ਲਖਨਊ (ਸਮਾਜ ਵੀਕਲੀ) : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਪੁਰਾਤਨ ਕਹਾਣੀਆਂ ਦੇ ‘ਹੰਕਾਰੀ ਰਾਜੇ’ ਨਾਲ ਕਰਦਿਆਂ ਅੱਜ ਕਿਹਾ ਉਹ ਸਮਝ ਨਹੀਂ ਰਹੇ ਕਿ ‘ਜਵਾਨ’, ਜੋ ਦੇਸ਼ ਦੀ ਰੱਖਿਆ ਕਰਦੇ ਹਨ, ਕਿਸਾਨਾਂ ਦੇ ਪੁੱਤਰ ਵੀ ਹਨ। ਮੁਜ਼ੱਫਰਨਗਰ ’ਚ ਮਹਾਪੰਚਾਇਤ ’ਚ ਹਾਜ਼ਰ ਹਜ਼ਾਰਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਨੇਤਾ ਨੇ ਵੱਖ-ਵੱਖ ਮੁੱਦਿਆਂ ਜਿਵੇਂ ਪੈਟਰੋਲ ਦੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਆਦਿ ਨੂੰ ਲੈ ਕੇ ਪ੍ਰਧਾਨ ਮੰਤਰੀ ’ਤੇ ਹਮਲਾ ਕਰਦਿਆਂ ਕਥਿਤ ਦੋਸ਼ ਲਾਇਆ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਕਿਸਾਨਾਂ ਦੀ ਆਵਾਜ਼ ਨੂੰ ਨਹੀਂ ਸੁਣ ਰਹੇ ਕਿਉਂਕਿ ਉਨ੍ਹਾਂ ਦੀ ਰਾਜਨੀਤੀ ਸਿਰਫ਼ ਉਨ੍ਹਾਂ (ਪ੍ਰਧਾਨ ਮੰਤਰੀ) ਅਤੇ ਉਨ੍ਹਾਂ ਦੇ ਅਰਬਪਤੀ ਮਿੱਤਰਾਂ ਦੁਆਲੇ ਕੇਂਦਰਤ ਹੈ।
ਉਨ੍ਹਾਂ ਕਿਹਾ, ‘ਪੁਰਾਣੀਆਂ ਕਹਾਣੀਆਂ ’ਚ ਹੰਕਾਰੀ ਰਾਜੇ ਹੁੰਦੇ ਸਨ, ਜਿਵੇਂ-ਜਿਵੇਂ ਉਨ੍ਹਾਂ ਦੀ ਸੱਤਾ ਵਧਦੀ ਜਾਂਦੀ ਸੀ, ਉਹ ਆਪਣੇ ਮਹਿਲਾਂ ’ਚ ਸਿਮਟਦੇ ਜਾਂਦੇ ਸਨ। ਲੋਕ ਉਨ੍ਹਾਂ ਸਾਹਮਣੇ ਸੱਚ ਕਹਿਣ ਤੋਂ ਡਰਨ ਲੱਗਦੇ ਸਨ। ਅਜਿਹਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਵੀ ਉਨ੍ਹਾਂ ਹੰਕਾਰੀ ਰਾਜਿਆਂ ਵਰਗੇ ਹੀ ਬਣ ਗਏ ਹਨ।’ ਪ੍ਰਿਯੰਕਾ ਗਾਂਧੀ ਨੇ ਦਾਅਵਾ ਕੀਤਾ ਕਿ ਨਵੇਂ ਖੇਤੀ ਕਾਨੂੰਨਾਂ ਨਾਲ ‘ਸਰਕਾਰੀ ਮੰਡੀਆਂ’ ਤੇ ਐੱਮਐੱਸਪੀ ਖਤਮ ਹੋ ਜਾਣਗੇ।