ਸਾਂਝਾ ਕਾਵਿ-ਸੰਗ੍ਰਹਿ ‘ਖੇਤਾਂ ਦੇ ਪੁੱਤ ਜਾਗ ਪਏ’ ਹੋਇਆ ਲੋਕ ਅਰਪਣ
ਸੰਗਰੂਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)- ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਕਾਮਰੇਡ ਤੇਜਾ ਸਿੰਘ ਸੁਤੰਤਰ ਭਵਨ ਸੰਗਰੂਰ ਵਿਖੇ ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਕੁਰੂਕਸ਼ੇਤਰ ਯੂਨੀਵਰਸਿਟੀ ਦੀ ਪ੍ਰਧਾਨਗੀ ਵਿੱਚ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਭਾ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਰਾਜਨ ਵੱਲੋਂ ਸੰਪਾਦਿਤ ਸਭਾ ਦਾ ਸਾਂਝਾ ਕਾਵਿ-ਸੰਗ੍ਰਹਿ ‘ਖੇਤਾਂ ਦੇ ਪੁੱਤ ਜਾਗ ਪਏ’ ਲੋਕ ਅਰਪਣ ਕੀਤਾ ਗਿਆ।
ਇਸ ਸਮਾਗਮ ਵਿੱਚ ‘ਕਿਸਾਨ ਅੰਦੋਲਨ ਅਤੇ ਸਾਹਿਤਕ ਸਿਰਜਣਾ’ ਵਿਸ਼ੇ ’ਤੇ ਵਿਚਾਰ-ਚਰਚਾ ਵੀ ਕਰਵਾਈ ਗਈ, ਜਿਸ ਦੇ ਆਰੰਭ ਵਿੱਚ ਉੱਘੇ ਨਾਵਲਕਾਰ ਮਿੱਤਰ ਸੈਨ ਮੀਤ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਕਿਹਾ ਕਿ ਕਿਸਾਨ ਅੰਦੋਲਨ ਦੇ ਵਿਆਪਕ ਪ੍ਰਭਾਵ ਨੇ ਸਮਕਾਲੀ ਸਾਹਿਤ ਨੂੰ ਜੁਝਾਰੂ ਰੰਗ ਵਿੱਚ ਰੰਗ ਦਿੱਤਾ ਹੈ ਅਤੇ ਤਸੱਲੀ ਵਾਲੀ ਗੱਲ ਹੈ ਕਿ ਵੱਡੀ ਗਿਣਤੀ ਵਿੱਚ ਕਲਮਕਾਰ ਇਸ ਅੰਦੋਲਨ ਵਿੱਚ ਪ੍ਰਤੱਖ ਰੂਪ ਵਿੱਚ ਕੁੱਦੇ ਹੋਏ ਹਨ। ਸਾਹਿਤ ਅਕੈਡਮੀਆਂ ਅਤੇ ਭਾਸ਼ਾ ਵਿਭਾਗ ਵੱਲੋਂ ਦਿੱਤੇ ਜਾਂਦੇ ਸਨਮਾਨਾਂ ਦੀ ਵਿਸਥਾਰਪੂਰਬਕ ਚਰਚਾ ਕਰਦਿਆਂ ਉਨ੍ਹਾਂ ਨੇ ਕਿਹਾ ਇਸ ਮਾਮਲੇ ਵਿੱਚ ਵੱਡੇ ਪੱਧਰ ’ਤੇ ਕੀਤੇ ਜਾਂਦੇ ਜੁਗਾੜ ਸਾਹਮਣੇ ਆ ਰਹੇ ਹਨ ਅਤੇ ਇਸ ਦੇ ਖ਼ਿਲਾਫ਼ ਸਾਹਿਤ ਸਭਾਵਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਸਭਾ ਦੇ ਸਰਪ੍ਰਸਤ ਪ੍ਰੋ. ਨਰਿੰਦਰ ਸਿੰਘ ਨੇ ਪੁਸਤਕ ਸਬੰਧੀ ਲਿਖੇ ਆਪਣੇ ਖੋਜਪੂਰਨ ਪਰਚੇ ਵਿੱਚ ਕਿਹਾ ਕਿ ਰਜਿੰਦਰ ਸਿੰਘ ਰਾਜਨ ਵੱਲੋਂ ਸੁਚੱਜੇ ਢੰਗ ਨਾਲ ਕੀਤੀ ਗਈ ਪੁਸਤਕ ਦੀ ਸੰਪਾਦਨਾ ਵਿੱਚ ਰਚਨਾਵਾਂ ਦੇ ਮਿਆਰ ਅਤੇ ਪੱਧਰ ਦਾ ਵਿਸ਼ੇਸ਼ ਖ਼ਿਆਲ ਰੱਖਦਿਆਂ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤਾ ਹੈ। ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਕਿਸਾਨ ਅੰਦੋਲਨ ਬਾਰੇ ਕਿਤਾਬ ਪ੍ਰਕਾਸ਼ਿਤ ਕਰਵਾਉਣ ਵਿੱਚ ਪਹਿਲ ਕਰਨ ਕਰਕੇ ਮਾਲਵਾ ਲਿਖਾਰੀ ਸਭਾ ਸੰਗਰੂਰ ਸੱਚਮੁੱਚ ਵਧਾਈ ਦੀ ਹੱਕਦਾਰ ਹੈ। ਡਾ. ਦਵਿੰਦਰ ਕੌਰ ਐਡਵੋਕੇਟ ਨੇ ਕਿਹਾ ਕਿ ਰਜਿੰਦਰ ਸਿੰਘ ਰਾਜਨ ਵੱਲੋਂ ਸੰਪਾਦਿਕ ਕੀਤੀ ਇਹ ਪੁਸਤਕ ਹੋਰਨਾਂ ਸਭਾਵਾਂ ਨੂੰ ਵੀ ਅਜਿਹਾ ਕਰਨ ਲਈ ਉਤਾਸ਼ਾਹਿਤ ਕਰਨ ਦਾ ਕਲਿਆਣਕਾਰੀ ਕਾਰਜ ਕਰੇਗੀ।
ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਯਾਦਾਂ ਸਾਂਝੀਆਂ ਕਰਦਿਆਂ ਰਜਿੰਦਰ ਸਿੰਘ ਰਾਜਨ ਨੇ ਕਿਹਾ ਕਿਸਾਨ ਅੰਦੋਲਨ ਸਬੰਧੀ ਪੁਸਤਕ ਸੰਪਾਦਿਤ ਕਰਨ ਦਾ ਮਿਲਿਆ ਮੌਕਾ ਉਨ੍ਹਾਂ ਲਈ ਬੇਹੱਦ ਖ਼ੁਸ਼ੀ ਅਤੇ ਮਾਣ ਵਾਲੀ ਗੱਲ ਹੈ। ਇਸ ਮੌਕੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫ਼ੁੱਲਤਾ ਲਈ ਪਾਏ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੇ ਆਰੰਭ ਵਿੱਚ ਵਿੱਛੜ ਚੁੱਕੇ ਗਾਇਕ ਸਰਦੂਲ ਸਿਕੰਦਰ, ਲੇਖਕ ਜਗਜੀਤ ਜ਼ੀਰਵੀ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦਾਤਾਰ ਸਿੰਘ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸਰਬਸੰਮਤੀ ਨਾਲ ਪਾਸ ਕੀਤੇ ਗਏ ਇੱਕ ਮਤੇ ਵਿੱਚ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਸਰਕਾਰੀ ਹਦਾਇਤਾਂ ਦੀ ਪ੍ਰਵਾਹ ਨਾ ਕਰਦਿਆਂ ਆਪਣਾ ਦਫ਼ਤਰੀ ਕੰਮ-ਕਾਜ ਅੰਗਰੇਜ਼ੀ ਵਿੱਚ ਜਾਰੀ ਰੱਖਣ ਦੀ ਨਿਖੇਧੀ ਕੀਤੀ ਗਈ।
ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਕੁਲਵੰਤ ਖਨੌਰੀ ਨੇ ਗੀਤ ‘ਅੱਛੇ ਦਿਨਾਂ ਦਾ ਲਾਰਾ ਲਾਇਆ’, ਜਸਵੰਤ ਸਿੰਘ ਅਸਮਾਨੀ ਨੇ ਗੀਤ ‘ਮਾਂ ਬੋਲੀ ਦੇ ਸਿਰ ’ਤੇ ਤਾਜ ਸਜਾਉਣਾ’, ਮੂਲ ਚੰਦ ਸ਼ਰਮਾ ਨੇ ਗੀਤ ‘ਇੱਕ ਦਿਨ ਮੇਰੀ ਮਾਂ ਬੋਲੀ ਮੇਰੇ ਸੁਪਨੇ ਦੇ ਵਿੱਚ ਆਈ’, ਕੁਲਵੰਤ ਕਸਕ ਨੇ ਗ਼ਜ਼ਲ ‘ਮੇਰੀ ਪੰਜਾਬੀ ਮਾਂ ਬੋਲੀ ਦੀ ਹੋਵੇ ਜੈ ਜੈਕਾਰ’, ਸੰਜੇ ਲਹਿਰੀ ਨੇ ਗ਼ਜ਼ਲ ‘ਪਿਆਰ ਮਨੁੱਖਤਾ ਦਾ’, ਰਣਜੀਤ ਆਜ਼ਾਦ ਕਾਂਝਲਾ ਨੇ ਗੀਤ ‘ਡਟ ਜਾਂਦੇ ਯੋਧੇ ਜਿੱਥੇ ਝੰਡੇ ਗੱਡਦੇ’, ਦਲਬਾਰ ਸਿੰਘ ਨੇ ਗੀਤ ‘ਪੰਗਾ ਮੋਦੀ ਨੇ ਕਸੂਤਾ ਲੈ ਲਿਆ’, ਡਾ. ਮਨਜਿੰਦਰ ਸਿੰਘ ਨੇ ਗ਼ਜ਼ਲ ‘ਨਫ਼ਰਤ ਮਿਟਾਓ ਦੋਸਤੋ’, ਦਿਲਬਾਗ ਸਿੰਘ ਨੇ ਗੀਤ, ਸੁਖਵਿੰਦਰ ਸਿੰਘ ਲੋਟੇ ਨੇ ਗ਼ਜ਼ਲ ‘ਲੋਕਾਂ ਦਾ ਰੁਜ਼ਗਾਰ ਕਿਸਾਨਾਂ ਕਰਕੇ ਹੈ’, ਜੱਗੀ ਮਾਨ ਨੇ ਗ਼ਜ਼ਲ, ਜਤਿੰਦਰਪਾਲ ਸਿੰਘ ਨੇ ਕਵਿਤਾ, ਕਰਮ ਸਿੰਘ ਜ਼ਖ਼ਮੀ ਨੇ ਗ਼ਜ਼ਲ ‘ਛੰਦਾਂ-ਰਾਗਾਂ ਨਾਲ ਸ਼ਿੰਗਾਰੀ ਮਾਂ ਬੋਲੀ ਪੰਜਾਬੀ’, ਜਗਜੀਤ ਸਿੰਘ ਲੱਡਾ ਨੇ ਗੀਤ ‘ਰੁਕ ਜਾ ਤੂੰ ਪਟਰੌਲ ਸਿਆਂ ਕਿਉਂ ਰੇਸ ਫੜੀ ਐ’, ਜੰਗੀਰ ਸਿੰਘ ਰਤਨ ਨੇ ਗੀਤ ‘ਬਾਜ਼ਾਂ ਨੂੰ ਕਹੋ ਕਿ ਹੁਣ ਬਾਜ ਆਵਣ ਕਿ ਚਿੜੀਆਂ ਨੇ ਚੁੰਝਾਂ ਪਾਣ ਲਾ ਲਈ ਹੈ’, ਰਮਨ ਸਿੰਗਲਾ ਨੇ ਹਿੰਦੀ ਕਵਿਤਾ, ਰਜਿੰਦਰ ਸਿੰਘ ਰਾਜਨ ਨੇ ਗੀਤ ‘ਖੇਤਾਂ ਦੇ ਪੁੱਤ ਜਾਗ ਪਏ’, ਸਾਹਿਲ ਭੱਲਾ, ਪੇਂਟਰ ਸੁਖਦੇਵ ਸਿੰਘ ਧੂਰੀ ਨੇ ਗੀਤ ‘ਸਭ ਸਾਹਿਬ ਦੇ ਰੰਗ ਨੇ’, ਸਤਪਾਲ ਸਿੰਘ ਲੌਂਗੋਵਾਲ ਕਿਸਾਨ ਦੇਸ਼ ਦਾ ਅੰਨਦਾਤਾ ਹੈ’, ਮੇਘ ਗੋਇਲ, ਸੁਖਵਿੰਦਰ ਕੌਰ ਸਿੱਧੂ ਨੇ ਗੀਤ ‘ਦਿੱਲੀ ਨੂੰ ਵਹੀਰਾਂ ਘੱਤੋ’, ਧਰਮਵੀਰ ਸਿੰਘ ਨੇ ਚੋਣਵੇਂ ਸ਼ਿਅਰ, ਸੁਰਿੰਦਰਪਾਲ ਸਿੰਘ ਸਿਦਕੀ ਨੇ ਪੰਜਾਬੀ ਭਾਸ਼ਾ ਬਾਰੇ ਗੀਤ, ਮੀਤ ਸਕਰੌਦੀ ਨੇ ਗੀਤ ‘ਖਾਲਸੇ ਦਾ ਰਾਜ ਖੁੱਸਿਆ ਹੁਣ ਖੁੱਸਣ ’ਤੇ ਆਈ ਸਰਦਾਰੀ’, ਭੋਲਾ ਸਿੰਘ ਸੰਗਰਾਮੀ ਨੇ ਇਨਕਲਾਬੀ ਗੀਚ, ਲਵਲੀ ਬਡਰੁੱਖਾਂ ਨੇ ਗੀਤ ‘ਤੈਨੂੰ ਦਿੱਲੀਏ ਘਚੋਰਨੇ ’ਚ ਵਾੜ ਕੇ ਹਟਾਂਗੇ’, ਗੁਰਮੀਤ ਸਿੰਘ ਸੋਹੀ ਨੇ ਗ਼ਜ਼ਲ ‘ਤੈਨੂੰ ਫੇਰ ਕਰਵਾ ਦਿੱਤਾ ਅਹਿਸਾਸਸ ਦਿੱਲੀਏ’, ਗੁਰਪ੍ਰੀਤ ਸਿੰਘ ਸਹੋਤਾ ਨੇ ਗੀਤ ‘ਸਾਡੀ ਮੰਜ਼ਿਲ ਹੈ ਇੱਕ ਮਿੱਤਰੋ’, ਗੋਬਿੰਦ ਸਿੰਘ ਤੂਰਬਨਜਾਰਾ ਨੇ ਗੀਤ ‘ਆਉਂਦੀਆਂ ਟਰਾਲੀਆਂ ਜਾਂਦੀਆਂ ਟਰਾਲੀਆਂ’, ਲਾਭ ਸਿੰਘ ਝੱਮਟ ਨੇਗੀਤ ‘ਮਹਿਮਾ ਰਵਿਦਾਸ ਭਗਤ ਦੀ’, ਜਗਜੀਤ ਕੌਰ ਢਿੱਲਵਾਂ ਨੇ ਗ਼ਜ਼ਲ ‘ਜੀਵਨ ਹੈ ਸੰਘਰਸ਼ ਨਿਰੰਤਰ’, ਸ਼ਿਵ ਕੁਮਾਰ ਅੰਬਾਲਵੀ ਨੇ ਗੀਤ ਸੁਣਾ ਕੇ ਹਿੱਸਾ ਲਿਆ। ਅੰਤ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਅਗਲੇ ਸਮਾਗਮ ਦੀ ਰੂਪ ਰੇਖਾ ਸਾਂਝੀ ਕੀਤੀ ਅਤੇ ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਨਿਭਾਈ।