਲ ਵਿਵਹਾਰ ਕਰਨਾ ਸਿੱਖੋ। ਪਰ ਅਜਿਹੇ ਗੁਣ ਕਿਸੇ ਵਿਰਲਿਆਂ ਦੇ ਹੀ ਹਿੱਸੇ ਆਉਂਦੇ ਹਨ, ਸਾਡੇ ਮਿੱਠੇ ਬੋਲਾਂ ਅਤੇ ਹਸਦੇ ਮੁਸਕਰਾਉਂਦੇ ਚਿਹਰੇ ਵਿਚ ਪੱਥਰ ਨੂੰ ਵੀ ਮੋਮ ਕਰਨ ਦੀ ਜਿਥੇ ਸ਼ਕਤੀ ਹੁੰਦੀ ਹੈ ਓਥੇ ਹੀ ਦੂਜੇ ਪਾਸੇ ਸਾਡੇ ਵਲੋਂ ਬੋਲੇ ਗਏ ਕੌੜੇ ਬੋਲ ਦੇ ਤਿੱਖੇ ਤੀਰ ਕਿਸੇ ਦੇ ਹਿਰਦੇ ਨੂੰ ਤਲਵਾਰ ਦੇ ਫੁੱਟ ਤੋਂ ਵੀ ਗਹਿਰਾ ਫੱਟ ਦੇ ਦੇਂਦੇ ਹਨ। ਇਸ ਲਈ ਹਮੇਸ਼ਾ ਖੁਸ਼ ਰਹੋ,ਹਸਦੇ ਵਸਦੇ ਰਹੋ ਅਤੇ ਜਿੰਦਗੀ ਦਾ ਆਨੰਦ ਮਾਣਦੇ ਹੋਏ ਲੋਕਾਂ ਨੂੰ ਵੀ ਖੁਸ਼ ਰੱਖਦੇ ਹੋਏ ਦਿਲ ਜਿੱਤਦੇ ਜਾਓ। ਕਿਉਂਕਿ ਖੁਸ਼ੀਆਂ ਵੰਡਾਂਗੇ ਤਾਂ ਹੀ ਹਾਸੇ ਉਗਣਗੇ।
ਬਲਦੇਵ ਸਿੰਘ ਬੇਦੀ
ਜਲੰਧਰ
9041925181