“ਆਜ਼ਾਦੀ”

ਹਰਕਮਲ ਧਾਲੀਵਾਲ

(ਸਮਾਜ ਵੀਕਲੀ)

“14 ਅਗਸਤ 1947 ਦੀ ਉਹ ਕਾਲੀ ਰਾਤ ,ਜਿਹੜੀ ਰਾਤ ‘ਰਾਸ਼ਟਰੀ ਰੇਡੀਓ ਭਾਵ ਆਲ ਇੰਡੀਆ ਰੇਡੀਓ’ ਉੱਪਰ ਦੋ ਵੱਡੇ ਲੀਡਰਾਂ ਦੇ ਆਪਸੀ ਲਾਲਚੀ ਸਮਝੌਤਿਆਂ ਤਹਿਤ ਜਨਤਾ ਦੇ ਨਾਮ ਇਹ ਸੰਦੇਸ਼ ਦਿੱਤਾ ਗਿਆ ਕਿ ਅਜੋਕਾ ਹਿੰਦੁਸਤਾਨ ਹੁਣ ਅੰਗਰੇਜੀ ਹਕੂਮਤ ਤੋਂ ਹੁਣ ਆਜ਼ਾਦ ਹੋ ਚੁੱਕਿਆ ਹੈ,ਅਤੇ ਇੱਕ ਨਵਾਂ ਮੁੱਖ ਵਟਵਾਰੇ ਤਹਿਤ ਪਾਕਿਸਤਾਨ ਬਣਨ ਜਾ ਰਿਹਾ ਹੈ।ਜਿਸ ਨਾਲ ਆਪਣੀ ਮਰਜ਼ੀ ਤਹਿਤ ਮੁਸਲਿਮ ਖਿੱਤੇ ਦੇ ਲੋਕ ਪਾਕਿਸਤਾਨ ਜਾ ਸਕਦੇ ਹਨ,ਅਤੇ ਸਿੱਖ ਅਤੇ ਹਿੰਦੂ ਲੋਕ ਨਵੇਂ ਹਿੰਦੁਸਤਾਨ ਆ ਸਕਦੇ ਹਨ।ਪਰ! ਮਜ਼ਹਬੀ ਹਿੰਸਾ ਦੀ ਇਹ ਅੱਗ,ਇਹ ਅਖੌਤੀ ਆਜ਼ਾਦੀ ਇੱਕ ਅੱਗ ਵਾਂਗ ਫੈਲ ਗਈ।

ਲੱਖਾਂ ਲੋਕ ਜੋ ਇਸ ਆਜ਼ਾਦੀ ਦਾ ਸੁਪਨਾਂ ਦੇਖ ਰਹੇ ਸਨ,ਆਪਣੇ ਘਰ ਬਦਲਦੇ,ਮੁਲਖ ਬਦਲਦੇ ਸਮੇਂ ਆਪਸੀ ਹਿੰਸਾ ਦਾ ਸ਼ਿਕਾਰ ਹੋ ਗਏ।ਜਦਕਿ ਸੱਤਾ ਦੇ ਲਾਲਚੀ ਲੋਕ ਅੰਗਰੇਜਾਂ ਨਾਲੋਂ ਵੱਖਰੀ ਚਮੜੀ,ਅਤੇ ਆਪਣੇ ਵੱਖਰੇ ਕੱਪੜੇ ਪਹਿਨਕੇ ਲੋਕਾਂ ਨੂੰ ਲੁੱਟਦੇ ਰਹੇ।ਭਗਤ ਸਿੰਘ ਨੇ ਜਿਸ ਆਜ਼ਾਦੀ ਦਾ ਸੁਪਨਾ ਵੇਖਿਆ ਸੀ,ਉਹ ਇਹ ਆਜ਼ਾਦੀ ਨਹੀਂ ਸੀ।ਭਗਤ ਸਿੰਘ ਨੇ ਕਿਹਾ ਸੀ ਕਿ ‘ਆਜ਼ਾਦੀ ਬਾਅਦ ਇਹ ਅੰਗਰੇਜ ਤਾਂ ਚਲੇ ਜਾਣਗੇ,ਪਰ! ਅੰਗਰੇਜਾਂ ਬਾਅਦ ਜੋ ਕਾਲੇ ਅੰਗਰੇਜ ਹੋਣਗੇ, ਉਹ ਸਾਡੇ ਆਪਣੇ ਹੀ ਲਾਲਚੀ ਲੋਕ ਹੋਣਗੇ,ਜੋ ਸੱਤਾ ਦੀਆਂ ਰੋਟੀਆਂ ਸਾਡੀਆਂ ਬਲ਼ਦੀਆਂ ਚਿਖ਼ਾਵਾਂ ਉੱਪਰ ਸੇਕਦੇ ਰਹਿਣਗੇ। 26 ਜਨਵਰੀ 1950 ਨੂੰ ਡਾਕਟਰ ਬੀ ਆਰ ਅੰਬੇਦਕਰ ਨੇ ਭਾਰਤੀ ਸੰਵਿਧਾਨ ਲਾਗੂ ਕੀਤਾ ਜਿਸ ਤਹਿਤ ਉਨ੍ਹਾਂ ਨੇ ਇੱਕ ਦੂਰ ਅੰਦੇਸ਼ੀ ਸੋਚ ਤਹਿਤ ਆਮ ਲੋਕਾਂ ਨੂੰ ਅਧਿਕਾਰ ਦਿੱਤੇ ਅਤੇ ਕਨੂੰਨ ਲਿਖੇ।

ਭਰ ਇਹ ਕਨੂੰਨ ਅਤੇ ਅਧਿਕਾਰ ਸਫ਼ੇਦ ਹਾਥੀਆਂ ਦੇ ਵਾਂਗ ਹਨ।ਸਾਨੂੰ ਮਿਲੇ ਜਰੂਰ ਹਨ,ਪਰ! ਕਦੇ ਪੂਰਨ ਤੌਰ ‘ਤੇ ਲਾਗੂ ਹੀ ਨਹੀਂ ਹੋਏ। ਦਰਅਸਲ ਸਾਡੀ ਸੋਚ ਉੱਪਰ ਇਨ੍ਹਾਂ ਸੱਤਾਧਾਰੀ ਸ਼ਾਤਿਰ ਲੋਕਾਂ ਨੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਹੈ ।ਅੰਗਰੇਜਾਂ ਦੁਆਰਾ ਅਪਣਾਈ ਗਈ ‘ਪਾੜੋ ਅਤੇ ਰਾਜ ਕਰੋ’ ਦੀ ਨੀਤੀ ਇਹ ਕਾਲੇ ਅੰਗਰੇਜ ਵੀ ਆਪਣਾ ਰਹੇ ਹਨ ।ਸਾਨੂੰ ਧਰਮ,ਜਾਤ ਪਾਤ ਅਤੇ ਸੰਪਰਦਾਇਕਤਾ ਵਿੱਚ ਉਲਝਾਕੇ। 1947 ਤੋਂ ਹੁਣ ਤੱਕ ਆਈਆਂ ਸੱਤਾਧਾਰੀ ਸਰਕਾਰਾਂ ਨੇ ‘ਆਜ਼ਾਦ ਭਾਰਤ’ ਦਾ ਨਾਅਰਾ ਬੜੇ ਜ਼ੋਰ ਸ਼ੋਰ ਨਾਲ ਦਿੱਤਾ,ਪਰ! ਕੀ ਅਸੀਂ ਸੱਚ ਮੁੱਚ ਆਜ਼ਾਦ ਹਾਂ? ਕੀ ਅਸੀਂ ਗੁਲਾਮ ਨਹੀਂ ਹਾਂ? ਕੀ ਸਾਡੇ ਵਿਚਾਰ ਆਜ਼ਾਦ ਹਨ,ਕੀ ਸਾਡੀ ਸੋਚ ਆਜ਼ਾਦ ਹੈ,ਕੀ ਸਾਡੀਆਂ ਕਲਮਾਂ ਆਜ਼ਾਦ ਹਨ,ਕੀ ਸਾਡੀ ਪ੍ਰੈਸ ਆਜ਼ਾਦ ਹੈ,ਕੀ ਸਾਡਾ ਮੀਡੀਆ ਆਜ਼ਾਦ ਹੈ…?

ਜੇ ਹਾਂ ਤਾਂ ਕਿਉਂ ਆਮ ਲੋਕਾਂ ਦੀ ਆਵਾਜ਼ ਦਬਾਈ ਜਾ ਰਹੀ ਹੈ।ਕਿਉਂ ਰੋਹਿਤ ਵੇਮੁਲਾ ਵਰਗੇ ਹੋਣਹਾਰ ਵਿਦਿਆਰਥੀ ਨੂੰ ਆਵਾਜ਼ ਚੁੱਕਣ ਉੱਪਰ,ਖ਼ੁਦਕੁਸ਼ੀ ਲਈ ਮਜ਼ਬੂਰ ਕੀਤਾ ਗਿਆ। ਕਿਉਂ ਸਿੱਦਿੱਕੀ ਕੱਪਨ ਨਾਮ ਦੇ ਪੱਤਰਕਾਰ ਨੂੰ ਹਾਥਰਸ ਕਾਂਡ ਵਿੱਚ ਪੱਤਰਕਾਰੀ ਕਰਨ ਲਈ ਬਿਨ੍ਹਾਂ ਜਮਾਨਤੀ ਵਾਰੰਟ ਤਹਿਤ ਜੇਲ੍ਹ ਵਿੱਚ ਰੱਖਿਆ ਗਿਆ।ਜਿਸਨੇ ਨਿਰਪੱਖ ਅਤੇ ਸੱਚੀ ਪੱਤਰਕਾਰੀ ਕੀਤੀ ਸੀ,ਨਾ ਕਿ ਆਪਣੇ ਅਕਾਵਾਂ ਦੇ ਤਲਵੇ ਚੱਟੇ ਸੀ।ਕਿਹੜੇ ਜ਼ੁਰਮ ਤਹਿਤ ਦਿੱਲ੍ਹੀ ਦੀ ਫੈਕਟਰੀ ਵਿੱਚ ਨੌਕਰੀ ਅਤੇ ਸੰਘਰਸ਼ ਕਰਦੀ ‘ਨੌਦੀਪ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ।ਦਿੱਲ੍ਹੀ ਯੂਨੀਵਰਸਿਟੀ ਦੀ Ph.D ਦੀ ਇਸ ਵਿਦਿਆਰਥੀ ਅਤੇ ਮਜਦੂਰ ਸੰਘ ਦੀ ਮੈਂਬਰ ਨੂੰ ਇਸ ਲਈ ਗਿਰਫ਼ਤਾਰ ਕੀਤਾ ਗਿਆ ਕਿਉਂਕਿ ਉਸਨੇ ਮਜ਼ਦੂਰਾਂ ਦੇ ਹੱਕ ਵਿੱਚ ਆਵਾਜ਼ ਉਠਾਈ ਸੀ।

ਪੱਤਰਕਾਰ ਮਨਦੀਪ ਪੁਨੀਆਂ ਜੋ ਸਿੰਘੂ ਬਾਰਡਰ ਉੱਪਰ ਹੋ ਰਹੇ ਕਿਸਾਨੀ ਸੰਘਰਸ਼ ਦੀ ਨਿਰਪੱਖ ਪੱਤਰਕਾਰੀ ਕਰਨ ਦੇ ਜ਼ੁਰਮ ਤਹਿਤ ਗਿਰਫ਼ਤਾਰ ਕੀਤਾ ਗਿਆ,ਅਤੇ ਪੁਲਿਸ ਵੱਲੋਂ ਕੁੱਟਮਾਰ ਕੀਤੀ ਗਈ।ਅਜਿਹੇ ਹੀ ਮਾਮਲੇ ਵਿੱਚ ਵਾਤਾਵਰਨ ਬਚਾਓ ਮੁਹਿੰਮ ਦੀ ਮੈਂਬਰ ਦਿਸ਼ਾ ਰਵੀ ਵੱਲੋਂ ਕੀਤੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੇ ਕੀਤੇ ਇੱਕ ਟਵੀਟ ਨੇੰ, ਉਸ ਵਿਰੁੱਧ ਵੀ ਦੇਸ਼ ਧ੍ਰੋਹੀ ਹੋਣ ਦੇ ਵਰੰਟ ਜਾਰੀ ਹੋ ਗਏ।ਦਰਅਸਲ ਸੱਤਾਧਾਰੀ ਧਿਰ ਵੱਲੋਂ ਇਸ ਦੇਸ਼ ਦੀ ਨਿਆਂਪਾਲਿਕਾ ਨੂੰ ਆਪਣੇ ਹੱਥਾਂ ਦੀ ਕੱਠਪੁਤਲੀ ਬਣਾਇਆ ਗਿਆ ਹੈ,ਨਿਆਂਪਾਲਿਕਾ ਅਜਿਹੇ ਫੈਸਲਿਆਂ ਉੱਪਰ ਆਪਣੀ ਚੁੱਪ ਧੜਕੇ ਹੱਥ ਉੱਤੇ ਹੱਥ ਧਰਕੇ ਬੈਠੀ ਹੈ। ਅਜਿਹੇ ਲੋਕਤੰਤਰੀ ਰਾਸ਼ਟਰ ਵਿੱਚ ਲੋਕਾਂ ਦੀ ਆਵਾਜ਼ ਦਬਾਉਣ ਨੂੰ ਅਸੀਂ ਨਿਰਪੱਖ ਲੋਕਤੰਤਰ ਦਾ ਕਤਲ ਹੈ।

ਸਰਕਾਰੀ ਵਧੀਕੀਆਂ,ਤਾਨਾਸ਼ਾਹੀਆਂ ਖ਼ਿਲਾਫ਼ ਜੇਕਰ ਅਖ਼ਬਾਰ, ਚੈੱਨਲ ਆਵਾਜ਼ ਚੁੱਕਦਾ ਹੈ,ਤਾਂ ਉਸਨੂੰ ਬੰਦ ਕਰਵਾ ਦਿੱਤਾ ਜਾਂਦਾ ਹੈ। ਜੇ ਲੋਕ ਸੰਵਿਧਾਨਿਕ ਤਰੀਕੇ ਨਾਲ ਉਨ੍ਹਾਂ ਨਾਲ ਹੋ ਰਹੀਆਂ ਵਧੀਕੀਆਂ,ਸਰਕਾਰੀ ਤਾਨਾਸ਼ਾਹੀਆਂ ਅਤੇ ਸਰਕਾਰ ਦੁਆਰਾ ਥੋਪੇ ਗਏ ਲੋਕ ਮਾਰੂ ਫੈਸਲਿਆਂ ਦੇ ਵਿਰੋਧ ਵਿੱਚ ਆਵਾਜ਼ ਚੁੱਕਦੇ ਹਨ,ਜਾਂ ਪ੍ਰਦਰਸ਼ਨ ਕਰਦੇ ਹਨ,ਤਾਂ ਉਨ੍ਹਾਂ ਨੂੰ ਇਸ ਆਜ਼ਾਦ ਭਾਰਤ ਵਿੱਚ ਵੀ ਗੁਲਾਮ ਬਣਾਕੇ ਜਾਂ ਅੱਤਵਾਦੀ ਦਾ ਠੱਪਾ ਲਗਾਕੇ ਉਨਾਂ ਨੂੰ ਹਮੇਸ਼ਾਂ ਲਈ ਦਬਾਅ ਲਿਆ ਜਾਂਦਾ ਹੈ।ਸਾਨੂੰ ਸੰਵਿਧਾਨ ਨੇਂ ਵਿਚਾਰਕ ਅਧਿਕਾਰ ਦਿੱਤੇ ਹਨ,ਬੋਲਣ ਦੀ ਆਜ਼ਾਦੀ ਦਿੱਤੀ ਹੈ,ਸੰਵਿਧਾਨਿਕ ਰੂਪ ਵਿੱਚ ਵਿਰੋਧ ਕਰਨ ਦੀ ਆਜ਼ਾਦੀ ਦਿੱਤੀ ਹੈ।

ਪਰ! ਸਾਨੂੰ ਇਨ੍ਹਾਂ ਲਾਲਚੀ ਤਾਨਾਸ਼ਾਹ ਸਰਕਾਰਾਂ ਨੇ ਆਜ਼ਾਦੀ ਦੇ ਨਾਮ ‘ਤੇ ਅੱਜ ਤੱਕ ਦਿੱਤਾ ਕੀ ਹੈ,ਫੀਸ ਮਾਫ਼ੀ ਦੀਆਂ ਅਰਜ਼ੀਆਂ,Sc-BC ਦੇ ਸਰਟੀਫ਼ਿਕੇਟ, ਪੌਕਟਾਂ, ਕੁੰਜੀਆਂ,ਗਾਈਡਾਂ, Ak47ਆਂ, SLRਆਂ।ਸਾਡੇ ਉੱਪਰ ਇਹ ਜਾਅਲੀ ਆਜ਼ਾਦੀ ਥੋਪੀ ਗਈ, ਜਿਸ ਵਿੱਚ ਅਸੀਂ ਆਜ਼ਾਦ ਤਾਂ ਹਾਂ, ਪਰ! ਸਾਡੇ ਵਿਚਾਰ ਅੱਜ ਵੀ ਗੁਲਾਮ ਹਨ।ਅਸੀਂ ਆਜ਼ਾਦ ਤਾਂ ਹਾਂ, ਪਰ! ਸਾਡੀ ਕਲਮ ਅੱਜ ਵੀ ਗੁਲਾਮ ਹੈ,ਅਸੀਂ ਤਾਨਾਸ਼ਾਹੀ ਸਿਸਟਮ ਖ਼ਿਲਾਫ਼ ਨਾਂ ਕੁੱਝ ਬੋਲ ਸਕਦੇ ਹਾਂ, ਅਤੇ ਨਾਂ ਹੀ ਕੁੱਝ ਲਿਖ ਸਕਦੇ।ਕੀ ਭਗਤ ਸਿੰਘ ਨੇ ਅਜਿਹੀ ਆਜ਼ਾਦੀ ਦਾ ਸੁਪਨਾਂ ਦੇਖਕੇ ਫਾਂਸੀ ਦਾ ਰੱਸਾ ਚੁੰਮਿਆ ਸੀ,ਕਿ ਅਸੀਂ ਅੰਗਰੇਜਾਂ ਦੇ ਰਾਜ ਤੋਂ ਆਜ਼ਾਦ ਹੋ ਜਾਈਏ,ਪਰ! ਮਾਨਸਿਕ ਤੌਰ ਉੱਪਰ ਸਦਾ ਹੀ ਗੁਲਾਮ ਰਹੀਏ….!!”

ਹਰਕਮਲ ਧਾਲੀਵਾਲ
ਸੰਪਰਕ:- 8437403720

Previous articleਮਸਲਾ-ਏ-ਅਵਾਮ
Next articleਪਾਣੀ