ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਸਰਕਾਰ ਦਾ ਬਜਟ ਸੈਸ਼ਨ ਸ਼ੁਰੂ ਹੁੰਦੇ ਹੀ ਅੱਜ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਹੰਗਾਮਾ ਹੋਇਆ। ਉਧਰ, ਆਮ ਆਦਮੀ ਪਾਰਟੀ ਦੇ ਵਿਧਾਇਕ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿੱਚ ਸਾਈਕਲਾਂ ’ਤੇ ਵਿਧਾਨ ਸਭਾ ਪੁੱਜੇ। ਇਸ ਮੌਕੇ ‘ਆਪ’ ਵਿਧਾਇਕਾਂ ਨੇ ਕਾਂਗਰਸ ਸਰਕਾਰ ’ਤੇ ਕਥਿਤ ‘ਝੂਠੇ ਵਾਅਦਿਆਂ’ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ। ਰਾਜਪਾਲ ਦਾ ਭਾਸ਼ਣ ਸ਼ੁਰੂ ਹੋਣ ਤੋਂ ਪਹਿਲਾਂ, ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਅਕਾਲੀ ਵਿਧਾਇਕਾਂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ‘ਗਵਰਨਰ ਵਾਪਸ ਜਾਓ’ ਦੇ ਨਾਅਰੇ ਲਗਾਏ।
ਵਿਰੋਧੀ ਮੈਂਬਰਾਂ ਨੇ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਪੰਜਾਬ ਵਿਧਾਨ ਸਭਾ ਵਿੱਚ ਪਾਸ ਸੋਧ ਬਿਲ ਰਾਸ਼ਟਰਪਤੀ ਨੂੰ ਨਾ ਭੇਜਣ ਲਈ ਰਾਜਪਾਲ ਦੀ ਨਿਖੇਧੀ ਕੀਤੀ। ਨਵਜੋਤ ਸਿੰਘ ਸਿੱਧੁੂ ਅਤੇ ਪਰਗਟ ਸਿੰਘ ਸਮੇਤ ਕਾਂਗਰਸ ਦੇ 40 ਵਿਧਾਇਕ ਸਦਨ ਵਿੱਚ ਮੌਜੂਦ ਸਨ। ਜਿਵੇਂ ਹੀ ਰਾਜਪਾਲ ਨੇ ਬੋਲਣਾ ਸ਼ੁਰੂ ਕੀਤਾ, ਅਕਾਲੀ ਨਾਅਰੇ ਲਗਾਉਣ ਲੱਗੇ। ਅਕਾਲੀ ਵਿਧਾਇਕ ਰਾਜਪਾਲ ਖਿਲਾਫ਼ ਨਾਅਰੇ ਲਗਾਉਂਦੇ ਹੋਏ ‘ਵੈੱਲ ਆਫ ਦਿ ਹਾਊਸ’ ਤਕ ਪੁੱਜ ਗਏ।