ਆਮ ਪਰਿਵਾਰ ‘ਚੋਂ ਖਾਸ਼ ਸ਼ਖਸ਼ੀਅਤ ਬਣਦੀ ਜਾ ਰਹੀ ਲੇਖਿਕਾ- ਗੁਲਾਫਸਾ ਬੇਗਮ

(ਸਮਾਜ ਵੀਕਲੀ)

ਸ਼ਹਿਰ ਸੁਨਾਮ ਦੀ ਛਿੰਦੀ-ਬਾਸ਼ਿੰਦੀ ‘ਗੁਲਾਫਸਾ ਬੇਗਮ’ ਦਾ ਜਨਮ 12 ਦਸੰਬਰ 1994 ਨੂੰ ਸੁਨਾਮ(ਉੱਧਮ ਸਿੰਘ ਵਾਲਾ) ਸ਼ਹਿਰ ਵਿਖੇ ਪਿਤਾ ਮਰਹੂਮ ਰਮਜਾਨ ਮੁਹੰਮਦ ਦੇ ਘਰ ਮਾਤਾ ਚਰਾਗ ਬੀਬੀ ਦੀ ਕੁੱਖੋਂ ਹੋਇਆ।ਆਪਣੀ ਕਵਿਤਾ “ਕਾਮਿਆਂ ਦੀ ਪ੍ਰਭਾਤ ” ਨਾਲ ਲੋਕ ਮਨਾਂ ਤੱਕ ਪਹੁੰਚਣ ਵਾਲ਼ੀ ਕਵਿਤਰੀ ਹੈ ਗੁਲਾਫਸਾ ਬੇਗਮ ਉਸਦੀ ਇਸ ਰਚਨਾ ਦੇ ਬੋਲ ਹਨ:-

ਕਾਮਿਆਂ ਦੀ ਪ੍ਰਭਾਤ

1. ਕਦੋਂ ਮੁੱਕਣਾ ਏ ਜਿੰਦ ਨਾਲੋਂ ਪੀੜ ਦਾ ਯਰਾਨਾ?
ਸਾਡੀ ਜ਼ਿੰਦਗੀ ‘ਚੋਂ ਦੁੱਖ ਕਦੋਂ ਹੋਣਗੇ ਰਵਾਨਾ?
ਕਦੋਂ ਸ਼ਮਾਂ ਨੂੰ ਹੋਊਗਾ ਪਰਵਾਨ ਪਰਵਾਨਾ?
ਸਾਡੇ ਖ਼ੂਨ ਤੇ ਪਸੀਨਿਆਂ ਦਾ ਮੁੱਲ ਕੌਣ ਪਾਊ ?
ਦੱਸ ਕਾਮਿਆਂ ਦੀ ਰੱਬਾ ਪ੍ਰਭਾਤ ਕਦੋੰ ਆਊ?

2. ਸਾਡੇ ਕੱਚੀਆਂ ਕੰਧਾਂ ‘ਤੇ ਕਦੋਂ ਪੈਣਗੇ ਚੁਬਾਰੇ,
ਸਾਨੂੰ ਕਰਦੇ ਮਖੌਲਾਂ ਬੈਠੇ ਅੰਬਰਾਂ ‘ਤੇ ਤਾਰੇ,
ਭੁੱਖੇ ਢਿੱਡ ਤਾਈਂ ਅਸੀਂ ਗੰਢਾਂ ਮਾਰ-ਮਾਰ ਹਾਰੇ,
ਕਦੋਂ ਵਿਹੜੇ ਸਾਡੇ ਖੁੱਲ੍ਹਾ ਕੋਈ ਅੰਨ ਵਰਤਾਊ ?
ਦੱਸ ਕਾਮਿਆਂ ਦੀ ਰੱਬਾ ਪ੍ਰਭਾਤ ਕਦੋਂ ਆਊ ?

3. ਸਾਡੇ ਸਿਰ ਉੱਤੇ ਛਾਇਆ ਰਹਿੰਦਾ ਸਦਾ ਹੀ ਹਨੇਰਾ,
ਹਾਲੇ ਸੁੰਞੀਆਂ ਨੇ ਸ਼ਾਮਾਂ ਅਤੇ ਸੁੰਞਾਂ ਹੈ ਸਵੇਰਾ,
ਸਾਡਾ ਚੰਮ ਪਿੰਜ-ਪਿੰਜ ਰਾਠ ਵੇਖਦੇ ਨੇ ਜ਼ੇਰਾ,
ਕਦੋਂ ਤੱਕ ਕੋਈ ਗ਼ਰੀਬੀ-ਰੱਤ ਆਪਣੀ ਪਿਆਊ ?
ਦੱਸ ਕਾਮਿਆਂ ਦੀ ਰੱਬਾ ਪ੍ਰਭਾਤ ਕਦੋਂ ਆਊ?

4. ਸਾਡੇ ਨੱਕ ਵਿਚ ਪਾਈ ਜੋ ਗ਼ਰੀਬੀ ਦੀ ਨਕੇਲ ,
ਵਧੀ ਯੁੱਗਾਂ ਤੋਂ ਹੀ ਜਾਵੇ ਜਿਵੇਂ ਅਮਰ ਦੀ ਵੇਲ,
ਅਟੱਲ ਹੈ ਸਚਾਈ ਕਹਿੰਦੇ ਕਰਮਾਂ ਦੇ ਖੇਲ੍ਹ,
ਕੌਣ ਕਰਮਾਂ ਦੇ ਚੰਦਰੇ ਏ ਲੇਖ ਜੋ ਮਿਟਾਊ ?
ਦੱਸ ਕਾਮਿਆਂ ਦੀ ਰੱਬਾ ਪ੍ਰਭਾਤ ਕਦੋਂ ਆਊ ?

5. ਜਦੋਂ ਕੰਮ ਲਈ ਨਿਕਲਾਂ ਮੈਂ ਘਰ ਵਿੱਚੋਂ ਬਾਹਰ ,
ਆਣ ਘੇਰਦੀ ਹੈ ਮੈਨੂੰ ਕਾਲੇ-ਕਾਵਾਂ ਵਾਲੀ ਡਾਰ,
ਇਹ ਪੈਸੇ ਦੀ ਤਾਂ ਤਿੱਖੀ ਤਲਵਾਰ ਤੋਂ ਵੀ ਧਾਰ,
ਕੌਣ ਦੱਸ ਸਾਨੂੰ ਇਸ ਕਾਲ ਤੋਂ ਬਚਾਊ?
ਦੱਸ ਕਾਮਿਆਂ ਦੀ ਰੱਬਾ ਪ੍ਰਭਾਤ ਕਦੋਂ ਆਊ?

6. ਲੋਕੀ ਨਿੱਤ ਨੇ ਵਹਾਂਉਂਦੇ ਇੱਥੇ ਖੂਨ ਤੇ ਪਸੀਨੇ ,
ਜਦ ਮਿਲਦੇ ਨੀਂ ਹੱਕ ਅੱਗ ਬਲਦੀ ਹੈ ਸੀਨੇ,
ਕਦਮ ਯੁੱਗ-ਪਲਟਾਊ ਕਦੋਂ ਪੁੱਟੇ ਨਹੀਂ ਕੀਹਨੇ ?
‘ਗੁਲਾਫਸਾ’ ਤਾਂ ਸਦਾ ਕੌੜਾ ਸੱਚ ਹੀ ਸੁਣਾਊ,
ਦੱਸ ਕਾਮਿਆਂ ਦੀ ਰੱਬਾ ਪ੍ਰਭਾਤ ਕਦੋਂ ਆਊ?

ਆਪਣੇ ਸ਼ਹਿਰ ਵਿੱਚ ਹਿੰਦੂ ਸਭਾ ਕਾਲਜ ਫਾਰ ਵੁਮੈਨ ਵਿੱਚ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਕਰਨ ਉਪਰੰਤ ਸ਼ਿਵਮ ਕਾਲਜ(ਖੋਖਰ) ਵਿੱਚ ਬੀ.ਐਡ. ਅਤੇ ਰਣਬੀਰ ਕਾਲਜ(ਸੰਗਰੂਰ) ਤੋਂ ਐੱਮ.ਏ.ਅੰਗਰੇਜ਼ੀ ਦੀ ਪੜ੍ਹਾਈ ਕੀਤੀ। ਪੰਜਾਬ ਅਤੇ ਕੇਂਦਰੀ ਪੱਧਰ ਦੇ ਇਮਤਿਹਾਨ ਸਰ ਕੀਤੇ। ਅੱਜ-ਕੱਲ੍ਹ ਡਬਲ ਐੱਮ.ਏ. ਦੀ ਪੜ੍ਹਾਈ ਜਾਰੀ ਹੈ। ਗੁਲਾਫਸਾ ਨੂੰ ਸਾਹਿਤ ਪੜ੍ਹਨ ਦੀ ਚੇਟਕ ਬੀ.ਐਡ. ਦੌਰਾਨ ਕਾਲਜ ਵਿਖੇ ਲੱਗੀ। ਇਸ ਸਮੇਂ ਤੋਂ ਹੀ ਉਹਨਾਂ ਨੇ ਲਿਖਣਾ ਆਰੰਭ ਕੇ ਕਾਲਜ-ਮੈਗਜ਼ੀਨ ਵਿੱਚ ਛਪਵਾਉਣਾ ਸ਼ੁਰੂ ਕਰ ਦਿੱਤਾ।

ਇੱਕ ਮੁਲਾਕਾਤ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਲਿਖਣ ਦਾ ਸ਼ੌਂਕ ਬਚਪਨ ਤੋਂ ਸੀ ਪ੍ਰੰਤੂ ਇਸ ਸਫ਼ਰ ਦੀ ਸਹੀ ਸ਼ੁਰੂਆਤ ਉਹਨਾਂ ਦੀ ਬੀ.ਐੱਡ. ਦੀ ਪੜਾਈ ਦੌਰਾਨ ਹੋਈ।ਇਸ ਤੋਂ ਪਹਿਲਾ ਸਕੂਲ ਅਤੇ ਕਾਲਜ ਦੇ ਸਟੇਜ ਉੱਤੇ ਮੰਚ ਸੰਚਾਲਕ ਦਾ ਅਨੁਭਵ ਉਹ ਕਰ ਚੁੱਕੇ ਸਨ।ਉਹਨਾਂ ਨੇ ਕਾਲਜ ਦੌਰਾਨ ਵੱਖ ਵੱਖ ਮੁਕਾਬਲਿਆਂ ਵਿੱਚ ਵੀ ਭਾਗ ਲਿਆ ਅਤੇ ਜਿਲ੍ਹਾ ਅਤੇ ਰਾਜ ਪੱਧਰੀ ਮੁਕਾਬਲੇ ਸਰ ਕੀਤੇ। ਉਹਨਾਂ ਨੇ ਆਪਣੀ ਪਹਿਲੀ ਕਵਿਤਾ ਦੀ ਮੰਚ ਪੇਸ਼ਕਾਰੀ ਅਕਾਲ ਕਾਲਜ ਮਸਤੂਆਣਾ ਸਾਹਿਬ ਵਿਖੇ ਕੀਤੀ ਸੀ।ਉਦੋਂ ਤੋਂ ਇਹ ਸਫ਼ਰ ਕੁਝ ਇਸ ਤਰਾਂ ਸ਼ੁਰੂ ਹੋਇਆ ਜੋ ਹੁਣ ਤੱਕ ਚੱਲ ਰਿਹਾ ਹੈ।

ਉਹ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਦੇ ਸਾਹਿਤ ਦੀ ਖੂਬ ਜਾਣਕਾਰੀ ਰੱਖਦੇ ਹਨ। ਗੁਲਾਫਸਾ ਆਲ ਇੰਡੀਆ ਲੈਵਲ ਰਜਿਸਟਰਡ ਸੰਸਥਾ ‘ਰਾਸ਼ਟਰੀ ਮਹਿਲਾ ਕਾਵਿ-ਮੰਚ ਵਿੱਚ ਜਿਲ੍ਹਾ ‘ਸੰਗਰੂਰ’ ਇਕਾਈ ਵਿੱਚੋਂ ਉਪ-ਪ੍ਰਧਾਨ ਵਜੋਂ ਸੇਵਾ ਨਿਭਾ ਰਹੀ ਹੈ। ਵਿਸ਼ਵ ਪੰਜਾਬੀ ਨਾਰੀ ਸਾਹਿਤਕ-ਮੰਚ ਦੇ ਮੀਡੀਆ ਇੰਚਾਰਜ ਵਜੋਂ ਆਪਣਾ ਯੋਗਦਾਨ ਪਾ ਰਹੀ ਹੈ। ਗੁਲਾਫਸਾ ਨੈਸ਼ਨਲ ਅਤੇ ਇੰਟਰਨੈਸ਼ਨਲ ਸਾਹਿਤਿਕ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋ ਚੁਕੀ ਹੈ।ਪੰਜਾਬੀ ਲਿਖਾਰੀ ਸਭਾ ਸਿਆਟਲ (ਅਮਰੀਕਾ) ਦੇ ਕਵੀ ਦਰਬਾਰ ‘ਕੂਜਾਂ ਦੀ ਪ੍ਰਵਾਜ਼’ ਵਿੱਚ ਵੀ ਸ਼ਾਮਿਲ ਹੋ ਚੁੱਕੀ ਹੈ।

ਪਾਕਿਸਤਾਨੀ ਮੁਸ਼ਾਇਰਿਆਂ (ਸਾਂਝੀ ਬੈਠਕ ਪੰਜਾਬ ਦੀ ‘ਲਹਿੰਦਾ ਪੰਜਾਬ ਪਾਕਿਸਤਾਨ’) ਵਿੱਚ ਵੀ ਆਪਣੀਆਂ ਲਿਖਤਾਂ ਨਾਲ ਖ਼ੂਬ ਰੰਗ ਵਿਖੇਰਨ ਵਾਲੀ ਇਸ ਕਵਿੱਤਰੀ ਨੇ ਕਈ ਕਿਤਾਬਾਂ ਦੇ ਰੀਵਿਊ ਵੀ ਲਿਖੇ ਹਨ। ਸਾਹਿਤ ਦੀਆਂ ਸਰਗਰਮੀਆਂ ਜ਼ਾਰੀ ਰੱਖਦੇ ਹੋਏ ਸਮੇਂ ਸਮੇਂ ‘ਤੇ ਸਾਹਿਤ ਸਭਾਵਾਂ ਦਾ ਆਯੋਜਨ ਵੀ ਕਰ ਰਹੀ ਹੈ।

“ਚਿੜੀਆਂ ਦੇ ਕੋਮਲ ਮਾਸ ਨੂੰ ਜੋ ਟੁੱਕ-ਟੁੱਕ ਖਾਂਦੇ ,
ਨਾਚ ਨੰਗਾ ਜੋ ਗਲ਼ੀ ਮੁਹੱਲੇ ਨਿੱਤ ਨਚਾਂਦੇ ,
ਪਾ ਕੇ ਭਗਵਾਂ ਬਾਣਾ ਸਾਊ ਬਣ-ਬਣ ਜਾਂਦੇ ,
ਇਹ ਕੈਸੇ ਦੱਲ੍ਹੇ ਨੇ ?
ਲਾਹਨਤ ਓਹਨਾ ਨਸਲਾਂ ‘ਤੇ, ਜੋ ਇਤਿਹਾਸ ਆਪਣੇ ਨੂੰ ਭੁੱਲੇ ਨੇ।

ਗੁਲਾਫਸਾ ਦੀਆਂ ਰਚਨਾਵਾਂ ਜਗਬਾਣੀ, ਪੰਜਾਬੀ ਟ੍ਰਿਬਿਊਨ ਆਨਲਾਈਨ ਅਤੇ ਹੋਰ ਅਖਬਾਰਾਂ ਦੋਆਬਾ ਐਕਸਪ੍ਰੈਸ,ਡੇਲੀ ਹਮਦਰਦ, ਸਾਂਝੀ ਸੋਚ, ਪ੍ਰੀਤਨਾਮਾ, ਗੋਲ੍ਡ ਸਟਾਰ, ਲਿਸ਼ਕਾਰਾ ਟਾਈਮਜ਼, ਸਰਗਰਮ ਨਿਊਜ਼, ਪੰਜਾਬ ਨਾਓ ਟੀਵੀ, ਖ਼ਬਰ ਵਿਸ਼ੇਸ਼, ਨਿਊਜ਼ ਵੀਕਲੀ, ਟਰਾਲੀ ਟਾਈਮਜ਼, ਵਿਰਾਸਤ, ਵਰਲਡ ਪੰਜਾਬੀ ਟਾਈਮਜ਼, ਪਹਿਰੇਦਾਰ ਟਰਾਲੀ ਟਾਈਮਜ਼ ਅਤੇ ਹੋਰ ਦੇਸ਼ ਵਿਦੇਸ਼ ਦੇ ਅਖਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ।

ਗੁਲਾਫਸਾ ਵਿਸ਼ਵ ਪ੍ਰਸਿੱਧ ਪੰਜਾਬੀ ਮੈਗਜ਼ੀਨ “ਵਰੇਆਮ “ਦੇ ਫਰਵਰੀ 2021ਦੇ ਅੰਕ ਵਿੱਚ ਵੀ ਹਾਜ਼ਰੀ ਲਗਵਾ ਚੁੱਕੀ ਹੈ ਜਿਸ ਵਿੱਚ ਉਹਨਾਂ ਦੀ ਰਚਨਾ “ਨਵੇਂ ਵਰ੍ਹੇ ਦਿਆ ਸੂਰਜਾ” ਨੂੰ ਸੰਪਾਦਕ ਰਾਜਵੰਤ ਕੌਰ ਜੀ ਨੇ ਕੋਟ ਕਰਕੇ ਲਿਖਿਆ ਹੈ। ਇਸ ਤੋਂ ਇਲਾਵਾ ਗੁਲਾਫਸਾ ਦੋਮਾਹੀ ਛਪਦੇ ਮੈਗਜ਼ੀਨ “ਅਦਬੀ ਰਾਹਾਂ”ਵਿੱਚ ਵੀ ਵਾਰਤਕ ਲੇਖ ਲਿਖ ਚੁੱਕੀ ਹੈ।ਬਰਨਾਲਾ ਤੋਂ ਛਪਦੇ ਮੈਗਜ਼ੀਨ “ਮਿਹਨਤ ਦਾ ਫਲ”ਵਿੱਚ ਵੀ ਕਵਿਤਰੀ ਦੀਆਂ ਰਚਨਾਵਾਂ ਸ਼ਾਮਿਲ ਹੋ ਚੁਕੀਆਂ ਹਨ। ਪਟਿਆਲੇ ਤੋਂ ਔਨਲਾਈਨ ਮੈਗਜ਼ੀਨ “ਹਰਫ਼ਨਾਮਾ”ਵਿੱਚ ਵੀ ਗੁਲਾਫਸਾ ਦੀਆਂ ਲਿਖਤਾਂ ਸ਼ਾਮਿਲ ਹਨ। ਆਪਣੀਆਂ ਲਿਖਤਾਂ ਨਾਲ ਖੂਬ ਰੰਗ ਬਿਖੇਰਨ ਵਾਲ਼ੀ ਇਸ ਲੇਖਿਕਾ ਦੀਆਂ ਰਚਨਾਵਾਂ 7 ਸਾਂਝੇ ਕਾਵਿ ਸੰਗ੍ਰਹਿ ਵਿੱਚ ਦਰਜ ਹਨ ਜਿਹਨਾਂ ਦਾ ਵੇਰਵਾ ਇਸ ਤਰਾਂ ਹੈ :-

1.ਵਾਰਤਾਲਾਪ
2. ਨਵੀਆਂ ਪੈੜਾਂ
3. ਸੋ ਕਿਉਂ ਮੰਦਾ
ਆਖਿਐ
4. ਜਗਦੇ ਦੀਵੇ
5. ਮਿੱਟੀ ਦੇ ਬੋਲ
6. ਜਦੋਂ ਔਰਤ ਸ਼ਾਇਰ ਹੁੰਦੀ ਹੈ
7. ਲੱਪ ਕੁ ਚਾਨਣ

ਉਪਰੋਕਤ ਕਿਤਾਬਾਂ ਵਿੱਚੋਂ ਕੁਝ ਕਿਤਾਬਾਂ ਛਪ ਚੁਕੀਆਂ ਹਨ ਅਤੇ ਕੁਝ ਛਪਾਈ ਅਧੀਨ ਹਨ। ਗੁਲਾਫਸਾ ਕਵਿਤਾ, ਗੀਤ, ਲੇਖ ਅਤੇ ਆਰਟੀਕਲ ਲਿਖਦੀ ਹੈ |ਗੁਲਾਫਸਾ ਜੀਵਨ ਅਤੇ ਸਮਾਜ ਦੇ ਹਰ ਪੱਖ ਬਾਰੇ ਲਿਖਦੀ ਹੈ ਉਸਦੀ ਇੱਕ ਕਵਿਤਾ ਦੀਆਂ ਕੁਝ ਸਤਰਾਂ ਹਨ

“ਸੁੰਨ ਨੇ ਜਦ ਸੁੰਨ-ਸਮਾਧੀ ਹੁਕਮ ਇਲਾਹੀ ਸੁਣਿਆ,
ਕੋਰੇ-ਕਾਗਜ਼ ਚਿਤ ‘ਤੇ, ਨਕਸ਼ ਚੰਦਰਮਾ ਖੁਣਿਆ,
ਨਿਰਭਉ,ਨਿਰੰਕਾਰ, ਨਿਰਵੈਰ ਕੁਦਰਤ ਸਵਾਮੀ ਚੁਣਿਆ,
ਜਲ,ਥਲ,ਕਾਲ,ਸੁਹਜ,ਪ੍ਰੇਮ ਤਾਣਾ-ਬਾਣਾ ਬੁਣਿਆ।

ਵੱਖ-ਵੱਖ ਸਮਿਆਂ ‘ਤੇ ਇਲਾਕੇ ਭਰ ਦੇ ਕਵੀ ਦਰਬਾਰਾਂ ਅਤੇ ਸਾਹਿਤਕ ਸਰਗਰਮੀਆਂ ਵਿੱਚ ਹਿੱਸਾ ਪਾਉਂਦੀ ਹੈ। ਅੰਗਰੇਜ਼ੀ, ਪੰਜਾਬੀ ਦੇ ਨਾਲ ਨਾਲ ਉਰਦੂ ਦੀ ਜਾਣਕਾਰੀ ਰੱਖਦੇ ਹੋਏ ਗੁਲਾਫਸਾ ਨੇ ਕੁਰਆਨ-ਮਜੀਦ ਦੇ ਸੂਰਤ ਅਲ ਫਾਤਿਹਾ ਦੀਆਂ ਆਇਤਾਂ ਅਤੇ ਜਪੁਜੀ ਸਾਹਿਬ ਦਾ ਅੰਤਰ-ਸੰਵਾਦ ਰਚਾ ਕੇ ਆਪਣੇ ਗਹਿਰੇ ਚਿੰਤਨ ਦਾ ਸਬੂਤ ਦਿੱਤਾ ਹੈ।

ਉਸਦੀ ਇੱਕ ਹੋਰ ਕਵਿਤਾ ਦੇ ਬੋਲ ਇਸ ਤਰਾਂ ਹਨ
“ਸਾਨੂੰ ਸਾਡੀ ਦੁਨੀਆਂ ਚ ਜੀ ਲੈਣਦੇ,
ਘੁੱਟ ਕੌੜੇ ਸਹੀ ਹਾਲਾਤਾਂ ਵਾਲੇ ਪਰ ਪੀ ਲੈਣਦੇ,
ਝੱਲ ਨਹੀਓ ਹੋਣੀ ਸਾਥੋਂ ਧੋਖਿਆਂ ਦੀ ਠੰਡ,
ਸਾਨੂੰ ਕੱਲਤਾ ਦੀ ਤਪਸ਼ ਚ ਹੀ ਰਹਿਣਦੇ।

ਨਾਰੀ ਹੋਣ ਦੇ ਨਾਤੇ ਉਹ ਭਵਿੱਖ ਵਿੱਚ ਘੱਟੋ-ਘੱਟ ਤੀਹ ਨਾਰੀ-ਲੇਖਿਕਾਵਾਂ ਦੀਆਂ ਕਿਤਾਬਾਂ ਉੱਪਰ ਆਲੋਚਨਾਤਮਕ-ਆਰਟੀਕਲ ਲਿਖ ਕੇ ਪੰਜਾਬੀ ਸਾਹਿਤ ਨੂੰ ਹੋਰ ਵੀ ਭਰਪੂਰ-ਦੇਣ ਦੇਣ ਜਾ ਰਹੇ ਹਨ। ਇਹ ਸਾਰੀਆਂ ਮਾਣਮੱਤੀਆਂ ਪ੍ਰਾਪਤੀਆਂ ਦਾ ਖਿਤਾਬ ਉਹ ਆਪਣੀ ਮਾਂ ਚਿਰਾਗ ਬੀਬੀ ਮੈਡਮ ਨਿਰਮਲ ਕੌਰ ਕੋਟਲਾ, ਪ੍ਰੋ. ਦਿਨੇਸ਼ ਸ਼ਰਮਾ ਅਤੇ ਲੇਖਕ ਕੁਲਦੀਪ ਨਿਆਜ਼ ਸਮੇਤ ਆਪਣੇ ਪਰਿਵਾਰ ਦੀ ਝੋਲ਼ੀ ਪਾਉਂਦੀ ਹੈ।

“ਨਵੇਂ ਵਰ੍ਹੇ ਦਿਆ ਸੂਰਜਾ”

ਨਵੇਂ ਵਰ੍ਹੇ ਦਿਆ ਸੂਰਜਾ ਮੇਰੀ ਇੱਕ ਖਵਾਹਿਸ਼ ਹੈ,
ਹੱਕ ਸੱਚ ਲਈ ਮੱਘਦਾ ਰਹੀਂ ਇੱਕੋ ਇੱਕ ਫਰਮਾਇਸ਼ ਹੈ।

ਪੀੜਾਂ ਤਾਂ ਪੀੜ੍ਹੀ ਦਰ ਪੀੜ੍ਹੀ ਵਿੱਚ ਵਿਰਾਸਤ ਮਿਲਦੀਆਂ ਨੇ,
ਦਰਦਾਂ ਦੇ ਸੰਗ ਜੀਣ ਵਾਲੀਆਂ ਕਲੀਆਂ ਵਿਹੜੇ ਖਿਲਦੀਆਂ ਨੇ।
ਸੇਕ ਤੇਰੇ ਦੇ ਵਿੱਚੋਂ ਹੁੰਦੀ ਕੁੱਲ ਦੁਨੀਆਂ ਦੀ ਪੈਦਾਇਸ਼ ਹੈ।
ਨਵੇਂ ਵਰ੍ਹੇ ਦਿਆ ਸੂਰਜਾ ………।

ਬੁੱਢੀ ਬਿਰਧ ਅਵਸਥਾ ਨੂੰ ਤੂੰ ਪੋਹ ਦੀ ਨਿੱਘੀ ਧੁੱਪ ਦੇਵੀਂ,
ਕੋਈਂ ਵੀ ਭੁੱਖਾ ਨਾ ਸੌਂਵੇ ਹਰ ਇੱਕ ਨੂੰ ਰੋਟੀ ਟੁੱਕ ਦੇਵੀਂ,
ਭੁੱਖੇ ਪੇਟ ਦੀ ਖਾਤਰ ਹੁੰਦੀ ਦੇਹਾਂ ਦੀ ਅਜ਼ਮਾਇਸ਼ ਹੈ।
ਨਵੇਂ ਵਰ੍ਹੇ ਦਿਆ ਸੂਰਜਾ ……..।

ਕਿਸੇ ਵੀ ਬਾਲ ਨਿਆਣੇ ਦੇ ਤੂੰ ਮਾਂ ਬਾਪ ਨਾ ਜੁਦਾ ਕਰੀਂ,
ਧੀਆਂ ਦੇ ਵੀ ਸ਼ਗਨ ਮਨਾਵਣ ਐਸਾ ਕੰਮ ਕੋਈ ਖ਼ੁਦਾ ਕਰੀਂ।
ਧੀਆਂ ਦੀ ਲੋਹੜੀ ਦੀ ਜੋ ਚੱਲੀ ਨਵੀਂ ਰਵਾਇਤ ਹੈ।
ਨਵੇਂ ਵਰ੍ਹੇ ਦਿਆ ਸੂਰਜਾ ……..।

ਜਾਵੀਂ ਵੇ ਸੂਰਜਾ ਤੂੰ ਗ਼ਰੀਬਾਂ ਦੇ ਵੀ ਵਿਹੜੇ,
ਵੰਡ ਦੇਵੀਂ ਤੂੰ ਉੱਥੇ ਵੀ ਸਭ ਖ਼ੁਸ਼ੀਆਂ ਤੇ ਖੇੜੇ।
ਜਿੱਥੇ ਬਚੀ ਨਾ ਜੀਵਨ ਜਿਉਣ ਦੀ ਗੁੰਜਾਇਸ਼ ਹੈ।
ਨਵੇਂ ਵਰ੍ਹੇ ਦਿਆ ਸੂਰਜਾ ਮੇਰੀ ਇੱਕ ਖਵਾਹਿਸ਼ ਹੈ,

ਹੱਕ ਸੱਚ ਲਈ ਮੱਘਦਾ ਰਹੀਂ ਇੱਕੋ ਇੱਕ ਫਰਮਾਇਸ਼ ਹੈ। ਮੁਸਲਿਮ ਪਰਿਵਾਰ ਵਿੱਚ ਪੈਦਾ ਹੋਈ ਇਹ ਭੈਣ ਕਿਸੇ ਧਰਮ ਨੂੰ ਨਹੀਂ ਇਨਸਾਨੀਅਤ ਨੂੰ ਪੂਜਦੀ ਹੈ।ਸਾਡਾ ਪੰਜਾਬੀ ਵਿਰਸਾ ਤੇ ਪਹਿਰਾਵਾ ਕੀ ਹੈ ਤੇ ਬਾਬਾ ਨਾਨਕ ਨੇ ਸਾਨੂੰ ਕੀ ਦੱਸਿਆ ਹੈ ਇਸ ਦੀ ਕਲਮ ਹਮੇਸ਼ਾ ਉਸ ਦੀ ਪਹਿਰੇਦਾਰੀ ਕਰਦੀ ਹੈ।ਮੈਂ ਆਨਲਾਈਨ ਇਸ ਦੀ ਇਕ ਰਚਨਾ ਪੜ੍ਹੀ ਦਿਲ ਨੂੰ ਛੂਹ ਗਈ ਮੈਂ ਇਸ ਨੂੰ ਫੋਨ ਕੀਤਾ,ਮੈਂ ਹੈਰਾਨ ਰਹਿ ਗਿਆ ਸੱਸਰੀਕਾਲ ਸਲਾਮ ਤੋਂ ਬਾਅਦ ਇਸ ਨੇ ਮੈਨੂੰ ਬਾਈ ਜੀ ਕਹਿ ਕੇ ਸੰਬੋਧਨ ਕੀਤਾ ਫਿਰ ਆਪਾਂ ਕਿਵੇਂ ਮੰਨ ਲਈਏ ਕਿ ਸਾਡਾ ਪੰਜਾਬੀ ਵਿਰਸਾ ਸਾਡਾ ਸੱਭਿਆਚਾਰ ਕਿਤੇ ਜਾ ਰਿਹਾ ਹੈ।

ਆਪਣੀਆਂ ਰਚਨਾਵਾਂ ਰਾਹੀਂ ਸਾਡੇ ਪੰਜਾਬੀ ਵਿਰਸੇ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਇਸ ਦਾ ਮੁੱਖ ਮੁੱਦਾ ਹੈ।ਨਵੀਂ ਪੀਡ਼੍ਹੀ ਨੂੰ ਵੀ ਬੀਬਾ ਜੀ ਜੋੜਦੇ ਹਨ। ਮੈਨੂੰ ਮਾਣ ਹੈ ਅੰਮ੍ਰਿਤਾ ਪ੍ਰੀਤਮ,ਅਜੀਤ ਕੌਰ ਤੇ ਦਲੀਪ ਕੌਰ ਟਿਵਾਣਾ ਦੀ ਕਲਮ ਇਸ ਭੈਣ ਨੇ ਫੜ ਲਈ ਹੈ।ਮੈਂ ਆਸ ਕਰਦਾ ਹਾਂ ਇਸੇ ਤਰ੍ਹਾਂ ਬੀਬਾ ਜੀ ਜੇ ਮਿਹਨਤ ਕਰਦੇ ਰਹੇ,ਜਦੋਂ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਪਹਿਲੇ ਪੰਨੇ ਤੇ ਬੀਬਾ ਜੀ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਉਕਰਿਆ ਜਾਵੇਗਾ।

ਆਮੀਨ

ਰਮੇਸ਼ਵਰ ਸਿੰਘ

ਸੰਪਰਕ ਨੰਬਰ -9914880392

Previous articleਸਕੂਲ ਮੁਖੀ ਨਿਰਭੈ ਸਿੰਘ ਦੀ ਸੋਚ ਅਤੇ ਅਣਥੱਕ ਯਤਨਾਂ ਨੇ ਬਦਲੀ ਭੂੰਦੜ ਸਕੂਲ ਦੀ ਦਿੱਖ .
Next articleਮਹਿੰਗਾਈ ਦੀ ਅੱਗ